ਮਹਿਲਾ ਨੇ ਧੀ ਤੋਂ ਵਧ ਨੰਬਰ ਲੈਣ ਤੇ ਸਹਿਪਾਠੀ ਵਿਦਿਆਰਥੀ ਨੂੰ ਜ਼ਹਿਰ ਦੇ ਕੇ ਮਾਰਿਆ

ਏਜੰਸੀ

ਖ਼ਬਰਾਂ, ਪੰਜਾਬ

ਮਹਿਲਾ ਨੇ ਧੀ ਤੋਂ ਵਧ ਨੰਬਰ ਲੈਣ ਤੇ ਸਹਿਪਾਠੀ ਵਿਦਿਆਰਥੀ ਨੂੰ ਜ਼ਹਿਰ ਦੇ ਕੇ ਮਾਰਿਆ

image

ਪੁਡੂਚੇਰੀ, 5 ਸਤੰਬਰ : ਪੁਡੂਚੇਰੀ ਦੇ ਕਰਾਈਕਲ 'ਚ 43 ਸਾਲ ਦੀ ਇਕ ਔਰਤ ਨੇ ਅਪਣੀ ਧੀ ਦੇ ਸਹਿਪਾਠੀ ਇਕ ਮੁੰਡੇ ਨੂੰ  ਸਿਰਫ਼ ਇਸ ਲਈ ਜ਼ਹਿਰ ਦੇ ਕੇ ਮਾਰ ਦਿਤਾ ਕਿ ਉਸ ਨੇ ਉਸ ਦੀ ਧੀ ਤੋਂ ਜ਼ਿਆਦਾ ਅੰਕ ਪ੍ਰਾਪਤ ਕੀਤੇ ਸਨ ਅਤੇ ਪੜ੍ਹਾਈ 'ਚ ਉਸ ਤੋਂ ਚੰਗਾ ਸੀ | ਪੁਲਿਸ ਨੇ ਸੋਮਵਾਰ ਨੂੰ  ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੁੰਡੇ ਦੇ ਕਤਲ ਦੇ ਮਾਮਲੇ 'ਚ ਔਰਤ ਨੂੰ  ਗਿ੍ਫ਼ਤਾਰ ਕਰ ਲਿਆ ਗਿਆ ਹੈ | ਪੁਲਿਸ ਮੁਤਾਬਕ ਜਾਨ ਗੁਆਉਣ ਵਾਲੇ ਮੁੰਡੇ ਦੀ ਪਛਾਣ 8ਵੀਂ ਜਮਾਤ ਦੇ ਵਿਦਿਆਰਥੀ ਬਾਲਾਮਣੀਕੰਦਨ (13 ਸਾਲ) ਵਜੋਂ ਹੋਈ ਹੈ, ਜੋ ਕਰਾਈਕਲ ਦੇ ਇਕ ਸਕੂਲ 'ਚ ਜੇ. ਸਗਾਯਾਰਾਨੀ ਵਿਕਟੋਰੀਆ ਦੀ ਧੀ ਨਾਲ ਪੜ੍ਹਦਾ ਸੀ | ਉਨ੍ਹਾਂ ਕਿਹਾ ਕਿ ਵਿਕਟੋਰੀਆ ਅਪਣੀ ਧੀ ਦੇ ਮੁਕਾਬਲੇ ਪੜ੍ਹਾਈ-ਲਿਖਾਈ 'ਚ ਮੁੰਡੇ ਦੀ ਚੰਗੀ ਕਾਰਗੁਜਾਰੀ ਕਾਰਨ ਉਸ ਤੋਂ ਈਰਖਾ ਕਰਦੀ ਸੀ |
ਸੂਤਰਾਂ ਮੁਤਾਬਕ ਵਿਕਟੋਰੀਆ ਨੇ ਸ਼ੁਕਰਵਾਰ ਨੂੰ  ਬਾਲਾਮਣੀਕੰਦਨ ਦੀ ਮਾਂ ਬਣ ਕੇ ਸਾਫਟ ਡਰਿੰਕ ਦੀਆਂ ਦੋ ਬੋਤਲਾਂ ਉਸ ਤਕ ਪਹੁੰਚਾਉਣ ਲਈ ਸਕੂਲ ਦੇ ਚਪੜਾਸੀ ਨੂੰ  ਦਿਤੀਆਂ | ਮੁੰਡੇ ਨੇ ਇਕ ਬੋਤਲ ਸਾਫਟ ਡਰਿੰਕ ਪੀ ਲਈ ਅਤੇ ਜਦੋਂ ਉਹ ਘਰ ਪਹੁੰਚਿਆ ਤਾਂ ਉਲਟੀਆਂ ਕਰਨ ਲੱਗਾ | ਉਸ ਦੇ ਮਾਤਾ-ਪਿਤਾ ਨੇ ਉਸ ਨੂੰ  ਇਕ ਪ੍ਰਾਈਵੇਟ ਹਸਪਤਾਲ 'ਚ ਦਾਖ਼ਲ ਕਰਵਾਇਆ ਅਤੇ ਉਹ ਇਲਾਜ ਮਗਰੋਂ ਪਰਤ ਆਇਆ | ਹਾਲਾਂਕਿ ਉਹ ਸਨਿਚਰਵਾਰ ਨੂੰ  ਫਿਰ ਤੋਂ ਬੀਮਾਰ ਹੋ ਗਿਆ ਅਤੇ ਉਸ ਨੂੰ  ਕਰਾਈਕਲ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ |
ਪੁਲਿਸ ਮੁਤਾਬਕ ਸਨਿਚਰਵਾਰ ਰਾਤ ਨੂੰ  ਉਸ ਦੀ ਮੌਤ ਹੋ ਗਈ | ਇਸ ਤੋਂ ਪਹਿਲਾਂ ਮੁੰਡੇ ਨੇ ਅਪਣੀ ਮਾਂ ਨੂੰ  ਸਾਰੀ ਗੱਲ ਦਸੀ ਸੀ ਕਿ ਉਸ ਨੇ ਬੋਤਲ ਤੋਂ ਸਾਫਟ ਡਰਿੰਕ ਪੀਤੀ ਸੀ, ਜੋ ਉਸ ਨੂੰ  ਉਸ ਦੀ ਮਾਂ ਵਲੋਂ ਭੇਜੀ ਦਸੀ ਗਈ | ਇਸ ਤੋਂ ਬਾਅਦ ਮੁੰਡੇ ਦੇ ਮਾਤਾ-ਪਿਤਾ ਨੇ ਪੁਲਿਸ 'ਚ ਸ਼ਿਕਾਇਤ ਦਰਜ ਕਰ ਕੇ ਕਿਸੇ ਤਰ੍ਹਾਂ ਦੀ ਗੜਬੜੀ ਦਾ ਖਦਸ਼ਾ ਜਤਾਇਆ | ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਦੇ ਆਧਾਰ 'ਤੇ ਵਿਕਟੋਰੀਆ ਨੂੰ  ਪੁਛਗਿਛ ਦੇ ਦਾਇਰੇ 'ਚ ਲਿਆ ਅਤੇ ਉਸ ਨੇ ਅਪਣਾ ਜੁਰਮ ਕਬੂਲ ਕਰ ਲਿਆ |     (ਏਜੰਸੀ)