ਟਕਸਾਲੀ ਅਕਾਲੀ ਆਗੂ ਨੇ ਅਕਾਲੀ ਦਲ ਨੂੰ ਆਖਿਆ ਅਲਵਿਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਧਾਨ ਸਭਾ 'ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰੀਪੋਰਟ ਸਬੰਧੀ ਚਲੀ ਬਹਿਸ ਤੋਂ ਬਾਅਦ ਛਿੜੀ ਚਰਚਾ ਨੂੰ ਠੱਲ੍ਹ ਪਾਉਣ ਲਈ ਭਾਵੇਂ.............

Talking to journalists Taksali Akali leader Jathedar Makhan Singh Nangal and his fellow

ਕੋਟਕਪੂਰਾ  : ਪੰਜਾਬ ਵਿਧਾਨ ਸਭਾ 'ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰੀਪੋਰਟ ਸਬੰਧੀ ਚਲੀ ਬਹਿਸ ਤੋਂ ਬਾਅਦ ਛਿੜੀ ਚਰਚਾ ਨੂੰ ਠੱਲ੍ਹ ਪਾਉਣ ਲਈ ਭਾਵੇਂ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਇਕ ਤੋਂ ਵੱਧ ਨਿਜੀ ਟੀਵੀ ਚੈਨਲਾਂ 'ਤੇ ਇੰਟਰਵਿਊ ਦੇਖਣ ਅਤੇ ਸੁਣਨ ਨੂੰ ਮਿਲੀ ਪਰ ਟਕਸਾਲੀ ਅਕਾਲੀਆਂ ਦੇ ਮਨਾਂ ਵਿਚਲਾ ਗੁੱਸਾ ਹੁਣ ਬਾਹਰ ਆਉਣਾ ਸ਼ੁਰੂ ਹੋ ਗਿਆ ਹੈ। 

ਅੱਜ ਟਕਸਾਲੀ ਅਕਾਲੀ ਆਗੂ ਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਮੱਖਣ ਸਿੰਘ ਨੰਗਲ ਨੇ ਅਪਣੇ ਗ੍ਰਹਿ ਵਿਖੇ ਬੁਲਾਈ ਪ੍ਰੈਸ ਕਾਨਫ਼ਰੰਸ ਦੌਰਾਨ ਜਿਥੇ ਅਕਾਲੀ ਦਲ ਬਾਦਲ ਦੇ ਪਹਿਲੀ ਕਤਾਰ ਦੇ ਆਗੂਆਂ ਵਲੋਂ ਟਕਸਾਲੀ ਅਕਾਲੀਆਂ ਅਰਥਾਤ ਵਫ਼ਾਦਾਰੀ ਨਿਭਾਉਣ ਵਾਲਿਆਂ ਨੂੰ ਜ਼ਲੀਲ ਕਰਨ ਅਤੇ ਪਾਰਟੀ ਦੀ ਪਿੱਠ 'ਚ ਛੁਰਾ ਮਾਰਨ ਵਾਲੇ ਗ਼ਦਾਰਾਂ ਤੇ ਦਲ ਬਦਲੂਆਂ ਨੂੰ ਚੇਅਰਮੈਨੀਆਂ ਤੇ ਹੋਰ ਅਹੁਦੇਦਾਰੀਆਂ ਦੇਣ ਦਾ ਅੰਕੜਿਆਂ ਸਹਿਤ ਵਖਿਆਣ ਕਰਦਿਆਂ ਅਕਾਲੀ ਦਲ ਨੂੰ ਅਲਵਿਦਾ ਕਹਿਣ ਦਾ ਐਲਾਨ ਕੀਤਾ, ਉਥੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਨੂੰ ਵੀ ਬਿਲਕੁਲ ਠੀਕ ਅਤੇ ਦਰੁਸਤ ਦਸਿਆ।

ਜਥੇਦਾਰ ਨੰਗਲ ਅਕਾਲੀ ਦਲ ਬਾਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪੀਏਸੀ ਦੇ ਮੈਂਬਰ ਸਨ। ਜਥੇਦਾਰ ਨੰਗਲ ਦੇ ਨਾਲ ਪਿੰਡ ਧੂੜਕੋਟ ਤੋਂ ਲੋਕਲ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਟਕਸਾਲੀ ਅਕਾਲੀ ਆਗੂ ਹਰਫੂਲ ਸਿੰਘ ਗਿੱਲ ਅਤੇ ਮਾਰਕੀਟ ਕਮੇਟੀ ਜੈਤੋ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਔਲਖ ਵੀ ਹਾਜ਼ਰ ਸਨ। ਜਥੇਦਾਰ ਨੰਗਲ ਵਲੋਂ ਜਦੋਂ ਉਕਤ ਵਖਿਆਣ ਕੀਤਾ ਜਾ ਰਿਹਾ ਸੀ ਤਾਂ ਉਹ ਇਕ ਤੋਂ ਵੱਧ ਵਾਰ ਭਾਵੁਕ ਹੋ ਗਿਆ, ਗੱਚ ਭਰ ਆਇਆ ਤੇ ਅਕਾਲੀ ਦਲ ਦੀ ਬਿਹਤਰੀ ਲਈ ਅਪਣੇ ਦਾਦਾ, ਨਾਨਾ, ਪਿਤਾ, ਚਾਚਾ ਅਤੇ ਖ਼ੁਦ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਦਸਿਆ

ਕਿ ਉਨ੍ਹਾਂ ਦੀ ਤੀਜੀ ਪੀੜ੍ਹੀ ਵੀ ਅਕਾਲੀ ਦਲ ਦੀ ਵਫ਼ਾਦਾਰ ਹੈ, ਉਸ ਦੇ ਪੁਰਖ਼ਿਆਂ ਵਲੋਂ ਦੇਸ਼ ਦੀ ਅਜ਼ਾਦੀ ਤੋਂ ਪਹਿਲਾਂ ਅਤੇ ਬਾਅਦ 'ਚ ਪਾਰਟੀ ਲਈ ਜੇਲਾਂ ਕੱਟੀਆਂ, ਮੁਸ਼ਕਲਾਂ, ਸਮੱਸਿਆਵਾਂ ਅਤੇ ਚੁਨੌਤੀਆਂ ਦਾ ਸਾਹਮਣਾ ਕੀਤਾ ਪਰ ਪਾਰਟੀ ਦੇ ਗ਼ਦਾਰਾਂ ਅਤੇ ਦਲ ਬਦਲੂਆਂ ਦੇ ਕਹਿਣ 'ਤੇ ਉਸ ਦੇ ਪਰਵਾਰ ਨੂੰ ਬਹੁਤ ਜ਼ਲੀਲ ਕੀਤਾ ਗਿਆ, ਦਾੜ੍ਹੀਆਂ ਪੁਟਵਾਈਆਂ ਗਈਆਂ, ਰੋਲਿਆ ਗਿਆ

ਪਰ ਅੱਜ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ 'ਚ ਉਹ ਚੁੱਪ ਨਹੀਂ ਰਹਿ ਸਕਦੇ ਜਿਸ ਕਰ ਕੇ ਇਹ ਐਲਾਨ ਕਰਨਾ ਜ਼ਰੂਰੀ ਹੋ ਗਿਆ ਹੈ ਕਿ ਜਦੋਂ ਤਕ ਪੁਰਾਣਾ ਸ਼੍ਰ੍ਰੋਮਣੀ ਅਕਾਲੀ ਦਲ ਬਹਾਲ ਨਹੀਂ ਹੋ ਜਾਂਦਾ, ਉਦੋਂ ਤਕ ਉਹ ਪਾਰਟੀ ਦੀਆਂ ਸਰਗਰਮੀਆਂ ਤੋਂ ਲਾਂਭੇ ਰਹਿਣਗੇ ਪਰ ਧਾਰਮਕ ਅਤੇ ਸਮਾਜ ਸੇਵੀ ਕੰਮਾਂ 'ਚ ਉਨ੍ਹਾਂ ਦੀ ਸ਼ਮੂਲੀਅਤ ਬਰਕਰਾਰ ਰਹੇਗੀ।