ਕੋਵਿਡ-19 ਦੀ ਕੋਈ ਵੀ ਵੈਕਸੀਨ 50 ਫ਼ੀ ਸਦੀ ਤੋਂ ਵੱਧ ਅਸਰਦਾਰ ਨਹੀਂ : ਡਬਲਿਊ.ਐਚ.ਓ.

ਏਜੰਸੀ

ਖ਼ਬਰਾਂ, ਪੰਜਾਬ

ਕੋਵਿਡ-19 ਦੀ ਕੋਈ ਵੀ ਵੈਕਸੀਨ 50 ਫ਼ੀ ਸਦੀ ਤੋਂ ਵੱਧ ਅਸਰਦਾਰ ਨਹੀਂ : ਡਬਲਿਊ.ਐਚ.ਓ.

IMAGE

ਜਿਨੇਵਾ, 6 ਸਤੰਬਰ : ਕੋਰੋਨ ਵਾਇਰਸ ਲਾਗ ਕਾਰਨ ਬਣੇ ਹਾਲਾਤ ਦੇ ਮੱਦੇਨਜ਼ਰ ਦੁਨੀਆਂ ਭਰ 'ਚ ਕੋਵਿਡ-19 ਵੈਕਸੀਨ ਬਣਾਉਣ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਇਨ੍ਹਾਂ 'ਚੋਂ ਬਹੁਤ ਸਾਰੇ ਦੇਸ਼ਾਂ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਕੋਰੋਨਾ ਵੈਕਸੀਨ ਪ੍ਰੀਖਣ ਦੇ ਆਖ਼ਰੀ ਪੜਾਅ 'ਚ ਹੈ। ਹਾਲਾਂਕਿ, ਇਨ੍ਹਾਂ ਸਾਰੀਆਂ ਰੀਪੋਰਟਾਂ ਦੇ ਵਿਚਕਾਰ ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਨੇ ਕੋਰੋਨਾ ਵੈਕਸੀਨ ਬਾਰੇ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਡਬਲਿਊ.ਐਚ.ਓ. ਨੇ ਕਿਹਾ ਹੈ ਕਿ ਸਾਡੇ ਮਾਪਦੰਡਾਂ ਅਨੁਸਾਰ, ਕਲੀਨਿਕਲ ਪ੍ਰੀਖਣ ਦੇ ਤਕਨੀਕੀ ਪੜਾਅ 'ਤੇ ਪਹੁੰਚੀ ਕੋਈ ਵੀ ਵੈਕਸੀਨ ਕੋਰੋਨਾ ਵਾਇਰਸ ਦੇ ਉਤੇ 50 ਫ਼ੀ ਸਦੀ ਵੀ ਪ੍ਰਭਾਵਸ਼ਾਲੀ ਨਹੀਂ ਹੈ। ਸਿਰਫ਼ ਇਹ ਹੀ ਨਹੀਂ, ਇਸ ਅੰਤਰਰਾਸ਼ਟਰੀ ਸੰਗਠਨ ਨੇ ਇਹ ਵੀ ਕਿਹਾ ਕਿ ਸਾਨੂੰ ਉਮੀਦ ਨਹੀਂ ਕਿ ਅਗਲੇ ਸਾਲ ਯਾਨੀ 2021 ਤਕ ਵਿਸ਼ਵ ਦੇ ਸਾਰੇ ਲੋਕ ਵੈਕਸੀਨ ਦੀ ਖ਼ੁਰਾਕ ਲੈਣ ਦੇ ਯੋਗ ਹੋ ਜਾਣਗੇ। ਵਿਸ਼ਵ ਸਿਹਤ ਸੰਗਠਨ ਦੇ ਬੁਲਾਰੇ ਮਾਰਗਰੇਟ ਹੈਰਿਸ ਨੇ ਜਿਨੇਵਾ 'ਚ ਕਿਹਾ ਕਿ ਦੁਨੀਆਂ ਭਰ 'ਚ ਕੋਰੋਨਾ ਵਾਇਰਸ ਦੇ ਬਹੁਤ ਸਾਰੇ ਟੀਕੇ ਅਡਵਾਂਸ ਕਲੀਨਿਕਲ ਪੜਾਅ ਵਿਚ ਹਨ, ਹਾਲਾਂਕਿ, ਕਿਸੇ ਵੀ ਟੀਕੇ ਲਈ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਪੂਰੀ ਤਰ੍ਹਾਂ ਪ੍ਰਭਾਵਸ਼ਾਲੀ ਹਨ। ਉਨ੍ਹਾਂ ਕਿਹਾ ਕਿ ਅਸੀਂ ਅਗਲੇ ਸਾਲ ਦੇ ਮੱਧ ਤਕ ਵਿਆਪਕ ਟੀਕਾਕਰਨ ਦੀ ਉਮੀਦ ਨਹੀਂ ਕਰ ਰਹੇ ਹਾਂ। ਮਾਰਗਰੇਟ ਨੇ ਅੱਗੇ ਕਿਹਾ ਕਿ ਫੇਜ਼ 3 ਦੀ ਪ੍ਰੀਖਣ 'ਚ ਵਧੇਰੇ ਸਮਾਂ ਲੱਗ ਰਿਹਾ ਹੈ ਕਿਉਂਕਿ ਅਸੀਂ ਇਹ ਵੇਖਣਾ ਚਾਹੁੰਦੇ ਹਾਂ ਕਿ ਉਹ
ਟੀਕੇ ਦੇ ਕੋਰੋਨਾ ਵਿਰੁਧ ਕਿੰਨੀ ਸੁਰੱਖਿਆ ਪ੍ਰਦਾਨ ਕਰਦੀ ਹੈ ਅਤੇ ਇਸ ਦੇ ਕੋਈ ਮਾੜੇ ਪ੍ਰਭਾਵ ਤਾਂ ਨਹੀਂ ਹਨ।
ਜਾਰਜੀਆ ਯੂਨੀਵਰਸਿਟੀ 'ਚ ਵੈਕਸੀਨ ਅਤੇ ਇਮਿਊਨਲੋਜੀ ਸੈਂਟਰ ਦੇ ਡਾਇਰੈਕਟਰ, ਟੇਡ ਰਾਸ ਨੇ ਇਸ ਸੰਭਾਵਨਾ ਦਾ ਪ੍ਰਗਟਾਵਾ ਕੀਤਾ ਕਿ ਕੋਰੋਨਾ ਲਈ ਪਹਿਲੀ ਵੈਕਸੀਨ ਇੰਨੀ ਪ੍ਰਭਾਵਸ਼ਾਲੀ ਨਹੀਂ ਹੋ ਸਕਦੀ। ਟੇਡ ਰਾਸ ਕੋਰੋਨਾ ਵਾਇਰਸ ਦੇ ਟੀਕੇ 'ਤੇ ਵੀ ਕੰਮ ਕਰ ਰਿਹਾ ਹੈ ਜੋ ਕਿ 2021 ਵਿਚ ਕਲੀਨਿਕਲ ਪ੍ਰੀਖਣ ਦੇ ਪੜਾਅ 'ਤੇ ਜਾਵੇਗਾ। ਕੁਝ ਹੋਰ ਖੋਜਕਰਤਾਵਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਸਾਨੂੰ ਇਕੋ ਰਣਨੀਤੀ 'ਤੇ ਬਹੁਤ ਜ਼ਿਆਦਾ ਉਮੀਦਾਂ ਨਾਲ ਨਹੀਂ ਬੈਠਣਾ ਚਾਹੀਦਾ। ਦੁਨੀਆਂ ਭਰ ਦੀਆਂ ਲੈਬਾਂ 'ਚ 88 ਟੀਕੇ ਪ੍ਰੀ-ਕਲੀਨਿਕਲ ਪ੍ਰੀਖਣ ਪੜਾਅ ਵਿਚ ਹਨ। ਇਨ੍ਹਾਂ 'ਚੋਂ 67 ਵੈਕਸੀਨ ਨਿਰਮਾਤਾ 2021 ਦੇ ਅੰਤ 'ਚ ਪਹਿਲਾ ਕਲੀਨਿਕਲ ਪ੍ਰੀਖਣ ਸ਼ੁਰੂ ਕਰਨਗੇ। (ਏਜੰਸੀ)

ਕਿਹਾ, ਅਗਲੇ ਸਾਲ ਵੀ ਨਹੀਂ ਮਿਲੇਗੀ ਸੱਭ ਨੂੰ ਖ਼ੁਰਾਕ