ਜ਼ਿਮਨੀ ਚੋਣਾਂ ਲਈ ਕੈਪਟਨ ਸੰਧੂ ਵਲੋਂ ਚੋਣ ਪ੍ਰਚਾਰ ਜ਼ੋਰਾਂ 'ਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ - 'ਕੋਈ ਵੀ ਮੇਰੇ ਨਾਲ ਸਿੱਧਾ ਰਾਬਤਾ ਕਾਇਮ ਕਰ ਸਕਦੈ'

Captain Sandeep Singh Sandhu

ਦਾਖਾ : ਦਾਖਾ ਜ਼ਿਮਨੀ ਚੋਣ 'ਚ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਉਹ ਲਗਾਤਾਰ ਪਿੰਡ-ਪਿੰਡ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ। ਨੁੱਕੜ ਮੀਟਿੰਗਾਂ, ਰੈਲੀਆਂ ਅਤੇ ਜਨਤਕ ਮੁਲਾਕਾਤਾਂ 'ਚ ਕੈਪਟਨ ਸੰਧੂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਇਸ ਦੌਰਾਨ ਕੈਪਟਨ ਸੰਧੂ ਨੇ ਦਾਖਾ ਹਲਕੇ ਦੇ ਵੋਟਰਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਹੁਣ ਇਸੇ ਹਲਕੇ ਵਿਚ ਰਹਿ ਕੇ ਲੋਕਾਂ ਦੀ ਸੇਵਾ ਕਰਨਗੇ। ਨਾਲ ਹੀ ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਨੂੰ ਵੀ ਕੋਈ ਸਮੱਸਿਆ ਹੈ ਤਾਂ ਉਹ ਖੁਦ ਸਿੱਧੇ ਤੌਰ 'ਤੇ ਉਨ੍ਹਾਂ ਨਾਲ ਗੱਲਬਾਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਉਸਨੂੰ ਤਨ-ਮਨ ਨਾਲ ਨਿਭਾਉਣਗੇ। ਉਨ੍ਹਾਂ ਕਿਹਾ, "ਕਾਂਗਰਸ ਪਾਰਟੀ ਨੇ ਹਮੇਸ਼ਾ ਵਿਕਾਸ ਦੇ ਨਾਮ 'ਤੇ ਵੋਟ ਮੰਗੀ ਹੈ ਅਤੇ ਅਸੀਂ ਇਹ ਚੋਣ ਵਿਕਾਸ ਦੇ ਨਾਮ 'ਤੇ ਜਿੱਤਣ ਆਏ ਹਾਂ। ਮੈਂ ਆਪਣੇ ਆਪ ਨੂੰ ਹਲਕੇ ਦੇ ਲੇਖੇ ਲਾਉਣਾ ਆਇਆ ਹਾਂ। ਹਲਕੇ ਦਾ ਵਿਕਾਸ ਕਰਵਾਉਣਾ ਮੇਰੀ ਸਭ ਤੋਂ ਪਹਿਲੀ ਜਿੰਮੇਵਾਰੀ ਹੋਵੇਗੀ ਅਤੇ ਕੋਈ ਅਹਿਸਾਨ ਨਹੀਂ ਹੈ।"

ਕੈਪਟਨ ਸੰਧੂ ਨੇ ਕਿਹਾ, "ਜੇ ਉਹ 117 ਹਲਕਿਆਂ ਦਾ ਕੰਮ ਕਰਵਾ ਸਕਦੇ ਹਨ ਤਾਂ ਹਲਕਾ ਦਾਖਾ ਦੇ 111 ਪਿੰਡ ਕੋਈ ਵੱਡੀ ਗੱਲ ਨਹੀਂ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਹਲਕਾ ਦਾਖਾ ਨੂੰ ਨੰਬਰ ਇਕ ਹਲਕਾ ਬਣਾਇਆ ਜਾਵੇਗਾ। ਹਲਕੇ 'ਚ ਮੁੱਢਲੀਆਂ ਸਹੂਲਤਾਂ ਭਾਵੇਂ ਉਹ ਸੜਕਾਂ, ਪੀਣ ਵਾਲਾ ਪਾਣੀ, ਸੀਵਰੇਜ ਜਾਂ ਹੋਰ ਹਨ ਸਭ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ।"

ਕੈਪਟਨ ਸੰਧੂ ਨੇ ਕਿਹਾ, "ਪਿਛਲੇ ਦਿਨਾਂ 'ਚ ਹਲਕੇ ਅੰਦਰ ਵਿਚਰਦੇ ਮਹਿਸੂਸ ਹੋਇਆ ਕਿ ਹਲਕੇ 'ਚ ਥੋੜੇ ਨਹੀਂ ਬਹੁਤ ਕੰਮ ਹੋਣੇ ਬਾਕੀ ਹਨ। ਭਾਵੇਂ ਕਿ ਕੈਪਟਨ ਸਰਕਾਰ ਬਣਨ ਉਪਰੰਤ ਕਰੋੜਾਂ ਰੁਪਏ ਦੀ ਲਾਗਤ ਨਾਲ ਸੜਕਾਂ ਬਣੀਆਂ ਅਤੇ ਬਣ ਰਹੀਆਂ ਹਨ, ਕਿਸਾਨੀ ਕਰਜ਼ਾ ਮੁਆਫ ਕੀਤਾ ਗਿਆ ਪਰ ਹਾਲੇ ਵੀ ਦਾਖਾ ਹਲਕੇ ਵਿਚ ਬਹੁਤ ਕੁਝ ਹੋਣਾ ਬਾਕੀ ਹੈ। ਪਿੰਡਾਂ ਦੇ ਵਿਕਾਸ ਕਾਰਜਾਂ ਵਿਚ ਪਿੰਡ ਵਾਸੀਆਂ ਦੀ ਸ਼ਮੂਲੀਅਤ ਬੇਹੱਦ ਲਾਜ਼ਮੀ ਹੈ। ਹਲਕੇ ਦੇ ਵਿਕਾਸ ਲਈ ਮੇਰੀ ਸੋਚ ਦੇ ਨਾਲ ਨਾਲ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਪਿੰਡ ਵਾਸੀਆਂ ਦੀ ਰਾਏ ਤੋਂ ਬਿਨ੍ਹਾਂ ਸੰਭਵ ਨਹੀਂ। ਇਸ ਲਈ ਆਪ ਜੀ ਆਪਣਾ ਅਸ਼ੀਰਵਾਦ ਮੈਨੂੰ ਦਿਓ, ਮੈਂ ਦਾਖਾ ਦਾ ਬਣ ਕੇ ਦਾਖਾ ਲਈ ਕੰਮ ਕਰਾਂਗਾ।"