ਪ੍ਰਧਾਨ ਮੰਤਰੀ ਜੀ! ਜੇ ਸਿੱਖਾਂ ਦੇ ਨੇੜੇ ਹੋਣਾ ਚਾਹੁੰਦੇ ਹੋ ਤਾਂ ਸਿੱਖ ਬੰਦੀਆਂ ਨੂੰ ਰਿਹਾਅ ਕਰੋ 

ਏਜੰਸੀ

ਖ਼ਬਰਾਂ, ਪੰਜਾਬ

ਪ੍ਰਧਾਨ ਮੰਤਰੀ ਜੀ! ਜੇ ਸਿੱਖਾਂ ਦੇ ਨੇੜੇ ਹੋਣਾ ਚਾਹੁੰਦੇ ਹੋ ਤਾਂ ਸਿੱਖ ਬੰਦੀਆਂ ਨੂੰ ਰਿਹਾਅ ਕਰੋ 

image

ਸਿੱਖ ਬੰਦੀਆਂ ਦੀ ਰਿਹਾਈ ਦਾ ਮੋਰਚਾ 6ਵੇਂ ਦਿਨ ਦਾਖ਼ਲ, ਚੌਵੀ ਘੰਟੇ ਹੈ ਸੀ ਆਰ ਪੀ ਦਾ ਪਹਿਰਾ

ਨਵੀਂ ਦਿੱਲੀ, 5 ਅਗੱਸਤ (ਅਮਨਦੀਪ ਸਿੰਘ) : ਸਿੱਖ ਬੰਦੀਆਂ ਦੀ ਰਿਹਾਈ ਲਈ ਲੱਗੇ ਹੋਏ ਮੋਰਚੇ ਵਿਚ ਅੱਜ ਸ਼ਾਮਲ ਹੋਏ ਵੱਖ-ਵੱਖ ਨੁਮਾਇੰਦਿਆਂ ਨੇ ਭਾਰਤ ਸਰਕਾਰ ਨੂੰ ਸਿੱਖਾਂ ਦੀਆਂ ਕੁਰਬਾਨੀਆਂ ਦਾ ਚੇਤਾ ਕਰਵਾਉਂਦਿਆਂ ਸਿੱਖ ਬੰਦੀਆਂ ਨੂੰ ਰਿਹਾਅ ਕਰਨ ਦੀ ਮੰਗ ਦੁਹਰਾਈ। ਇਥੋਂ ਦੇ ਇਤਿਹਾਸਕ ਗੁਰਦਵਾਰਾ ਬੰਗਲਾ ਸਾਹਿਬ ਦੇ ਬਾਹਰਲੇ ਗਲਿਆਰੇ ਵਿਚ 31 ਜੁਲਾਈ ਨੂੰ ਸ਼ੁਰੂ ਹੋਇਆ ਮੋਰਚਾ ਅੱਜ 6 ਵੇਂ ਦਿਨ ਵਿਚ ਦਾਖ਼ਲ ਹੋ ਚੁਕਾ ਹੈ। ਚੌਵੀਂ ਘੰਟੇ ਸੀ ਆਰ ਪੀ ਦਾ ਪਹਿਰਾ ਵੀ ਲੱਗਾ ਹੋਇਆ ਹੈ। 
ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ (ਦਿੱਲੀ) ਦੇ ਨੁਮਾਇੰਦਿਆਂ,  ਸਾਬਕਾ ਆਪ ਵਿਧਾਇਕ ਸ. ਅਵਤਾਰ ਸਿੰਘ ਕਾਲਕਾ, ਦਿੱਲੀ ਕਮੇਟੀ ਦੇ ਸਾਬਕਾ ਮੈਂਬਰ ਸ. ਚਮਨ ਸਿੰਘ, ਸ. ਗੁਰਦੀਪ ਸਿੰਘ ਮਿੰਟੂ ਤੇ ਹੋਰਨਾਂ ਨੇ ਅੱਜ ਮੁੜ ਭਾਰਤ ਤੇ ਸੰਵਿਧਾਨ ਤੇ ਸਿੱਖ ਕੈਦੀਆਂ ਦੇ ਮਨੁੱਖੀ ਹੱਕਾਂ ਦਾ ਹਵਾਲਾ ਦੇ ਕੇ, ਸਿੱਖ ਬੰਦੀਆਂ ਦੀ ਰਿਹਾਈ ਦੀ ਮੰਗ ਕੀਤੀ। ਸਵੇਰ ਤੋਂ ਲੈ ਕੇ ਸ਼ਾਮ ਤਕ ਵੱਖ-ਵੱਖ ਜਣੇ ਮੋਰਚੇ ਵਿਚ ਆਉਂਦੇ ਜਾਂਦੇ ਰਹਿੰਦੇ ਹਨ। ਲੰਗਰ ਤੋਂ ਲੈ ਕੇ ਚਾਹ ਪਾਣੀ ਤਕ ਦਾ ਪ੍ਰਬੰਧ ਸੰਗਤ ਦੇ ਸਹਿਯੋਗ ਨਾਲ ਹੋ ਰਿਹਾ ਹੈ।
ਅਪਣੇ ਸੰਬੋਧਨ ’ਚ ਸ. ਕਾਲਕਾ ਨੇ ਕਿਹਾ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ! ਸਿੱਖ ਅਤਿਵਾਦੀ ਤੇ ਵੱਖਵਾਦੀ ਨਹੀਂ ਹਨ। ਇਹ ਦੇਸ਼ ਨੂੰ ਪਿਆਰ ਕਰਨ ਵਾਲੇ ਹਨ। ਜੇ ਤੁਸੀਂ ਸਿੱਖ ਬੰਦੀਆਂ ਦੀ ਰਿਹਾਈ ਕਰ ਦਿਉਗੇ ਤਾਂ ਤੁਹਾਨੂੰ ਯਾਦ ਕੀਤਾ ਜਾਵੇਗਾ। ਸਿੱਖ ਦੇਸ਼ ਲਈ ਲੜਨ ਮਰਨ ਲਈ ਤਿਆਰ ਰਹਿੰਦੇ ਹਨ, ਫਿਰ ਇਹ ਵਿਤਕਰਾ ਕਿਉਂ?”
ਸ. ਚਮਨ ਸਿੰਘ ਨੇ ਕਿਹਾ, “ਸਰਕਾਰਾਂ ਨੂੰ ਫ਼ਜ਼ੂਲ ਦਾ ਡਰ  ਹੈ ਕਿ ਜੇ ਬੰਦੀ ਸਿੰਘ ਜੇਲ੍ਹਾਂ ਤੋਂ ਬਾਹਰ ਆ ਗਏ ਤਾਂ ਮਾਹੌਲ ਖ਼ਰਾਬ ਹੋ ਜਾਵੇਗਾ, ਪਰ ਜੇਲ੍ਹਾਂ ਵਿਚ ਡੱਕੇ ਹੋਏ ਸਿੰਘਾਂ ਦਾ ਇਹ ਕਿਰਦਾਰ ਹੈ ਕਿ ਜੇਲ ਸੁਪਰਡੈਂਟ ਵੀ ਉਨ੍ਹਾਂ ਨੂੰ ਬਾਬਾ ਜੀ ਕਹਿ ਕੇ ਬੁਲਾਉਂਦੇ ਹਨ। 9 ਬੰਦੀਆਂ ਦੇ ਬਾਹਰ ਆਉਣ ਨਾਲ ਕੋਈ ਖ਼ਤਰਾ ਪੈਦਾ ਨਹੀਂ ਹੋਵੇਗਾ, ਸਗੋਂ ਸਮਾਜ ਸੁਰੱਖਿਅਤ ਹੋਵੇਗਾ।’’ ਸ. ਮਨਜੀਤ ਸਿੰਘ ਨੇ ਕਿਹਾ ਭਾਰਤ ਦੇ ਸੰਵਿਧਾਨ ਦੀ 
ਵਿਆਖਿਆ ਮੁਤਾਬਕ ਤਾਂ ਬੰਦੀ ਆਪਣੀਆਂ ਸਜ਼ਾਵਾਂ ਭੋਗ ਚੁਕੇ ਹਨ, ਹੁਣ ਇਨ੍ਹਾਂ ਦੀ ਰਿਹਾਈ ਹੋਣੀ ਚਾਹੀਦੀ ਹੈ।
ਦਿੱਲੀ ਗੁਰਦਵਾਰਾ ਕਮੇਟੀ ਨੂੰ ਕੀਤੀ ਤਾੜਨਾ:- 
ਜੇ ਬੰਦੀਆਂ ਦੀ ਰਿਹਾਈ ਲਈ ਸਹਿਯੋਗ  ਕਰ ਸਕਦੇ ਹੋ ਤਾਂ ਦੱਸੋ, ਐਵੇਂ ਸਾਡੇ ’ਤੇ  ਇਲਜ਼ਾਮ ਨਾ ਲਾਉ
ਅੰਮ੍ਰਿਤਸਰ ਵਿਖੇ ਦਿੱਲੀ ਕਮੇਟੀ ਦੀ ਸਰਾਂ ਵਿਚ ਕੀਤੀ ਪੱਤਰਕਾਰ ਮਿਲਣੀ ਮੌਕੇ ਦਿੱਲੀ ਕਮੇਟੀ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਵਲੋਂ ਸਿੱਖ ਬੰਦੀਆਂ ਦੀ ਰਿਹਾਈ ਮੋਰਚੇ ਪਿਛੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹੱਥ ਹੋਣ ਦੇ ਕੀਤੇ ਪ੍ਰਗਟਾਵੇ ’ਤੇ ਮੋਰਚੇ ਦੇ ਨੁਮਾਇੰਦੇ ਸ. ਗੁਰਦੀਪ ਸਿੰਘ ਮਿੰਟੂ ਨੇ ਕਮੇਟੀ ਪ੍ਰਧਾਨ ਦਾ ਨਾਂਅ ਲਏ ਬਿਨਾਂ  ਕਮੇਟੀ ਨੂੰ ਖ਼ਰੀਆਂ ਖ਼ਰੀਆਂ ਸੁਣਾਈਆਂ ਤੇ ਤਾੜਨਾ ਕੀਤੀ ਕਿ ਸਾਡੇ ਸਬਰ ਦਾ ਇਮਤਿਹਾਨ ਨਾ ਲਿਆ ਜਾਵੇ, ਨਹੀਂ ਤਾਂ ਜਵਾਬ ਤਾਂ ਸਾਨੂੰ ਵੀ ਬੜੇ ਦੇਣੇ ਆਉਂਦੇ ਹਨ।
ਸ. ਮਿੰਟੂ ਨੇ ਕਿਹਾ, “ਅਸੀਂ ਵਾਰ ਵਾਰ ਇਹੀ ਕਹਿੰਦੇ ਆ ਰਹੇ ਹਾਂ ਕਿ ਦਿੱਲੀ ਕਮੇਟੀ ਸਹਿਯੋਗ ਕਰ ਰਹੀ ਹੈ। ਪਰ  ਤੁਸੀਂ (ਹਰਮੀਤ ਸਿੰਘ ਕਾਲਕਾ) ਆਪਣੇ ਅੰਦਰ ਝਾਤ ਮਾਰੋ। ਤੁਸੀਂ ਕੀ ਕਰ ਰਹੇ ਹੋ। ਸਾਡੀ 7 ਮੈਂਬਰੀ ਕਮੇਟੀ ਸੰਗਤ ਵਿਚ ਜਾਗਰੂਕਤਾ ਲਿਆ ਰਹੀ ਹੈ। ਤੁਸੀਂ  ਇਲਜ਼ਾਮਬਾਜ਼ੀ ਕਰ ਕੇ ਕਿਸ ‘ਤੇ ਚਿੱਕੜ ਸੁੱਟ ਰਹੇ ਹੋ। ਬੰਦੀ ਸਿੰਘ ਸਾਡੀ ਕੌਮ ਦੇ ਹੀਰੇ ਹਨ, ਪਰ ਤੁਹਾਡੀ ਇਲਜ਼ਾਮ ਬਾਜ਼ੀ ਨਾਲ ਮਨ ਬੜਾ ਦੁੱਖੀ ਹੋਇਆ ਹੈ। ਸਾਨੂੰ ਕਿਸੇ ਪਾਰਟੀ ਨਾਲ ਜੋੜਨ ਦੀਆਂ ਹਰਕਤਾਂ ਨਾ ਕਰੋ। ਅਸੀਂ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਤੋਂ ਬੰਦੀਆਂ ਦੀ ਰਿਹਾਈ ਮੰਗ ਰਹੇ ਹਾਂ। ਜੇ ਤੁਸੀਂ ( ਹਰਮੀਤ ਸਿੰਘ ਕਾਲਕਾ) ਕੋਈ ਸਹਿਯੋਗ ਕਰ ਸਕਦੇ ਹੋ ਤਾਂ ਦੱਸੋ। ਐਵੇਂ ਇਲਜ਼ਾਮ ਨਾ ਲਾਉ।“ ਇਸ ਮੌਕੇ ਸ. ਗੁਰਦੀਪ ਸਿੰਘ ਮਲਹੋਤਾ, ਸ. ਗੁਰਪਾਲ ਸਿੰਘ, ਸ. ਦੀਦਾਰ ਸਿੰਘ ਤੇ ਹੋਰ ਵੀ ਸ਼ਾਮਲ ਹੋਏ।
ਨੋਟ: ਖ਼ਬਰ ਨਾਲ ਦਿੱਲੀ^ ਅਮਨਦੀਪ^ 5 ਅਗੱਸਤ^ ਫ਼ੋਟੋ ਫ਼ਾਈਲ ਨੰਬਰ 02 ਨੱਥੀ ਹੈ।
ਫ਼ੋਟੋ ਕੈਪਸ਼ਨ:- ਸਿੱਖ ਬੰਦੀਆਂ ਦੀ ਰਿਹਾਈ ਦੇ ਮੋਰਚੇ ਵਿਚ ਸੰਬੋਧਨ ਕਰਦੇ ਹੋਏ ਚਮਨ ਸਿੰਘ ।