ਚੰਡੀਗੜ੍ਹ, 5 ਸਤੰਬਰ (ਜੀ.ਸੀ. ਭਾਰਦਵਾਜ): ਪੰਜਾਬ ਦੀ ਮੌਜੂਦਾ 15ਵੀਂ ਵਿਧਾਨ ਸਭਾ ਦਾ ਬੀਤੇ ਕਲ੍ਹ ਜਿਹੜਾ ਇਕ ਦਿਨਾ ਵਿਸ਼ੇਸ਼ ਇਜਲਾਸ 9ਵੇਂ ਗੁਰੂ ਨੂੰ ਸਮਰਪਿਤ ਇਥੇ ਬੁਲਾਇਆ ਗਿਆ ਸੀ, ਸਪੀਕਰ ਵਲੋਂ ਬਾਅਦ ਦੁਪਹਿਰ ਅਣਮਿਥੇ ਸਮੇਂ ਲਈ ਉਠਾਉਣ ਉਪਰੰਤ ਕਲ੍ਹ ਹੀ ਸ਼ਾਮ ਨੂੰ ਨਵੇਂ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਨੋਟੀਫ਼ੀਕੇਸ਼ਨ ਜਾਰੀ ਕਰ ਕੇ ਪਰੋ ਰੋਗ ਯਾਨੀ ਵਿਧੀਵੱਤ ਉਠਾ ਦਿਤਾ।
ਜਲਦੀ ਨਾਲ ਇਸ ਨੋਟੀਫ਼ੀਕੇਸ਼ਨ ਦੇ ਜਾਰੀ ਹੋਣ ਨਾਲ ਸੱਤਾਧਾਰੀ ਕਾਂਗਰਸ ਅੰਦਰੋਂ ਵਿਸ਼ੇਸ਼ ਤੌਰ ’ਤੇ ਪ੍ਰਧਾਨ ਨਵਜੋਤ ਸਿੱਧੂ ਅਤੇ ਵਿਰੋਧੀ ਧਿਰਾਂ ਅਕਾਲੀ ਦਲ ਤੇ ‘ਆਪ’ ਵਲੋਂ ਇਸ ਸੈਸ਼ਨ ਨੂੰ ਵਧਾਉਣ ਦੀ ਮੰਗ ਨੂੰ ਸਾਫ਼ ਤੌਰ ’ਤੇ ਮੁੱਖ ਮੰਤਰੀ ਤੇ ਉਸ ਦੀ ਸਰਕਾਰ ਨੇ ਠੁਕਰਾਅ ਦਿਤਾ ਹੈ। ਲੋਕ ਮੁੱਦਿਆਂ ਨੂੰ ਵਿਧਾਨ ਸਭਾ ਅੰਦਰ ਚਰਚਾ ਕਰਨ ਤੇ ਇਨ੍ਹਾਂ ਸਬੰਧੀ ਕੋਈ ਠੋਸ ਫ਼ੈਸਲਾ ਲੈਣ ਦੀ ਸੰਭਾਵਨਾ ਤੇ ਪੂਰੀ ਤਰ੍ਹਾਂ ਰੋਕ ਲੱਗ ਗਈ ਹੈ। ਸਿਆਸੀ ਦਲ ਚਾਹੇ ਕਾਂਗਰਸ, ਅਕਾਲੀ ਦਲ, ਬੀਜੇਪੀ, ਆਪ ਜਾਂ ਕੋਈ ਹੋਰ ਵੀ ਹੋਵੇ, ਸਮੇਂ ਸਮੇਂ ਮੁਤਾਬਕ ਜਦੋਂ ਸੱਤਾ ਵਿਚ ਹੋਵੇ ਸਰਕਾਰੀ ਨਿਯਮਾਂ ਜਾਂ ਪਿਰਤਾਂ ਨੂੰ ਅਪਣੀ ਮਰਜ਼ੀ ਨਾਲ ਤਰੋੜ ਮਰੋੜ ਲੈਂਦਾ ਹੈ ਅਤੇ ਲੋਕ ਹਿਤੈਸ਼ੀ ਮੁੱਦਿਆਂ ਉਪਰ ਚਰਚਾ ਬਹਿਸ ਕਰਵਾਉਣ ਤੋਂ ਬਚਦਾ ਹੈ ਅਤੇ ਸੈਸ਼ਨ ਦੀਆਂ ਬੈਠਕਾਂ ਘੱਟ ਤੋਂ ਘੱਟ ਕਰਦਾ ਹੈ।
ਰੋਜ਼ਾਨਾ ਸਪੋਕਸਮੈਨ ਵਲੋਂ ਵਿਧਾਨ ਸਭਾ ਬੈਠਕਾਂ ਦਾ ਪਿਛਲੇ 55 ਸਾਲਾਂ ਯਾਨੀ 1966 ਤੋਂ 2021 ਤਕ ਦਾ ਰੀਕਾਰਡ ਫਰੋਲਣ ਤੋਂ ਪਤਾ ਲੱਗਾ ਹੈ ਕਿ ਸਾਲ 1967 ਦੌਰਾਨ ਸੱਭ ਤੋਂ ਵੱਧ 42 ਬੈਠਕਾਂ ਹੋਈਆਂ ਜਿਨ੍ਹਾਂ ਵਿਚ ਬਜਟ ਸੈਸ਼ਨ 20 ਮਾਰਚ ਤੋਂ 26 ਮਈ ਤਕ 29 ਬੈਠਕਾਂ ਵਾਲਾ ਸੀ ਅਤੇ ਦੂਜੇ ਇਜਲਾਸ ਵਿਚ 13 ਬੈਠਕਾਂ 22 ਨਵੰਬਰ ਤੋਂ 19 ਦਸੰਬਰ ਤਕ ਕੀਤੀਆਂ ਗਈਆਂ। ਰੋਸ ਤੇ ਹੈਰਾਨੀ ਇਸ ਗੱਲ ਦੀ ਹੈ ਕਿ ਮੌਜੂਦਾ ਸਾਲ 2021 ਵਿਚ ਬਜਟ ਸੈਸ਼ਨ ਮਾਰਚ ਮਹੀਨੇ ਕੇਵਲ 10 ਬੈਠਕਾਂ ਵਿਚ ਨਿਬੇੜ ਦਿਤਾ ਅਤੇ ਬਾਅਦ ਵਿਚ 6 ਮਹੀਨੇ ਦਾ ਨਿਯਮ ਪੂਰਾ ਕਰਨ ਲਈ ਕੇਵਲ ਇਕ ਬੈਠਕ 3 ਸਤੰਬਰ ਨੂੰ ਕੀਤੀ ਯਾਨੀ ਸਾਰੇ ਸਾਲ ਵਿਚ ਕੁਲ 11 ਬੈਠਕਾਂ ਹੋਈਆਂ।
ਮੌਜੂਦਾ 15ਵੀਂ ਵਿਧਾਨ ਸਭਾ ਨੇ ਪਹਿਲੇ ਸਾਲ 2017 ਵਿਚ 3 ਇਜਲਾਸਾਂ ਵਿਚ ਕੁਲ 14 ਬੈਠਕਾਂ, ਅਗਲੇ ਸਾਲ ਵੀ 14, 2019 ਵਿਚ 15 ਬੈਠਕਾਂ, 2020 ਵਿਚ 3 ਸੈਸ਼ਨਾਂ ਕੇਵਲ 12 ਅਤੇ ਇਸ 2021 ਵਿਚ 2 ਇਜਲਾਸਾਂ ਵਿਚ ਹੁਣ ਸਿਰਫ਼ 11 ਬੈਠਕਾਂ ਹੀ ਕੀਤੀਆ ਜੋ ਰੀਕਾਰਡ ਮੁਤਾਬਕ ਸੱਭ ਤੋਂ ਘੱਟ ਹੈ। ਗੁਆਂਢੀ ਸੂਬੇ ਹਰਿਆਣਾ ਦੀ ਸਾਲਾਨਾ ਔਸਤ 25 ਬੈਠਕਾਂ, ਹਿਮਾਚਲ ਵਿਚ 30, ਰਾਜਸਥਾਨ ਵਿਧਾਨ ਸਭਾ ਦੀ 35 ਜਦੋਂ ਕਿ ਅਪਣੇ ਪੰਜਾਬ ਵਿਚ ਇਨ੍ਹਾਂ 5 ਸਾਲਾਂ ਦੀ ਔਸਤ, ਸੱਭ ਤੋਂ ਘੱਟ 12.5 ਬੈਠਕਾਂ ਦੀ ਆ ਰਹੀ ਹੈ। ਉਂਜ ਤਾਂ ਇਕ ਬੈਠਕ ਦਾ ਕੁਲ ਸਮਾਂ ਸਾਢੇ 4 ਘੰਟੇ ਨਿਰਧਾਰਤ ਹੁੰਦਾ ਹੈ ਪਰ ਸ਼ਰਧਾਂਜਲੀਆਂ ਵੇਲੇ ਬੈਠਕ 15 ਮਿੰਟਾਂ ਵਿਚ ਖ਼ਤਮ ਕਰ ਦਿਤੀ ਜਾਂਦੀ ਹੈ। ਇਸ ਤੋਂ ਰੌਲਾ ਰੱਪਾ, ਘੜਮੱਸ, ਨਾਹਰੇ, ਤੋਹਮਤਬਾਜ਼ੀ, ਹਾਊਸ ਅੰਦਰ ਧਰਨੇ, ਵਾਕਆਊਟ, ਬਾਈਕਾਟ ਸੁਰੱਖਿਆ ਗਾਰਡਾਂ ਤੇ ਮਾਰਸ਼ਲਾਂ ਨਾਲ ਉਲਝਣਾ, ਇਜਲਾਸ ਦੀ ਅਡਜਰਨਮੈਂਟ ਦਾ ਸਮਾਂ ਵਿਅਰਥ ਜੇ ਕੱਢ ਦੇਈਏ ਤਾਂ ਪੁਖ਼ਤਾ ਤੇ ਸਹੀ ਕੰਮ ਵਾਸਤੇ ਸਮਾਂ ਕੇਵਲ ਢਾਈ ਤੋਂ 3 ਘੰਟੇ ਰਹਿ
ਜਾਂਦਾ ਹੈ।
ਕਾਨੂੰਨਦਾਨਾਂ ਤੇ ਅੰਕੜਾ ਮਾਹਰਾਂ ਦਾ ਕਹਿਣਾ ਹੈ ਕਿ ਸਾਲ ਦੇ ਕੁਲ 8766 ਘੰਟਿਆਂ ਵਿਚੋਂ ਪੰਜਾਬ ਦਾ ਇਹ ਲੋਕ ਨੁਮਾਇੰਦਾ ਵਿਧਾਇਕ ਔਸਤਨ 12 ਬੈਠਕਾਂ ਵਿਚ ਹਾਜ਼ਰੀ ਭਰ ਕੇ ਸਾਲਾਨਾ 36 ਘੰਟੇ ਕੰਮ ਕਰਦਾ ਹੈ ਜਦੋਂ ਕਿ ਤਨਖ਼ਾਹ ਭੱਤੇ, ਸਫ਼ਰ ਕਰਨ ਦਾ ਟੀ.ਏ., ਡੀ.ਏ., ਮੈਡੀਕਲ ਫਲੈਟ ਤੇ ਹੋਰ ਸਹੂਲਤਾਂ ਮਿਲਾ ਕੇ ਸਾਲ ਵਿਚ 50 ਲੱਖ ਦੀ ਕਮਾਈ ਕਰਦਾ ਹੈ। ਲੋਕ ਹਿੱਤ ਮਾਮਲਿਆਂ ਦੀ ਚਰਚਾ ਕਰਨ ਦੇ ਬਹਾਨੇ, ਇਹ ਵਿਧਾਇਕ ਵਜ਼ੀਰ, 5 ਸਾਲਾਂ ਵਿਚ ਢਾਈ ਤੋਂ 3 ਕਰੋੜ ਦਾ ਭਾਰ, ਸਰਕਾਰੀ ਖ਼ਜ਼ਾਨੇ ’ਤੇ ਪਾਉਂਦਾ ਹੈ। ਇਸ ਤੋਂ ਇਲਾਵਾ ਸਾਰੀ ਉਮਰ ਲਈ ਇਕ ਟਰਮ ਦੀ ਪੈਨਸ਼ਨ 75-85000 ਰੁਪਏ ਮਹੀਨਾ ਲੈਣ ਦਾ ਹੱਕਦਾਰ ਵੀ ਬਣ ਜਾਂਦਾ ਹੈ।
ਚਾਰਟ ਨਾਲ ਹੈ
image