ਬਠਿੰਡਾ 'ਚ ਯੂਥ ਅਕਾਲੀ ਆਗੂ ਦਾ ਗੋਲੀ ਮਾਰ ਕੇ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਠਿੰਡਾ 'ਚ ਯੂਥ ਅਕਾਲੀ ਆਗੂ ਦਾ ਗੋਲੀ ਮਾਰ ਕੇ ਕਤਲ

image

ਬਠਿੰਡਾ, 6 ਸਤੰਬਰ (ਸੁਖਜਿੰਦਰ ਮਾਨ) : ਬੀਤੀ ਰਾਤ ਸਥਾਨਕ ਸ਼ਹਿਰ ਨਾਲ ਸਬੰਧਤ ਇਕ ਯੂਥ ਅਕਾਲੀ ਆਗੂ ਦੀ ਉਸ ਦੇ ਹੀ ਪਿਸਤੌਲ ਨਾਲ ਗੋਲੀਆਂ ਮਾਰ ਕੇ ਕਤਲ ਕਰਨ ਦੀ ਸੂਚਨਾ ਹੈ। ਉਸ ਦੀ ਲਾਸ਼ ਰੇਲਵੇ ਸਟੇਸ਼ਨ ਦੇ ਨਜਦੀਕ ਪੋਖਰ ਮੱਲ ਦੀ ਕੰਟੀਨ ਕੋਲ ਸਥਿਤ ਝਾੜੀਆਂ ਵਿਚੋਂ ਬਰਾਮਦ ਹੋਈ ਹੈ। ਮ੍ਰਿਤਕ ਦੀ ਸ਼ਨਾਖ਼ਤ ਸੁਖਨ ਸਿੰਘ ਸੰਧੂ (22) ਪੁੱਤਰ ਗੁਰਵਿੰਦਰ ਸਿੰਘ ਸੰਧੂ ਵਜੋਂ ਹੋਈ ਹੈ। ਪ੍ਰਵਾਰ ਵਾਲਿਆਂ ਮੁਤਾਬਕ ਉਨ੍ਹਾਂ ਦੇ ਪੁੱਤਰ ਨੂੰ ਘਟਨਾ ਤੋਂ ਕੁੱਝ ਸਮਾਂ ਪਹਿਲਾਂ ਫ਼ੋਨ ਕਰ ਕੇ ਘਰੋਂ ਸੱਦਿਆ ਗਿਆ ਸੀ। ਮ੍ਰਿਤਕ ਨੌਜਵਾਨ ਅਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਉਹ ਹਾਲੇ ਤਕ ਅਣਵਿਆਹਿਆ ਸੀ।

image


   ਸੂਚਨਾ ਮੁਤਾਬਕ ਉਹ ਯੂਥ ਅਕਾਲੀ ਦਲ ਦਾ ਸਰਗਰਮ ਵਰਕਰ ਸੀ ਅਤੇ ਮੌਜੂਦਾ ਸਮੇਂ ਜ਼ਿਲ੍ਹਾ ਪ੍ਰਧਾਨਗੀ ਦਾ ਵੀ ਦਾਅਵੇਦਾਰ ਸੀ। ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਉਸ ਦੇ ਵਿਰੁਧ ਲਾਲ ਸਿੰਘ ਬਸਤੀ ਦੇ ਇਕ ਪੋਲਿੰਗ ਬੂਥ 'ਤੇ ਗੋਲੀਆਂ ਚਲਾਊਣ ਦਾ ਮਾਮਲਾ ਦਰਜ ਹੋਇਆ ਸੀ। ਉਧਰ ਕਤਲ ਦੀ ਘਟਨਾ ਦਾ ਪਤਾ ਲੱਗਦੇ ਹੀ ਥਾਣਾ ਕੈਨਾਲ ਦੇ ਮੁਖੀ ਚਮਕੌਰ ਸਿੰਘ ਬਰਾੜ, ਡੀਐਸਪੀ ਗੁਰਜੀਤ ਸਿੰਘ ਰੋਮਾਣਾ ਅਤੇ ਸੀਆਈਏ-1 ਤੇ 2 ਦੇ ਅਧਿਕਾਰੀ ਮੌਕੇ 'ਤੇ ਪੁੱਜੇ। ਫ਼ਿਲਹਾਲ ਕਾਤਲਾਂ ਦਾ ਪਤਾ ਨਹੀਂ ਚੱਲ ਸਕਿਆ ਹੈ ਤੇ ਪੁਲਿਸ ਨੇ ਮ੍ਰਿਤਕ ਦੇ ਪਿਤਾ ਗੁਰਵਿੰਦਰ ਸਿੰਘ ਸੰਧੂ ਦੇ ਬਿਆਨਾਂ ਉਪਰ ਅਣਪਛਾਤੇ ਕਾਤਲਾਂ ਵਿਰੁਧ ਕਤਲ ਦਾ ਪਰਚਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ।

image


   ਮ੍ਰਿਤਕ ਦੇ ਪ੍ਰਵਾਰ ਵਾਲਿਆਂ ਮੁਤਾਬਕ ਘਟਨਾ ਤੋਂ ਕੁੱਝ ਸਮਾਂ ਪਹਿਲਾਂ ਸੁਖਨ ਸੰਧੂ ਦੇ ਫ਼ੋਨ ਉਪਰ ਕਿਸੇ ਦਾ ਫ਼ੋਨ ਆਇਆ ਸੀ ਤੇ ਉਹ ਰਾਤ ਕਰੀਬ ਸਵਾ   9 ਵਜੇਂ ਇਹ ਕਹਿ ਕਿ ਘਰੋਂ 40 ਹਜ਼ਾਰ ਰੁਪਏ ਲੈ ਕੇ ਐਕਟਿਵਾ 'ਤੇ ਨਿਕਲਿਆ ਸੀ ਕਿ ਪੈਸੇ ਦੇ ਕੇ ਕੁੱਝ ਸਮੇਂ ਬਾਅਦ ਘਰ ਵਾਪਸ ਆਉਂਦਾ ਹੈ। ਪ੍ਰੰਤੂ ਕੁੱਝ ਹੀ ਸਮੇਂ ਬਾਅਦ ਉਸਦੇ ਕਤਲ ਹੋਣ ਦੀ ਸੂਚਨਾ ਮਿਲ ਗਈ। ਕਤਲ ਤੋਂ ਬਾਅਦ 40 ਹਜ਼ਾਰ ਰੁਪਏ ਗ਼ਾਇਬ ਸਨ ਜਦੋਂਕਿ ਮ੍ਰਿਤਕ ਦਾ ਮੋਬਾਈਲ ਫ਼ੋਨ ਅਤੇ ਗਲੇ ਵਿਚ ਪਾਈ ਸੋਨੇ ਦੀ ਚੈਨੀ ਮੌਜੂਦ ਸੀ, ਜਿਸ ਦੇ ਚਲਦੇ ਇਹ ਘਟਨਾ ਲੁੱਟ ਦੀ ਨਹੀਂ ਜਾਪਦੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮ੍ਰਿਤਕ ਦੇ ਕੋਲ ਆਈ ਫ਼ੋਨ ਸੀ ਤੇ ਉਸ ਦਾ ਲਾਕ ਨਾ ਖੁਲ੍ਹਣ ਕਾਰਨ ਹਾਲੇ ਤਕ ਸੱਦਣ ਵਾਲੇ ਵਿਅਕਤੀ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ। ਮਹੱਤਵਪੂਰਨ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਘਰੋਂ ਜਾਣ ਸਮੇਂ ਉਕਤ ਨੌਜਵਾਨ ਅਪਣੇ ਨਾਲ ਲਾਇਸੰਸੀ 32 ਬੋਰ ਪਿਸਤੌਲ ਵੀ ਲੈ ਕੇ ਨਿਕਲਿਆ ਸੀ ਅਤੇ ਜਿਸ ਗੋਲੀ ਨਾਲ ਕਤਲ ਹੋਣ ਦੀ ਸੰਕਾ ਹੈ, ਉਹ ਉਸ ਦੇ ਪਿਸਤੌਲ ਦੀ ਹੀ ਹੈ।  ਹਾਲਾਂਕਿ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਸਿਆਸੀ ਰੰਜਿਸ਼ ਤਹਿਤ ਅਪਣੇ ਪੁੱਤਰ ਦੇ ਕਤਲ ਹੋਣ ਦੇ ਦੋਸ਼ ਲਗਾਏ ਹਨ ਪ੍ਰੰਤੂ ਮਾਮਲੇ ਦੀ ਜਾਂਚ ਕਰ ਰਹੇ ਡੀਐਸੀਪੀ ਗੁਰਜੀਤ ਸਿੰਘ ਰੋਮਾਣਾ ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।