ਹੁਣ ਆਨਲਾਈਨ ਲਿੰਕ ਰਾਹੀਂ ਟਰੈਕ ਹੋਣਗੀਆਂ ਸਰਕਾਰੀ ਐਂਬੂਲੈਂਸਾਂ : ਸੋਨੀ

ਏਜੰਸੀ

ਖ਼ਬਰਾਂ, ਪੰਜਾਬ

ਹੁਣ ਆਨਲਾਈਨ ਲਿੰਕ ਰਾਹੀਂ ਟਰੈਕ ਹੋਣਗੀਆਂ ਸਰਕਾਰੀ ਐਂਬੂਲੈਂਸਾਂ : ਸੋਨੀ

image

ਚੰਡੀਗੜ੍ਹ, 5 ਅਕਤੂਬਰ (ਜਸਪਾਲ ਸਿੰਘ) : ਉਪ ਮੱੁਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਵਿਧਾਇਕ ਨੱਥੂ ਰਾਮ, ਸੁਰਜੀਤ ਸਿੰਘ ਧੀਮਾਨ, ਨਵਤੇਜ ਚੀਮਾ, ਸੁਖਪਾਲ ਭੁੱਲਰ, ਲਖਬੀਰ ਲੱਖਾ ਅਤੇ ਪ੍ਰਮੁਖ ਸਕੱਤਰ ਸਿਹਤ ਅਤੇ ਪ੍ਰਵਾਰ ਭਲਾਈ ਆਲੋਕ ਸੇਖਰ, ਮੈਨੇਜਿੰਗ ਡਾਇਰੈਕਟਰ ਪੀਐਚਐਸਸੀ ਅਮਿਤ ਕੁਮਾਰ ਆਈ.ਏ.ਐਸ ਦੀ ਹਾਜ਼ਰੀ ਵਿਚ ਜਗਿਟਜਾ ਹੈਲਥਕੇਅਰ ਲਿਮਟਿਡ ਲਈ 30 ਨਵੀਆਂ ਈਆਰਐਸ-108 ਐਂਬੂਲੈਂਸਾਂ ਨੂੰ  ਹਰੀ ਝੰਡੀ ਦੇ ਕੇ ਰਵਾਨਾ ਕੀਤਾ | 
ਉਪ ਮੁੱਖ ਮੰਤਰੀ ਨੇ ਕਿਹਾ ਕਿ ਬੁਨਿਆਦੀ ਢਾਂਚੇ ਨੂੰ  ਹੁਲਾਰਾ ਦੇਣ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਇਕ ਹੋਰ ਸੇਵਾ ਸ਼ੁਰੂ ਕੀਤੀ ਗਈ ਹੈ ਜਿਸ ਰਾਹੀਂ ਮਰੀਜ਼ ਜਾਂ ਉਨ੍ਹਾਂ ਦੇ ਰਿਸ਼ਤੇਦਾਰ ਹੋਰ ਆਨਲਾਈਨ ਸੇਵਾ ਪ੍ਰਦਾਤਾਵਾਂ ਦੀ ਤਰ੍ਹਾਂ ਆਨਲਾਈਨ ਲਿੰਕ ਰਾਹੀਂ ਇਨ੍ਹਾਂ ਐਂਬੂਲੈਂਸਾਂ ਦੀ ਆਵਾਜਾਈ ਨੂੰ  ਆਸਾਨੀ ਨਾਲ ਟਰੈਕ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਕਾਲ ਕਰਨ ਵਾਲੇ ਨੂੰ  ਉਸ ਦੇ ਮੋਬਾਈਲ ਫੋਨ 'ਤੇ ਆਨਲਾਈਨ ਲਿੰਕ ਸਮੇਤ ਇਕ ਐਸਐਮਐਸ ਮਿਲੇਗਾ ਜਿਸ ਨਾਲ ਉਹ ਐਂਬੂਲੈਂਸ ਨੂੰ  ਟਰੈਕ ਕਰ ਸਕਣਗੇ |
  ਸੋਨੀ ਨੇ ਦਸਿਆ ਕਿ ਸਰਕਾਰੀ ਐਂਬੂਲੈਂਸਾਂ ਦੇ ਪਹੰੁਚਣ ਦਾ ਔਸਤ ਸਮਾਂ ਪੇਂਡੂ ਖੇਤਰ ਲਈ 30 ਤੋਂ 20 ਮਿੰਟ ਅਤੇ ਸ਼ਹਿਰੀ ਖੇਤਰਾਂ ਵਿਚ 20 ਮਿੰਟ ਤੋਂ ਘਟਾ ਕੇ 15 ਕੀਤਾ ਗਿਆ ਹੈ | ਇਹ ਉਪਰਾਲਾ ਆਮ ਲੋਕਾਂ ਦਾ ਵਿਸ਼ਵਾਸ ਮਜ਼ਬੂਤ ਕਰਨ ਅਤੇ ਪੰਜਾਬ ਦੇ ਲੋਕਾਂ ਲਈ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਿਚ ਸਹਾਇਤਾ ਕਰੇਗਾ | ਉਪ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸਿਹਤ ਵਿਭਾਗ ਦੀ ਵੈਬਸਾਈਟ 'ਤੇ ਈਆਰਐਸ-108 ਐਂਬੂਲੈਂਸਾਂ ਦਾ ਡੈਸ਼ਬੋਰਡ ਜਨਤਾ ਲਈ ਉਪਲਬਧ ਹੋਵੇਗਾ | ਸੋਨੀ ਨੇ ਕਿਹਾ ਕਿ 30 ਨਵੇਂ ਵਾਹਨਾਂ ਨੂੰ  ਸ਼ਾਮਲ ਕਰਨ ਦੇ ਨਾਲ, ਹੁਣ ਐਂਬੂਲੈਂਸਾਂ ਦੀ ਗਿਣਤੀ 270 ਤੋਂ ਵਧਾ ਕੇ 300 ਹੋ ਗਈ ਹੈ ਜੋ ਕਿ ਅੱਗੇ ਆਉਣ ਵਾਲੇ ਸਮੇਂ ਵਿਚ 400 ਤਕ ਵਧਾਉਣ ਦੀ ਯੋਜਨਾ ਹੈ |