ਡਾ. ਵੇਰਕਾ ਵਲੋਂ ਨਰਸਿੰਗ ਟ੍ਰੇਨਿੰਗ ਕਾਲਜਾਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ
ਡਾ. ਵੇਰਕਾ ਵਲੋਂ ਨਰਸਿੰਗ ਟ੍ਰੇਨਿੰਗ ਕਾਲਜਾਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ
ਚੰਡੀਗੜ੍ਹ, 6 ਅਕਤੂਬਰ (ਜਸਪਾਲ ਸਿੰਘ) : ਪੰਜਾਬ ਦੇ ਮੈਡੀਕਲ ਸਿਖਿਆ ਅਤੇ ਖੋਜ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਨਰਸਿੰਗ ਟ੍ਰੇਨਿੰਗ ਕਾਲਜਾਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਦਿਵਾਇਆ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਨਰਸਿੰਗ ਦੇ ਵਿਦਿਆਰਥੀਆਂ ਨੂੰ ਵਧੀਆ ਵਾਤਾਵਰਣ ਅਤੇ ਸਹੂਲਤਾਂ ਦੇਣ ਦੀ ਨਰਸਿੰਗ ਟ੍ਰੇਨਿੰਗ ਕਾਲਜਾਂ ਨੂੰ ਅਪੀਲ ਕੀਤੀ ਹੈ ਤਾਂ ਜੋ ਇਨ੍ਹਾਂ ਕਾਲਜਾਂ ਦੇ ਵਿਦਿਆਰਥੀ ਮਿਆਰੀ ਸਿਖਿਆ ਹਾਸਲ ਕਰ ਸਕਣ।
ਅੱਜ ਸਥਾਨਕ ਪੰਜਾਬ ਭਵਨ ਵਿਖੇ ਨਰਸਿੰਗ ਟ੍ਰੇਨਿੰਗ ਕਾਲਜਾਂ ਦੀਆਂ ਐਸੋਸ਼ੀਏਸ਼ਨਾਂ ਦੇ ਨੁਮਾਇੰਦਿਆਂ ਵਲੋਂ ਉਠਾਏ ਗਏ ਮੁੱਦਿਆਂ ਦਾ ਜਾਇਜ਼ਾ ਲੈਣ ਦਾ ਵਿਸ਼ਵਾਸ ਦਿਵਾਉਂਦੇ ਹੋਏ ਡਾ. ਵੇਰਕਾ ਨੇ ਕਿਹਾ ਕਿ ਉਹ ਇੰਡੀਅਨ ਨਰਸਿੰਗ ਕੌਂਸਲ ਦੇ ਨਿਯਮਾਂ ਅਤੇ ਬਾਕੀ ਸੂਬਿਆਂ ਵਲੋਂ ਅਪਣਾਏ ਜਾਂਦੇ ਢੰਗ ਤਰੀਕਿਆਂ ਦਾ ਅਧਿਆਨ ਕਰਨ ਤੋਂ ਬਾਅਦ ਨਰਸਿੰਗ ਕਾਲਜਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਕਦਮ ਚੁੱਕਣਗੇ। ਨਰਸਿੰਗ ਕਾਲਜਾਂ ਵਿਚ ਦਾਖ਼ਲਾ ਟੈਸਟ ਦੇ ਆਧਾਰ ’ਤੇ ਇਸ ਸਾਲ ਹੋਏ ਬਹੁਤ ਘੱਟ ਦਾਖ਼ਲਿਆਂ ਬਾਰੇ ਐਸੋਸ਼ੀਏਸ਼ਨਾਂ ਵਲੋਂ ਉਠਾਏ ਮੁੱਦੇ ਦੇ ਸਬੰਧ ਵਿਚ ਉਨ੍ਹਾਂ ਨੇ ਬਾਬਾ ਫ਼ਰੀਦ ਯੂਨੀਵਰਸਟੀ ਆਫ਼ ਹੈਲਥ ਸਾਇੰਸ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੂੰ ਇਸ ਦਾ ਜਾਇਜ਼ਾ ਲੈਣ ਲਈ ਆਖਿਆ। ਗੌਰਤਲਬ ਹੈ ਕਿ ਇਸ ਸਮੇਂ ਪੰਜਾਬ ਵਿਚ 103 ਨਰਸਿੰਗ ਕਾਲਜ ਹਨ ਅਤੇ ਇਨ੍ਹਾਂ ਵਿਚ 5060 ਸੀਟਾਂ ਹਨ।
ਬਾਹਰਲੇ ਸੂਬਿਆਂ ਦੇ ਵਿਦਿਆਰਥੀਆਂ ਦੀ ਮੁੜ ਰਜਿਸਟ੍ਰੇਸ਼ਨ ਦੀ ਮੌਜੂਦਾ ਵਿਵਸਥਾ, ਹਰ ਸਾਲ ਕਾਲਜਾਂ ਦੀ ਇੰਸਪੈਕਸ਼ਨ ਅਤੇ ਕਾਲਜਾਂ ਵਾਸਤੇ ਜ਼ਮੀਨ ਦੀ ਮੌਜੂਦਾ ਸੀਮਾਂ ਘਟਾਉਣ ਬਾਰੇ ਉਠਾਏ ਗਏ ਮੁੱਦਿਆਂ ਨੂੰ ਡਾ. ਵੇਰਕਾ ਨੇੇ ਘੋਖਣ ਅਤੇ ਇਸ ਦਾ ਕੋਈ ਹੱਲ ਕੱਢਣ ਦਾ ਵੀ ਭਰੋਸਾ ਦਿਵਾਇਆ। ਉਨ੍ਹਾਂ ਨੇ ਨਰਸਿੰਗ ਕਾਲਜਾਂ ਨੂੰ ਸਿਖਿਆ ਦੇ ਖੇਤਰ ਵਿਚ ਨਰੋਈ ਭੂਮਿਕਾ ਨਿਭਾਉਣ ਲਈ ਕਿਹਾ ਤਾਂ ਜੋ ਨਰਸਿੰਗ ਵਿਦਿਆਰਥੀ ਸਿਹਤ ਦੇ ਖੇਤਰ ਵਿਚ ਅਪਣਾ ਵਧੀਆ ਯੋਗਦਾਨ ਦੇ ਸਕਣ ਅਤੇ ਸਮਾਜ ਵਿਚ ਉਸਾਰੂ ਭੂਮਿਕਾ ਨਿਭਾਅ ਸਕਣ।
ਮੀਟਿੰਗ ਦੌਰਾਨ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਪਿ੍ਰੰਸੀਪਲ ਸਕੱਤਰ ਸ੍ਰੀਮਤੀ ਰਾਜੀ ਪੀ. ਸ੍ਰੀਵਾਸਤਵ, ਪ੍ਰਿਸੀਪਲ ਸਕੱਤਰ ਡਾਕਟਰੀ ਸਿੱਖਿਆ ਤੇ ਖੋਜ ਸ੍ਰੀ ਅਲੋਕ ਸ਼ੇਖਰ, ਵਧੀਕ ਸਕੱਤਰ ਸ੍ਰੀ ਰਾਹੁਲ ਗੁਪਤਾ, ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ, ਡਾਕਟਰੀ ਸਿਖਿਆ ਤੇ ਖੋਜ ਵਿਭਾਗ ਦੇ ਡਾਇਰੈਕਟਰ ਡਾ. ਸੁਜਾਤਾ ਸ਼ਰਮਾ ਸਾਬਕਾ ਮੰਤਰੀ ਸ੍ਰੀ ਅਸ਼ਵਨੀ ਸੇਖੜੀ, ਸਾਬਕਾ ਮੰਤਰੀ ਸ੍ਰੀਮਤੀ ਮਾਲਤੀ ਥਾਪਰ ਤੋਂ ਇਲਾਵਾ ਵੱਖ ਵੱਖ ਐਸੋਸੀਏਸ਼ਨਾਂ ਦੇ ਅਹੁੁਦੇਦਾਰ ਹਾਜ਼ਰ ਸਨ।