ਸੋਹਾਣਾ ਪਿੰਡ ਵਿੱਚ ਨਵੀਂ ਖਰੀਦੀ ਸਕਾਰਪਿਓ ਗੱਡੀ ਦੀ ਖੁਸ਼ੀ ਵਿੱਚ ਗੁਰਦੁਆਰਾ ਸਿੰਘ ਸ਼ਹੀਦਾਂ ਤੋਂ ਮੱਥਾ ਟੇਕ ਕੇ ਘਰ ਵਾਪਸ ਪਰਤ ਰਹੇ ਇੱਕ ਹੀ ਪਰਿਵਾਰ ਦੇ 4 ਲੋਕਾਂ ’ਤੇ ਨਿਹੰਗਾਂ ਨੇ ਕਾਤਲਾਨਾ ਹਮਲਾ ਕਰ ਦਿੱਤਾ। ਹਰਿਆਣਾ ਨੰਬਰ ਦੀ ਫਾਰਚਿਊਨਰ ਗੱਡੀ ਵਿਚ ਆਏ 3 ਨਿਹੰਗਾਂ ਨੇ ਘਰ ਦੇ ਬਾਹਰ ਸਕਾਰਪਿਓ ਗੱਡੀ ਘੇਰ ਕੇ ਤਲਵਾਰਾਂ ਨਾਲ ਪਹਿਲੇ ਕਾਰ ਦੇ ਸ਼ੀਸ਼ੇ ਤੋੜੇ ਅਤੇ ਫਿਰ 63 ਸਾਲਾ ਪਰਮਜੀਤ ਸਿੰਘ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।
ਇਸ ਦੌਰਾਨ ਬਚਾਅ ਲਈ ਆਏ ਪਰਮਜੀਤ ਸਿੰਘ ਦੇ 33 ਸਾਲਾ ਬੇਟੇ ਪਰਵਿੰਦਰ ਸਿੰਘ ਅਤੇ 37 ਸਾਲਾ ਤਰਨਦੀਪ ਸਿੰਘ ’ਤੇ ਕਿਰਚ ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਦੂਜੇ ਪਾਸੇ ਬਚਾਅ ਲਈ ਆਏ ਪਰਮਜੀਤ ਸਿੰਘ ਦੇ 22 ਸਾਲਾ ਭਤੀਜੇ ਗੁਰਤੇਜ ਸਿੰਘ ’ਤੇ ਵੀ ਕਿਰਚਾਂ ਨਾਲ ਹਮਲਾ ਕੀਤਾ ਗਿਆ। ਹਮਲੇ ਵਿਚ ਚਾਰੋ ਜਣੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਨਿਹੰਗਾਂ ਨੇ ਗਲੀ ਵਿਚ ਗੁੰਡਾਗਰਦੀ ਕੀਤੀ ਅਤੇ ਬਚਾਅ ਵਿਚ ਆਏ ਸਾਰੇ ਲੋਕਾਂ ’ਤੇ ਹਥਿਆਰਾਂ ਨਾਲ ਹਮਲਾ ਕੀਤਾ।
ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਫੇਜ਼ 6 ਲਿਜਾਇਆ ਗਿਆ ਜਿੱਥੇ ਪਰਮਜੀਤ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਜ਼ਖਮੀਆਂ ਦੇ ਬਿਆਨ ਦਰਜ ਕਰ ਹਮਲਾਵਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਸੂਤਰਾਂ ਮੁਤਾਬਕ ਪੁਲਿਸ ਨੇ 2 ਹਮਲਾਵਰਾਂ ਨੂੰ ਹਿਰਾਸਤ ਵਿਚ ਲਿਆ ਹੈ ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।