ਪਾਕਿਸਤਾਨ ਪੰਜਾਬ ਗਵਰਨਰ ਦੇ ਪੀ ਆਰ ਓ ਪਵਨ ਸਿੰਘ ਸਨਮਾਨਤ 

ਏਜੰਸੀ

ਖ਼ਬਰਾਂ, ਪੰਜਾਬ

ਪਾਕਿਸਤਾਨ ਪੰਜਾਬ ਗਵਰਨਰ ਦੇ ਪੀ ਆਰ ਓ ਪਵਨ ਸਿੰਘ ਸਨਮਾਨਤ 

image


ਵਰਜੀਨੀਆ, 5 ਅਕਤੂਬਰ (ਸੁਰਮੁਖ ਸਿੰਘ ਮਾਣਕੂ) : ਪਾਕਿਸਤਾਨ ਗਵਰਨਰ ਦੇ ਪੀ ਆਰ ਓ ਪਵਨ ਸਿੰਘ ਹਨ ਜੋ ਅਮਰੀਕਾ ਦੇ ਸਕਾਲਰਸ਼ਿਪ ਤੇ ਅੰਤਰ-ਰਾਸ਼ਟਰੀ ਧਾਰਮਕ ਸਟੱਡੀ ਤੇ ਦਸ ਮਹੀਨਿਆਂ ਲਈ ਅਮਰੀਕਾ ਦੀ ਵਸ਼ਿਗਟਨ ਡੀ ਸੀ ਸਥਿਤ ਯੂਨੀਵਰਸਟੀ ਵਿਚ ਪੜ੍ਹਨ ਲਈ ਆਏ ਹੋਏ ਹਨ | ਰਣਬੀਰ ਸਿੰਘ ਛਤਵਾਲ ਵਲੋਂ ਉਨ੍ਹਾਂ ਨੂੰ  ਸਿੱਖ ਫ਼ਾਊਡੇਸ਼ਨ ਵਰਜੀਨੀਆ ਵਿਖੇ ਨਤਮਸਤਕ ਹੋਣ ਲਈ ਲਿਆਂਦਾ ਗਿਆ | ਜਿਥੇ ਮਨਜੀਤ ਸਿੰਘ ਤਨੇਜਾ ਸਕੱਤਰ ਵਲੋਂ ਸੰਗਤਾਂ ਨਾਲ ਜਾਣ ਪਹਿਚਾਣ ਕਰਵਾਉਣ ਉਪਰੰਤ ਪਵਨ ਸਿੰਘ ਨੂੰ  ਸੰਗਤਾਂ ਦੇ ਰੂਬਰੂ ਕਰਵਾਇਆ |
ਪਵਨ ਸਿੰਘ ਨੇ ਅਪਣੇ ਸੰਬੋਧਨ ਵਿਚ ਕਿਹਾ ਕਿ ਗੁਰੂ ਸਾਹਿਬ ਨੇ ਸਾਨੂੰ  ਨਿੱਘੀ ਗੋਦ ਬਖ਼ਸ਼ੀ ਹੈ ਜਿਸ ਸਦਕਾ ਅਸੀਂ ਸਾਰੇ ਉਸ ਦਾ ਅਨੰਦ ਮਾਣ ਰਹੇ ਹਾਂ | ਮੈਨੂੰ ਲਗਦਾ ਸੀ ਕਿ ਮੈਂ ਘਰ ਤੋਂ ਦੂਰ ਹੋ ਕੇ ਕਿਵੇਂ ਰਹਾਂਗਾ | ਪਰ ਗੁਰੂ ਘਰਾਂ ਦੇ ਦਰਸ਼ਨਾਂ ਤੇ ਪਿਆਰ ਸਦਕਾ ਮੈਂ ਖ਼ੁਸ਼ੀ ਮਹਿਸੂਸ ਕਰ ਰਿਹਾ ਹਾਂ | 

ਗੁਰੂ ਘਰ ਹੀ ਸਾਡੀ ਪਹਿਚਾਣ ਹਨ | ਮੈਂ ਖ਼ੁਸ਼ ਕਿਸਮਤ ਹਾਂ ਜੋ ਮੇਰਾ ਜਨਮ ਨਨਕਾਣਾ ਸਾਹਿਬ ਹੋਇਆ ਹੈ | ਜਿਥੇ ਸਿੱਖਾਂ ਦੇ ਘਰ ਘੱਟ ਹਨ | ਪਰ ਇਤਿਹਾਸਕ ਗੁਰੂ ਘਰ ਵੱਧ ਹਨ | ਪਰ ਅਜੇ ਸਾਰੇ ਵਿਕਸਤ ਨਹੀਂ ਹਨ | ਗੁਰੂ ਘਰਾਂ ਦੀ ਸੇਵਾ ਸੰਭਾਲ ਤੁਹਾਡੀ ਜ਼ਿੰਮੇਵਾਰੀ ਹੈ | ਤੁਹਾਡੀ ਵਿਰਾਸਤ ਤੇ ਮੱਕਾ ਪਾਕਿਸਤਾਨ ਵਿਚ ਹੈ | ਜਿਥੇ ਹਰ ਸਿੱਖ ਦਾ ਨਤਮਸਤਕ ਹੋਣਾ ਲਾਜ਼ਮੀ ਹੈ |
ਤੁਸੀ ਚਾਹੇ ਡਾਕਟਰ, ਇੰਜੀਨੀਅਰ, ਕਲਾਕਾਰ, ਆਰਟਿਸਟ ਜਾਂ ਵਪਾਰੀ ਹੋ | ਤੁਹਾਨੂੰ ਪਾਕਿਸਤਾਨ ਦੇ ਬੱਚਿਆਂ ਨਾਲ ਸੰਪਰਕ ਰਖਣਾ ਚਾਹੀਦਾ ਹੈ | ਜੋ ਤੁਹਾਡੀ ਲਿਆਕਤ ਦਾ ਲਾਭ ਇੰਟਰਨੈਟ ਰਾਹੀਂ ਲੈ ਸਕਣ | ਗੁਰੂ ਘਰਾਂ ਦੇ ਇਤਿਹਾਸ ਤੇ ਵਿਰਾਸਤ ਤੋਂ ਜਾਣੂ ਹੋ ਸਕਣ | ਤਿੰਨ ਵੱਡੇ ਸ਼ਹਿਰ ਨਨਕਾਣਾ ਸਾਹਿਬ, ਪੰਜਾ ਸਾਹਿਬ ਤੇ ਪੇਸ਼ਾਵਰ ਵਿਚ ਸਿੱਖ ਸੰਗਤਾ ਬਹੁਤ ਹਨ ਜੋ ਤਨਦੇਹੀ ਨਾਲ ਸੇਵਾ ਕਰ ਰਹੀਆਂ ਹਨ |
ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸੰਗਤਾਂ ਵੀਜ਼ੇ ਚਾਹੁੰਦੀਆਂ ਹਨ  ਜਿਸ ਲਈ ਮੈਂ ਮਦਦ ਕਰਨ ਲਈ ਤਿਆਰ ਹਾਂ | ਮੈਂ ਹਮੇਸ਼ਾ ਤੁਹਾਡੇ ਬੂਹੇ ਤੇ ਦਸਤਕ ਦੇਣ ਲਈ ਹਾਜ਼ਰ ਹਾਂ, ਜਦੋਂ ਯਾਦ ਕਰੇਗਾ | ਮੇਰਾ ਸੰਪਰਕ ਨੰਬਰ ਸਕੱਤਰ ਸਾਹਿਬ ਦੇ ਕੋਲ ਹੈ | ਅਮਰਜੀਤ ਸਿੰਘ ਰਿਆਤ ਨੇ ਪਵਨ ਸਿੰਘ ਦਾ ਧਨਵਾਦ ਕੀਤਾ,ਉਪਰੰਤ ਹੈੱਡ ਗ੍ਰੰਥੀ ਸਤਪਾਲ ਸਿੰਘ ਵਲੋਂ ਪਵਨ ਸਿੰਘ ਨੂੰ  ਸਿਰੋਪਾਉ ਨਾਲ ਸਨਮਾਨਤ ਕੀਤਾ | ਸਮੁੱਚੀ ਸੰਗਤ ਨੇ ਪਵਨ ਸਿੰਘ ਨਾਲ ਵਿਚਾਰਾ ਦੀ ਸਾਂਝ ਪਾਈ |