Punjab Flood Situation: ਹੜ੍ਹਾਂ ਨੇ ਰੁਆਇਆ ਪੰਜਾਬ... ਕੌਣ ਲਵੇਗਾ ਸਾਰ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Punjab Flood Situation: ਹੜ੍ਹਾਂ ਤੋਂ ਹਮੇਸ਼ਾ ਪੀੜਤ ਰਿਹਾ ਪੰਜਾਬ, ਰਾਹਤ ਤੋਂ ਵੱਧ ਸਥਾਈ ਹੱਲ ਦੀ ਲੋੜ

Punjab Flood Situation

Punjab Flood Situation: ਪੰਜਾਬ ਅੱਜ ਹੜ੍ਹਾਂ ਕਾਰਨ ਉਦਾਸ ਹੈ| ਪੰਜਾਬ ਦੇ ਜਾਏ ਕਿਸਾਨ ਅੱਜ ਅਪਣੀਆਂ ਫ਼ਸਲਾਂ, ਮਾਲ ਡੰਗਰ ਤੇ ਢਹਿ ਚੁੱਕੇ ਘਰਾਂ ਨੂੰ ਵੇਖ ਕੇ ਭੁੱਬਾਂ ਮਾਰ ਕੇ ਰੋਂਦੇ ਦਿਖਾਈ ਦੇ ਰਹੇ ਹਨ| ਉਹ ਇਸ ਭਿਆਨਕ ਮੰਜ਼ਰ ਦੌਰਾਨ ਸਿਰਫ਼ ਅਪਣੀਆਂ ਜਾਨਾਂ ਹੀ ਬਚਾ ਸਕੇ ਪਰ ਉਨ੍ਹਾਂ ਦੀ ਉਮਰਾਂ ਦੀ ਕਮਾਈ ਮਿੰਟਾਂ ਸਕਿੰਟਾਂ ਵਿਚ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਹੀ ਪਾਣੀ ਵਿਚ ਡੁੱਬ ਗਈ| ਹੜ੍ਹਾਂ ਨੇ ਉਨ੍ਹਾਂ ਦੇ ਖੇਤਾਂ ਨੂੰ ਸਮੁੰਦਰ ਬਣਾ ਦਿਤਾ ਹੈ|

ਘਰਾਂ ਦੀਆਂ ਛੱਤਾਂ ਉਤੇ ਬੈਠੇ ਬੱਚਿਆਂ ਤੇ ਬਜ਼ੁਰਗਾਂ ਤਕ ਹਰ ਇਕ ਦੀਆਂ ਅੱਖਾਂ ਵਿਚ ਬੇਵਸੀ ਤੇ ਲਾਚਾਰੀ ਹੈ| ਹੁਣ ਸਵਾਲ ਬਹੁਤ ਵੱਡਾ ਤੇ ਸਿੱਧਾ ਹੈ ਕਿ ਜਦੋਂ ਪੰਜਾਬ ਦੇ ਲੋਕ ਹਮੇਸ਼ਾਂ ਕੁਦਰਤੀ ਆਫ਼ਤਾਂ ਵੇਲੇ ਦੇਸ਼ ਅਤੇ ਦੁਨੀਆਂ ਵਿਚ ਮਦਦ ਲਈ ਪਹਿਲੀ ਕਤਾਰ ਵਿਚ ਖੜੇ ਹੁੰਦੇ ਹਨ ਤਾਂ ਕੀ ਅੱਜ ਜਦੋਂ ਪੰਜਾਬ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ ਤਾਂ ਕੌਣ ਪੰਜਾਬੀਆਂ ਦੀ ਸਾਰ ਲਵੇਗਾ?

ਧਾਰਮਕ ਤੇ ਸਮਾਜਕ ਜਥੇਬੰਦੀਆਂ ਪਿੰਡਾਂ ਦੇ ਨੌਜਵਾਨਾਂ ਤੇ ਗੁਰਦੁਆਰਿਆਂ ਵਲੋਂ ਲੰਗਰਾਂ ਰਾਹੀਂ ਰਾਹਤ ਪਹੁੰਚਾਉਣ ਦੀਆਂ ਖ਼ਬਰਾਂ ਤਾਂ ਆ ਰਹੀਆਂ ਹਨ ਪਰ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਲੋਕਾਂ ਦੀਆਂ ਨਜ਼ਰਾਂ ਸਮੇਂ ਦੀਆਂ ਸਰਕਾਰਾਂ ’ਤੇ ਵੀ ਟਿਕੀਆਂ ਹੋਈਆਂ ਹਨ, ਕਿ ਕੀ ਉਨ੍ਹਾਂ ਦੇ ਐਲਾਨ ਸਿਰਫ਼ ਕਾਗ਼ਜ਼ੀ ਵਾਅਦਿਆਂ ਤਕ ਹੀ ਰਹਿ ਜਾਣਗੇ ਜਾਂ ਵਾਕਈ ਹੜ੍ਹਾਂ ਤੋਂ ਬਚਾ ਲਈ ਕੋਈ ਸਥਾਈ ਹੱਲ ਵੀ ਲੱਭੇ ਜਾਣਗੇ?

ਮਾਹਰਾਂ ਅਨੁਸਾਰ ਇਹ ਹੜ੍ਹ ਕੁਦਰਤੀ ਆਫ਼ਤ ਘੱਟ ਸਗੋਂ ਪ੍ਰਬੰਧਕੀ ਨਾਕਾਮੀ ਦਾ ਵੱਡਾ ਸਬੂਤ ਵੀ ਹਨ| ਪਾਣੀ ਦੇ ਨਿਕਾਸ ਲਈ ਯੋਜਨਾਬੱਧ ਪ੍ਰਬੰਧ ਦਾ ਨਾ ਹੋਣਾ, ਡਰੇਨ ਸਿਸਟਮ ਦੀ ਨਿਗਰਾਨੀ ਦਾ ਅਭਾਵ ਤੇ ਨਦੀਆਂ ਤੇ ਦਰਿਆਵਾਂ ਦੇ ਕੰਢਿਆਂ ਉਤੇ ਬੇਤਰਤੀਬ ਕਬਜ਼ੇ ਆਦਿ ਇਸ ਤਬਾਹੀ ਨੂੰ ਹੋਰ ਵਧਾਉਂਦੇ ਹਨ| ਅੱਜ ਪੰਜਾਬ ਨੂੰ ਸਿਰਫ ਰਾਹਤ ਹੀ ਨਹੀਂ ਸਗੋਂ ਪੱਕੀਆਂ ਤੇ ਸਹੀ ਭਵਿੱਖੀ ਯੋਜਨਾਵਾਂ, ਪੱਕੇ ਬੁਨਿਆਦੀ ਢਾਂਚੇ ਤੇ ਇਮਾਨਦਾਰ ਤੇ ਮਜਬੂਤ ਰਾਜਨੀਤਕ ਇਰਾਦਿਆਂ ਦੀ ਲੋੜ ਹੈ, ਜੋ ਹੜ੍ਹਾਂ ਦਾ ਸਥਾਈ ਹੱਲ ਕਰ ਸਕੇ| ਪੰਜਾਬੀਆਂ ਲਈ ਇਕ ਗੱਲ ਤਾਂ ਸਾਫ਼ ਹੋ ਗਈ ਹੈ ਕਿ ਜੇ ਹੁਣ ਵੀ ਨਾ ਜਾਗੇ ਤਾਂ ਹਰ ਸਾਲ ਹੜ੍ਹ ਪੰਜਾਬ ਲਈ ਸਦੀਵੀ ਕਹਿਰ ਬਣ ਜਾਵੇਗਾ|

ਫ਼ਤਿਹਗੜ੍ਹ ਸਾਹਿਬ ਤੋਂ ਸੁਰਜੀਤ ਸਿੰਘ ਸਾਹੀ ਦੀ ਰਿਪੋਰਟ
 

(For more news apart from “Punjab Flood Situation,” stay tuned to Rozana Spokesman.)