ਨਗਰ ਕੌਂਸਲ ਨੇ ਨਾ ਸੁਣੀ ਤਾਂ ਜ਼ੀਰਕਪੁਰ ਦੇ ਲੋਕਾਂ ਨੇ ਖੁਦ ਹੀ ਕਰਵਾਈ ਸੜਕ ਦੀ ਮੁਰੰਮਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੀਰਮੁਛੱਲਾ ’ਚ ਖਸਤਾ ਸੜਕ ਕਾਰਨ ਰੋਜ਼ਾਨਾ ਹਾਦਸੇ ਦਾ ਸ਼ਿਕਾਰ ਹੋ ਰਹੇ ਲੋਕ

People of Zirakpur repaired the road themselves

 

ਜ਼ੀਰਕਪੁਰ: ਸ਼ਹਿਰ ਦੇ ਪੀਰਮੁਛੱਲਾ ਇਲਾਕੇ ਵਿਚ ਸੜਕ ਦੀ ਖ਼ਸਤਾ ਹਾਲਤ ਤੋਂ ਪਰੇਸ਼ਾਨ ਹੋਏ ਲੋਕਾਂ ਨੇ ਖੁਦ ਹੀ ਸੜਕ ਦੀ ਮੁਰੰਮਤ ਕਰਵਾ ਦਿੱਤੀ। ਉਹਨਾਂ ਦਾ ਕਹਿਣਾ ਹੈ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਇੰਨੀ ਮਾੜੀ ਹੈ ਕਿ ਇਹਨਾਂ ’ਤੇ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ ਅਤੇ ਲੋਕ ਜ਼ਖ਼ਮੀ ਹੋ ਰਹੇ ਹਨ। ਸੱਟ ਲੱਗਣ ਤੋਂ ਬਾਅਦ ਹਸਪਤਾਲ 'ਚ ਇਲਾਜ ਦਾ ਖਰਚਾ ਵੀ ਲੋਕਾਂ ਨੂੰ ਭਰਨਾ ਪੈ ਰਿਹਾ ਹੈ।

ਸੋਮਵਾਰ ਨੂੰ ਪੰਚਕੂਲਾ ਸਿਟੀ ਹਾਈਟ ਦੇ ਲੋਕਾਂ ਨੇ ਸੜਕ ਦੇ ਟੋਇਆਂ ਨੂੰ ਭਰਨ ਲਈ ਆਪਣੇ ਤੌਰ 'ਤੇ ਪੈਚ ਵਰਕ ਲਈ ਸਮੱਗਰੀ ਖਰੀਦੀ, ਮਜ਼ਦੂਰਾਂ ਨੂੰ ਲਗਾਇਆ ਅਤੇ ਸੜਕ ਦੀ ਹਾਲਤ ਸੁਧਾਰਨ ਦੀ ਕੋਸ਼ਿਸ਼ ਕੀਤੀ। ਇੱਥੋਂ ਦੇ ਰਹਿਣ ਵਾਲੇ ਸੁਧੀਰ ਵਾਸੂਦੇਵਾ ਨੇ ਕਿਹਾ ਕਿ ਸਾਡੇ ਕੋਲ ਅਜਿਹਾ ਕਰਨ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਹੈ। ਜ਼ੀਰਕਪੁਰ ਨਗਰ ਕੌਂਸਲ ਨੂੰ ਕਈ ਵਾਰ ਕਹਿਣ ਦੇ ਬਾਵਜੂਦ ਸੜਕ ਦੀ ਮੁਰੰਮਤ ਦਾ ਕੰਮ ਨਹੀਂ ਕਰਵਾਇਆ ਗਿਆ। ਇਸ ਲਈ ਹੁਣ ਸਾਨੂੰ ਇਹ ਕੰਮ ਕਰਨਾ ਪਵੇਗਾ, ਸਿਰਫ਼ ਪੀਰਮੁਛੱਲਾ ਹੀ ਨਹੀਂ ਸਗੋਂ ਪੂਰੇ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਬਹੁਤ ਮਾੜੀ ਹੈ। ਇਸ ਤੋਂ ਜਨਤਾ ਕਾਫੀ ਨਿਰਾਸ਼ ਹੈ।  

ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਬਣੀਆਂ ਸੜਕਾਂ ਟੁੱਟ ਰਹੀਆਂ ਹਨ। ਠੇਕੇਦਾਰਾਂ ਨੇ ਆਪਣੀ ਮਰਜ਼ੀ ਦਾ ਸਾਮਾਨ ਪਾ ਦਿੱਤਾ। ਨਗਰ ਨਿਗਮ ਦੇ ਅਧਿਕਾਰੀਆਂ ਨੇ ਕਦੇ ਵੀ ਹਲਕੇ ਸਾਮਾਨ ਦੀ ਜਾਂਚ ਨਹੀਂ ਕੀਤੀ। ਕੌਂਸਲਰ ਧਰਮਿੰਦਰ ਸ਼ਰਮਾ ਨੇ ਨਗਰ ਨਿਗਮ ’ਤੇ ਇੱਥੋਂ ਤੱਕ ਦੋਸ਼ ਲਾਇਆ ਕਿ ਹਲਕੇ ਮਟੀਰੀਅਲ ਨਾਲ ਸੜਕਾਂ ਬਣਾਉਣ ਲਈ ਨਗਰ ਨਿਗਮ ਦੇ ਅਧਿਕਾਰੀ ਕਮਿਸ਼ਨ ਲੈਂਦੇ ਹਨ। ਇਸ ਲਈ ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ।

ਐਮਸੀ ਜ਼ੀਰਕਪੁਰ ਦੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਸੜਕਾਂ ਦੇ ਨਿਰਮਾਣ ਲਈ ਐਸਟੀਮੇਟ ਲੋਕਲ ਬਾਡੀਜ਼ ਵਿਭਾਗ ਨੂੰ ਭੇਜ ਦਿੱਤੇ ਗਏ ਹਨ। ਲੰਬੇ ਸਮੇਂ ਤੋਂ ਸੜਕ ਬਣਾਉਣ ਦੀ ਮਨਜ਼ੂਰੀ ਨਹੀਂ ਮਿਲ ਰਹੀ, ਇਸ ਲਈ ਅਸੀਂ ਕੰਮ ਨਹੀਂ ਕਰ ਰਹੇ।