ਕੌਮਾਂਤਰੀ ਸਰਹੱਦ 'ਤੇ ਹੜ੍ਹਾਂ ਨੇ ਦੋਵਾਂ ਦੇਸ਼ਾਂ ਨੂੰ ਕੀਤਾ ਇੱਕਮਿਕ, ਸਰਹੱਦ ਉਤੇ ਲੱਗੀ ਕੰਡਿਆਲੀ ਤਾਰ ਪੂਰੀ ਤਰ੍ਹਾਂ ਪਾਣੀ ਵਿਚ ਡੁੱਬੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੰਨ 1988 ਦੇ ਹੜ੍ਹਾਂ ਤੋਂ ਬਾਅਦ ਇਸ ਵਾਰ ਪਹਿਲੀ ਵਾਰ ਹੋਇਆ ਕਿ ਪੰਜਾਬੀਆਂ ਦੀ ਏਕਤਾ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ।

International border  Flood Situation

International border  Flood Situation: ਭਾਰਤ-ਪਾਕਿਸਤਾਨ ਦੋਵਾਂ ਪਾਸਿਆਂ ਤੋਂ ਹੜ੍ਹਾਂ ਦੇ ਆ ਰਹੇ ਪਾਣੀ ਨਾਲ ਜਿੱਥੇ ਕੌਮਾਂਤਰੀ ਸਰਹੱਦ ’ਤੇ ਸਥਿਤ ਕੰਡਿਆਲੀ ਤਾਰ ਦਾ ਕਾਫ਼ੀ ਹਿੱਸਾ ਡੁੱਬ ਚੁੱਕਾ ਹੈ, ਉੱਥੇ ਹੜ੍ਹਾਂ ਦੇ ਪਾਣੀ ਕਾਰਨ ਦੋਵਾਂ ਦੇਸ਼ਾਂ ਨੂੰ ਇੱਕਮਿਕ ਕਰ ਦਿਤਾ। ਭਾਵੇਂ ਪ੍ਰਸ਼ਾਸਨ ਵਲੋਂ ਹੜ੍ਹਾਂ ਨੂੰ ਲੈ ਕੇ ਗੰਭੀਰਤਾ ਦਿਖਾਈ ਜਾ ਰਹੀ ਹੈ, ਪਰ ਸਤਲੁਜ ਦਰਿਆ ਨਾਲ ਲਗਦੇ ਪਿੰਡਾਂ ਦੀ ਸਥਿਤੀ ਹੜ੍ਹਾਂ ਨੇ ਅੱਗੇ ਨਾਲੋਂ ਵੀ ਬਦਤਰ ਕਰ ਦਿਤੀ ਹੈ। ਫਿਰ ਵੀ ਲੋਕਾਂ ਦੇ ਹੌਸਲੇ ਬੁਲੰਦ ਹਨ। ਸੰਨ 1988 ਦੇ ਹੜ੍ਹਾਂ ਤੋਂ ਬਾਅਦ ਇਸ ਵਾਰ ਪਹਿਲੀ ਵਾਰ ਹੋਇਆ ਕਿ ਪੰਜਾਬੀਆਂ ਦੀ ਏਕਤਾ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ।

ਹਜ਼ਾਰਾਂ ਨੌਜਵਾਨ ਆਪ ਮੁਹਾਰੇ ਟਰੈਕਟਰ ਟਰਾਲੀਆਂ ਅਤੇ ਹੋਰ ਸਾਧਨਾਂ ਰਾਹੀਂ ਰੋਜ਼ਾਨਾ ਮਿੱਟੀ ਅਤੇ ਰੇਤੇ ਦੀ ਗੱਟੇ ਭਰ ਕੇ ਸਤਲੁਜ ਦਰਿਆ ਨਾਲ ਲਗਦੇ ਪਿੰਡ ਪੁਰਾਣੀ ਮੁਹੰਮਦੀ ਵਾਲਾ ਦੇ ਬੰਨ੍ਹ ਨੂੰ ਹੋਰ ਉੱਚਾ ਚੁੱਕਣ ਲਈ ਜੰਗੀ ਪੱਧਰ ’ਤੇ ਕੰਮ ਕਰਦੇ ਨਜ਼ਰ ਆ ਰਹੇ। ਜਾਣਕਾਰੀ ਮੁਤਾਬਕ ਭਾਰਤ-ਪਾਕਿਸਤਾਨ ਸਰਹੱਦ ’ਤੇ ਸਥਿਤ ਪਿੰਡ ਰਾਜੋ ਕੇ ਗੱਟੀ ਦਾ ਪੂਰਾ ਸੰਪਰਕ ਭਾਰਤ ਨਾਲੋਂ ਟੁੱਟ ਚੁੱਕਾ ਹੈ।

ਪਿੰਡ ’ਚ ਰਹਿੰਦੇ 200 ਦੇ ਕਰੀਬ ਪਰਵਾਰ ਹਾਲੇ ਵੀ ਹੜ੍ਹਾਂ ਦੇ ਪਾਣੀ ਵਿਚ ਫਸੇ ਹੋਏ ਹਨ ਅਤੇ ਕਰੀਬ ਸੈਂਕੜੇ ਪਸ਼ੂਆਂ ਨੂੰ ਪਿਛਲੇ ਤਿੰਨ-ਚਾਰ ਦਿਨਾਂ ਤੋਂ ਚਾਰਾ ਵੀ ਨਸੀਬ ਨਹੀਂ ਹੋ ਰਿਹਾ। ਜਾਣਕਾਰੀ ਮੁਤਾਬਕ ਸਤਲੁਜ ਦਰਿਆ ਨਾਲ ਲਗਦੇ ਕੋਈ 30 ਪਿੰਡ ਪਾਣੀ ਦੀ ਲਪੇਟ ਵਿਚ ਹੁਣ ਤਕ ਆ ਚੁੱਕੇ ਹਨ ਅਤੇ ਪ੍ਰਭਾਵਤ ਪਿੰਡਾਂ ਵਿਚ ਅਜੇ ਵੀ ਹੜ੍ਹਾਂ ਦੇ ਪਾਣੀ ਨੇ ਤਬਾਹੀ ਮਚਾਈ ਹੋਈ ਹੈ। ਉਧਰ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਦਸਿਆ ਕਿ ਪੁਰਾਣੀਆਂ ਗਿਰਦਾਵਰੀਆਂ ਮੁਤਾਬਕ ਹੜ੍ਹ ਪ੍ਰਭਾਵਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਲਈ ਸਰਕਾਰ ਨੂੰ ਸਿਫ਼ਾਰਸ਼ ਕੀਤੀ ਜਾਵੇਗੀ।

ਫ਼ਿਰੋਜ਼ਪੁਰ ਤੋਂ ਤਪਿੰਦਰ ਸਿੰਘ, ਅਰੋੜਾ, ਸੁਖਜੀਤ ਸਿੰਘ ਸਿੱਧੂ ਦੀ ਰਿਪੋੋਰਟ

(For more news apart from “International border  Flood Situation,” stay tuned to Rozana Spokesman.)