ਪਟਿਆਲਾ ਵਿੱਚ ਨੌਜਵਾਨ ਨੂੰ ਟਾਰਚਰ ਕਰਨ ਦੇ ਮਾਮਲੇ 'ਚ ਇੰਸਪੈਕਟਰ ਅਤੇ ਏਐਸਆਈ ਮੁਅੱਤਲ
ਪੀੜਤ ਵਿਅਕਤੀ ਵੱਲੋਂ ਹਾਈ ਕੋਰਟ 'ਚ ਦਾਇਰ ਕੀਤੀ ਗਈ ਸੀ ਪਟੀਸ਼ਨ
Inspector and ASI suspended for torturing youth in Patiala : ਪਟਿਆਲਾ ’ਚ 26 ਜੂਨ ਨੂੰ ਦੋ ਨੌਜਵਾਨਾਂ ਨਾਲ ਮਾਰਕੁੱਟ ਕਰਨ ਅਤੇ ਉਨ੍ਹਾਂ ਨੂੰ ਥਰਡ ਡਿਗਰੀ ਟਾਰਚਰ ਕਰਨ ਦੇ ਮਾਮਲੇ ’ਚ ਪੰਜਾਬ-ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਇੰਸਪੈਕਟਰ ਯਸ਼ਪਾਲ ਸ਼ਰਮਾ ਅਤੇ ਏਐਸਆਈ ਬਲਬੀਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਉਨ੍ਹਾਂ ਖ਼ਿਲਾਫ਼ ਥਾਣਾ ਘੱਗਾ ’ਚ ਕੇਸ ਵੀ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਰਹੀ ਹੈ।
ਘੱਗਾ ਦੇ ਵਾਰਡ ਨੰਬਰ 6 ਦੀ ਵਸਨੀਕ ਵਰਿੰਦਰ ਕੌਰ ਨੇ ਸ਼ਿਕਾਇਤ ਦਰਜ ਕਰਵਾਈ ਸੀ, ਕਿ ਹਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ 26 ਜੂਨ ਨੂੰ ਉਸ ਦੀ ਕੁੱਟਮਾਰ ਕੀਤੀ ਸੀ। ਪੁਲਿਸ ਨੇ 10 ਜੁਲਾਈ ਨੂੰ ਦੋਵਾਂ ਖ਼ਿਲਾਫ਼ ਐਫਆਈਆਰ ਨੰਬਰ 67 ਦਰਜ ਕੀਤੀ ਸੀ। ਵਰਿੰਦਰ ਕੌਰ ਨੇ ਦੋਸ਼ ਲਗਾਇਆ ਸੀ ਕਿ ਦੋਵੇਂ ਨੌਜਵਾਨਾਂ ਨੇ ਉਸਨੂੰ ਉਸਦੀ ਜ਼ਮੀਨ ਵਾਹੁਣ ਤੋਂ ਰੋਕਿਆ ਅਤੇ ਉਸਦੀ ਕੁੱਟਮਾਰ ਕੀਤੀ। ਮਾਮਲਾ ਦਰਜ ਹੋਣ ਤੋਂ ਬਾਅਦ ਪੁਲਿਸ ਨੇ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ।
ਹਰਪ੍ਰੀਤ ਸਿੰਘ ਨੇ ਪੁਲਿਸ ’ਤੇ ਉਸਨੂੰ ਥਰਡ ਡਿਗਰੀ ਦੇਣ ਅਤੇ ਪੁਲਿਸ ਸਟੇਸ਼ਨ ਵਿੱਚ ਬਿਜਲੀ ਦੇ ਝਟਕੇ ਦੇਣ ਦਾ ਆਰੋਪ ਲਗਾਇਆ ਸੀ। ਹਰਪ੍ਰੀਤ ਸਿੰਘ ਦੀ ਡਾਕਟਰੀ ਜਾਂਚ ਦੌਰਾਨ ਹਮਲੇ ਦੀ ਰਿਪੋਰਟ ਆਈ ਸੀ, ਜਿਸ ਤੋਂ ਬਾਅਦ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ। ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ, ਤਤਕਾਲੀ ਐਸਆਈ ਯਸ਼ਪਾਲ ਸ਼ਰਮਾ ਅਤੇ ਏਐਸਆਈ ਬਲਵੀਰ ਸਿੰਘ ਵਿਰੁੱਧ ਕੇਸ ਦਰਜ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਤੋਂ ਬਾਅਦ, ਐਸਐਸਪੀ ਨੇ ਦੋਵਾਂ ਮੁਲਾਜ਼ਮਾਂ ਵਿਰੁੱਧ ਕਾਰਵਾਈ ਕੀਤੀ।