ਅਪਣੀਆਂ ਨਾਕਾਮੀਆਂ ਲੁਕਾਉਣ ਲਈ 'ਆਪ' 'ਤੇ ਬੇਤੁਕੇ ਦੋਸ਼ ਨਾ ਲਗਾਉਣ ਕੈਪਟਨ ਅਮਰਿੰਦਰ ਸਿੰਘ : ਆਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਪਣੀਆਂ ਨਾਕਾਮੀਆਂ ਲੁਕਾਉਣ ਲਈ 'ਆਪ' 'ਤੇ ਬੇਤੁਕੇ ਦੋਸ਼ ਨਾ ਲਗਾਉਣ ਕੈਪਟਨ ਅਮਰਿੰਦਰ ਸਿੰਘ : ਆਪ

image

ਚੰਡੀਗੜ੍ਹ, 6 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਦੁਬਾਰਾ ਫਿਰ ਪਲਟਵਾਰ ਕਰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਹਾ ਕਿ ਕੋਰੋਨਾ ਵਿਰੁਧ ਲੜਾਈ ਵਿਚ ਸੂਬਾ ਸਰਕਾਰ ਪੂਰੀ ਤਰ੍ਹਾਂ ਫ਼ੇਲ੍ਹ ਹੋ ਗਈ ਹੈ ਅਤੇ ਅਪਣੀਆਂ ਨਾਕਾਮੀਆਂ 'ਤੇ ਪਰਦਾ ਪਾਉਣ ਲਈ ਮੁੱਖ ਮੰਤਰੀ ਆਮ ਆਦਮੀ ਪਾਰਟੀ ਉਤੇ ਬੇਤੁਕੇ ਅਤੇ ਬੇਬੁਨਿਆਦ ਦੋਸ਼ ਲਗਾ ਰਹੇ ਹਨ।

image


ਕੈਪਟਨ ਅਮਰਿੰਦਰ ਸਿੰਘ ਦੀ ਬੁਖ਼ਲਾਹਟ ਭਰੀ ਅਜਿਹੀ ਬੇਤੁਕੀ ਬਿਆਨਬਾਜ਼ੀ ਨਾ ਕੇਵਲ ਮੰਦਭਾਗੀ ਹੈ, ਸਗੋਂ ਕੋਰੋਨਾ ਵਿਰੁਧ ਲੜੀ ਜਾਣ ਵਾਲੀ ਲੜਾਈ ਨੂੰ ਖੰਡਤ ਕਰਦੀ ਹੈ।  ਪਾਰਟੀ ਹੈੱਡਕੁਆਰਟਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ, ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ,  ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਜੈ ਸਿੰਘ ਰੋੜੀ, ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ ਅਤੇ ਮਾਸਟਰ ਬਲਦੇਵ ਸਿੰਘ (ਸਾਰੇ ਵਿਧਾਇਕ) ਨੇ ਕਿਹਾ ਕਿ ਕੋਰੋਨਾ ਦੇ ਮਰੀਜ਼ਾਂ ਅਤੇ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।  ਕੋਰੋਨਾ ਨਾਲ ਮੌਤਾਂ ਦੀ ਦਰ ਵਿਚ ਪੰਜਾਬ ਦੇਸ਼ ਭਰ ਵਿਚੋਂ ਤੀਜੇ ਸਥਾਨ 'ਤੇ ਆ ਗਿਆ ਹੈ। ਇਕ ਜ਼ਿੰਮੇਵਾਰ ਅਤੇ ਸੰਵੇਦਨਸ਼ੀਲ ਸਰਕਾਰ ਵਾਂਗ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਸਾਰੀਆਂ ਵਿਰੋਧੀ ਧਿਰਾਂ, ਸਮਾਜਕ ਅਤੇ ਧਾਰਮਕ ਸੰਗਠਨਾਂ/ਜਥੇਬੰਦੀਆਂ ਨੂੰ ਨਾਲ ਲੈ ਕੇ ਪੂਰੀ ਤਾਕਤ ਨਾਲ ਲੋਕਾਂ ਵਿਚ ਉਤਰਨ ਅਤੇ ਅਪਣੇ ਫ਼ਲਾਪ ਹੋ ਚੁਕੇ 'ਮਿਸ਼ਨ ਫ਼ਤਿਹ' ਨੂੰ ਕਾਮਯਾਬ ਕਰਨ।  


'ਆਪ' ਆਗੂਆਂ ਨੇ ਬੇਕਾਬੂ ਹੋਏ ਕੋਰੋਨਾ ਕਾਰਨ ਮਰ ਰਹੇ ਲੋਕਾਂ ਦਾ ਵਾਸਤਾ ਪਾਉਂਦਿਆਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ 'ਫ਼ਾਰਮ ਹਾਊਸ' ਛੱਡ ਕੇ ਲੋਕਾਂ ਵਿਚ ਵਿਚਰਨ ਅਤੇ ਅਪਣੇ ਸਰਕਾਰੀ ਹਸਪਤਾਲਾਂ/ਕੋਰੋਨਾ ਕੇਅਰ  ਸੈਂਟਰਾਂ ਦਾ ਅੱਖੀਂ ਹਾਲ ਦੇਖਣ।  ਜੇਕਰ ਐਨਾ ਵੀ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਅਪਣੇ ਸ਼ੁਤਰਾਣਾ ਤੋਂ ਕਾਂਗਰਸੀ ਵਿਧਾਇਕ ਨਿਰਮਲ ਸਿੰਘ ਕੋਲੋਂ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਕੋਰੋਨਾ ਕੇਅਰ  ਸੈਂਟਰ ਦੀ ਦੁਰਦਸ਼ਾ ਜਾਣ ਲੈਣ ਕਿਉਂਕਿ ਕੋਰੋਨਾ ਪਾਜ਼ੇਟਿਵ ਨਿਰਮਲ ਸਿੰਘ ਨੂੰ ਸਰਕਾਰੀ ਹਸਪਤਾਲ ਦੀ ਤਰਸਯੋਗ ਹਾਲਤ ਦੇਖ ਕੇ ਪ੍ਰਾਈਵੇਟ ਹਸਪਤਾਲ ਵਿਚ ਹੀ ਇਲਾਜ ਕਰਾਉਣ ਨੂੰ ਤਰਜੀਹ ਦੇਣੀ ਪਈ।