ਪੰਜਾਬ ’ਵਰਸਟੀ ਕੈਂਪਸ ਵਿਦਿਆਰਥੀ ਕੌਂਸਲ ਲਈ ਵੋਟਾਂ ਅੱਜ, 21 ਉਮੀਦਵਾਰ ਅਜਮਾਉਣਗੇ ਕਿਸਮਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਾਮ ਤੱਕ ਜਾਰੀ ਹੋਣਗੇ ਨਤੀਜੇ

photo

 

ਚੰਡੀਗੜ੍ਹ:  ਪੰਜਾਬ ਯੂਨੀਵਰਸਟੀ ਕੈਂਪਸ ਵਿਦਿਆਰਥੀ ਕੌਂਸਲ ਦੇ ਗਠਨ ਲਈ 6 ਸਤੰਬਰ ਨੂੰ ਵੋਟਾਂ ਪਾਈਆਂ ਜਾਣਗੀਆਂ ਅਤੇ ਵੋਟਾਂ ਪਾਉਣ ਲਈ ਯੂਨੀਵਰਸਟੀ ਦੇ 62 ਵਿਭਾਗਾਂ ਵਿਚ 179 ਚੋਣ ਬੂਥ ਬਣਾਏ ਗਏ ਹਨ ਅਤੇ ਵੋਟਰਾਂ ਦੀ ਗਿਣਤੀ 15693 ਦੱਸੀ ਗਈ ਹੈ। ਵੋਟਾਂ ਪਾਉਣ ਦਾ ਕੰਮ ਸਵੇਰੇ 9.30 ਵਜੇ ਤੋਂ ਅਰੰਭ ਹੋ ਜਾਵੇਗਾ ਅਤੇ ਹਰ ਵਿਦਿਆਰਥੀ ਅਪਣੇ ਵਿਭਾਗ ਵਿਚ ਵੋਟ ਪਾ ਸਕਦਾ ਹੈ।  ਵੋਟਾਂ ਦੀ ਗਿਣਤੀ ਦੁਪਹਿਰ 12 ਵਜੇ ਤੋਂ ਜਿਮਨੇਜੀਅਮ ਹਾਲ ਵਿਖੇ ਸ਼ੁਰੂ ਹੋ ਜਾਵੇਗੀ ਅਤੇ ਨਤੀਜੇ ਸ਼ਾਮ 9 ਵਜੇ ਤਕ ਆਉਣ ਦੀ ਸੰਭਾਵਨਾ ਹੈ।  

ਯੂ ਆਈ ਈ ਟੀ ’ਚ ਸੱਭ ਤੋਂ ਵੱਧ ਵੋਟਾਂ: ਪੰਜਾਬ ਯੂਨੀਵਰਸਟੀ ਦੇ ਦੱਖਣੀ ਕੈਂਪਸ ਵਿਚ ਸਥਿਤ ਇੰਜੀਨੀਅਰ ਦੀ ਪੜ੍ਹਾਈ ਕਰਾਉਣ ਵਾਲੀ ਸੰਸਥਾ ਯੂ ਆਈ ਈ ਟੀ ਵਿਚ 2527 ਵੋਟਾਂ ਹਨ, ਦੂਜੇ ਸਥਾਨ ’ਤੇ ਯੂਨੀਵਰਸਟੀ ਲੀਗਲ ਸਟੱਡੀ ਸੰਸਥਾ ਹੈ ਜਿਥੇ ਵੋਟਰਾਂ ਦੀ ਗਿਣਤੀ 1900 ਅਤੇ ਲਾਅ ਵਿਭਾਗ ਵਿਚ 1100 ਵੋਟਾਂ ਹਨ। ਇਹਨਾਂ ਚੋਣਾਂ ਵਿੱਚ ਉਮੀਦਵਾਰਾਂ ਦੀ ਗਿਣਤੀ 21 ਹੈ, ਜਿਨ੍ਹਾਂ ਵਿਚ ਪ੍ਰਧਾਨਗੀ ਅਹੁਦੇ ਲਈ 9 ਉਮੀਦਵਾਰਾਂ ’ਚ ਮੁਕਾਬਲੇ ਹਨ, ਬਾਕੀ ਦੇ ਉਮੀਦਵਾਰਾਂ ਵਿਚ ਮੀਤ ਪ੍ਰਧਾਨ, ਸਕੱਤਰ ਅਤੇ ਸੰਯੁਕਤ ਸਕੱਤਰ ਅਹੁਦੇ ਲਈ 4-4 ਉਮੀਦਵਾਰ ਹਨ।  3 ਹੋਰ ਉਮੀਦਵਾਰ ਵੀ ਮੈਦਾਨ ਵਿਚ ਹਨ, ਜਿਨ੍ਹਾਂ ਵਿਚ ਪ੍ਰਧਾਨਗੀ ਅਹੁਦੇ ਲਈ ਮਾਨਿਕਾ ਛਾਬੜਾ, ਸਕੱਤਰ ਦੇ ਅਹੁਦੇ ਲਈ ਮੇਘਨਾ ਨਈਅਰ ਅਤੇ ਮੀਤ ਪ੍ਰਧਾਨ ਅਹੁਦੇ ਲਈ ਰਮਨੀਕ ਜੋਤ ਕੌਰ। 

ਵੋਟਰ ਵਿਦਿਆਰਥੀਆਂ ਲਈ ਜ਼ਰੂਰੀ ਹਦਾਇਤਾਂ
ਚੰਡੀਗੜ੍ਹ : ਵੋਟਰ ਵਿਦਿਆਰਥੀਆਂ ਨੂੰ ਅਪਣੇ ਵਿਭਾਗ ਵਿਚ ਬਣੇ ਪੋਲਿੰਗ ਬੂਥਾਂ ’ਤੇ ਸਵੇਰੇ 9.30 ਵਜੇ ਤਕ ਪੁੱਜਣਾ ਹੋਵੇਗਾ, ਅਧਿਆਪਕ ਇੰਚਾਰਜ ਉਨ੍ਹਾਂ ਨੂੰ ਹਦਾਇਤਾਂ ਦੇਵੇਗਾ। ਜੇ ਕੋਈ ਵਿਦਿਆਰਥੀ ਕਿਸੇ ਖ਼ਾਸ ਕਾਰਨ ਕਰ ਕੇ ਲੇਟ ਹੈ ਤਾਂ ਉਸ ਨੂੰ 10.15 ਤਕ ਪੋਲਿੰਗ ਬੂਥਾਂ ’ਤੇ ਦਾਖ਼ਲ ਹੋਣ ਦੀ ਛੂਟ ਦਿਤੀ ਜਾਵੇਗੀ। ਜਿਹੜੇ ਵਿਦਿਆਰਥੀ 5 ਸਤੰਬਰ ਤਕ ਦਾਖ਼ਲਾ ਲੈਣਗੇ ਉਨ੍ਹਾਂ ਨੂੰ ਵੋਟਾਂ ਪਾਉਣ ਦੀ ਇਜਾਜ਼ਤ ਦਿਤੀ ਗਈ ਹੈ ਪਰ ਉਨ੍ਹਾਂ ਕੋਲ ਫ਼ੀਸ ਦੀ ਰਸ਼ੀਦ ਹੋਣੀ ਚਾਹੀਦੀ ਹੈ। ਵਿਦਿਆਰਥੀ ਵੋਟਰ ਕੋਲ ਪਛਾਣ ਪੱਤਰ ਹੋਣਾ ਜ਼ਰੂਰੀ ਹੈ। ਪੀ.ਯੂ. ਦਾ ਗੇਟ ਨੰਬਰ-1 ਅਤੇ ਮੁੱਖ ਲਾਇਬ੍ਰੇਰੀ ਸ਼ਾਮ ਤਕ ਬੰਦ ਰਹਿਣਗੇ।