ਸੂਬਾ ਸਰਕਾਰ ਪੰਜਾਬ ਵਿਚ ਪੈਦਾ ਨਾ ਹੋਣ ਵਾਲੀਆਂ ਬਾਸਮਤੀ ਝੋਨੇ ਦੀਆਂ ਕਿਸਮਾਂ ਦੀ ਦੂਜਿਆਂ ਸੂਬਿਆਂ ਤੋਂ

ਏਜੰਸੀ

ਖ਼ਬਰਾਂ, ਪੰਜਾਬ

ਸੂਬਾ ਸਰਕਾਰ ਪੰਜਾਬ ਵਿਚ ਪੈਦਾ ਨਾ ਹੋਣ ਵਾਲੀਆਂ ਬਾਸਮਤੀ ਝੋਨੇ ਦੀਆਂ ਕਿਸਮਾਂ ਦੀ ਦੂਜਿਆਂ ਸੂਬਿਆਂ ਤੋਂ ਆਮਦ ਸਬੰਧੀ ਮਨਜ਼ੂਰੀ ਦੇਣ ਬਾਰੇ ਸਮੀਖਿਆ ਕਰੇਗੀ

image

ਚੰਡੀਗੜ੍ਹ, 6 ਅਕਤੂਬਰ (ਨਰਿੰਦਰ ਸਿੰਘ ਝਾਂਮਪੁਰ) : ਉਪ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਇਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਪੰਜਾਬ ਰਾਈਸ ਮਿੱਲਰਜ਼ ਐਕਸਪੋਰਟਰਜ਼ ਐਸੋਸੀਏਸ਼ਨ ਨਾਲ ਮੀਟਿੰਗ ਦੌਰਾਨ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਪੰਜਾਬ ਵਿਚ ਪੈਦਾ ਨਾ ਹੋਣ ਵਾਲੀਆਂ ਬਾਸਮਤੀ ਝੋਨੇ ਦੀਆਂ ਕਿਸਮਾਂ ਦੀ ਦੂਜੇ ਸੂਬਿਆਂ ਤੋਂ ਆਮਦ ਸਬੰਧੀ ਮਨਜ਼ੂਰੀ ਦੇਣ ਦੀ ਸਮੀਖਿਆ ਕਰੇਗੀ। ਇਸ ਮੀਟਿੰਗ ਦੀ ਪ੍ਰਧਾਨਗੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਉਪ ਮੁੱਖ ਮੰਤਰੀ ਨਾਲ ਸਾਂਝੇ ਤੌਰ ’ਤੇ ਕੀਤੀ। 
ਉਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਇਕ ਖੇਤੀਬਾੜੀ ਪ੍ਰਧਾਨ ਸੂਬਾ ਹੈ ਅਤੇ ਪੰਜਾਬ ਦੇ ਬਾਸਮਤੀ ਚਾਵਲ ਨੇ ਕੌਮਾਂਤਰੀ ਪੱਧਰ ’ਤੇ ਅਪਣੀ ਵਿਲੱਖਣ ਪਛਾਣ ਬਣਾਈ ਹੈ। ਉਨ੍ਹਾਂ ਨੇ ਬਾਸਮਤੀ ਉਤਪਾਦਨ ਅਤੇ ਨਿਰਯਾਤ ਯੂਨਿਟਾਂ ਨੂੰ ਉਨ੍ਹਾਂ ਦੇ ਕੰਮਾਂ ਨੂੰ ਨਿਰਵਿਘਨ ਢੰਗ ਨਾਲ ਚਲਾਉਣ ਲਈ ਹਰ ਸੰਭਵ ਸਮਰਥਨ ਦਾ ਭਰੋਸਾ ਦਿਤਾ। ਉਨ੍ਹਾਂ ਨੇ ਚਾਵਲ ਨਿਰਯਾਤਕਾਂ ਵਲੋਂ ਅੰਮ੍ਰਿਤਸਰ ਵਿਚ ਇਕ ਰਾਈਸ-ਪੈਸਟੀਸਾਈਡ ਟੈਸਟਿੰਗ ਲੈਬਾਰਟਰੀ ਸਥਾਪਤ ਕਰਨ ਦੀ ਮੰਗ ਨੂੰ ਸਵੀਕਾਰ ਕਰ ਲਿਆ ਜਿਥੇ ਨਿਰਯਾਤਕ ਇੰਟਰਨੈਸ਼ਨਲ ਬਾਸਮਤੀ ਸ਼ਿਪਮੈਂਟ ਦੇ ਇਨਕਾਰ ਤੋਂ ਬਚਣ ਲਈ ਪ੍ਰੀ-ਪ੍ਰਚੇਜ ਸੈਂਪਲ ਟੈਸਟਿੰਗ ਕਰਵਾ ਸਕਣਗੇ। ਇਹ ਲੈਬ ਗੁਰੂ ਨਾਨਕ ਦੇਵ ਯੂਨੀਵਰਸਟੀ, ਅੰਮ੍ਰਿਤਸਰ ਦੇ ਨੇੜੇ ਹੁਨਰ ਵਿਕਾਸ ਕੇਂਦਰ ਵਿਖੇ ਸਥਾਪਤ ਕੀਤੀ ਜਾਵੇਗੀ। ਚਾਵਲ ਨਿਰਯਾਤਕਾਂ ਨੇ ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਪ੍ਰੀਮੀਅਮ ਦੇਣ ਦਾ ਵਾਅਦਾ ਕੀਤਾ ਜੋ ਕੀਟਨਾਸ਼ਕ ਮੁਕਤ ਬਾਸਮਤੀ ਝੋਨੇ ਦਾ ਉਤਪਾਦਨ ਕਰਨਗੇ। 
ਵਿੱਤ ਮੰਤਰੀ ਨੇ ਭਰੋਸਾ ਦਿਵਾਇਆ, “ਸਰਕਾਰ ਆਉਂਦੇ ਪੰਦਰਵਾੜੇ ਵਿਚ ਐਸੋਸੀਏਸ਼ਨ ਦੀਆਂ ਮੰਗਾਂ ਦੀ ਸਮੀਖਿਆ ਕਰੇਗੀ ਅਤੇ ਚਾਵਲ ਉਦਯੋਗ ਨਾਲ ਕੀਤੇ ਸਾਰੇ ਵਾਅਦਿਆਂ ਨੂੰ ਕਾਨੂੰਨ ਅਤੇ ਮੰਤਰੀ ਮੰਡਲ ਦੇ ਫ਼ੈਸਲੇ ਅਨੁਸਾਰ ਪੂਰਾ ਕਰੇਗੀ।’’ 
ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਨੇ ਸਪਸ਼ਟ ਤੌਰ ’ਤੇ ਦਸਿਆ ਕਿ ਵਿਭਾਗ ਨੂੰ ਦੂਜੇ ਸੂਬਿਆਂ ਤੋਂ ਬਾਸਮਤੀ ਝੋਨੇ ਦੀ ਆਮਦ ‘ਤੇ ਪਾਬੰਦੀਆਂ ਲਾਉਣ ਲਈ ਮਜਬੂਰ ਹੋਣਾ ਪਿਆ ਕਿਉਂਕਿ ਪਿਛਲੇ ਸਮੇਂ ਦੌਰਾਨ ਚਾਵਲ ਉਦਯੋਗਾਂ ਵਿਚਲੇ ਕੁੱਝ ਭਿ੍ਰਸ਼ਟ ਵਿਅਕਤੀਆਂ ਕਾਰਨ ਕਿਸਾਨਾਂ ਦੇ ਹਿਤਾਂ ਅਤੇ ਸੂਬੇ ਦੇ ਮਾਲੀਏ ’ਤੇ ਬੁਰਾ ਪ੍ਰਭਾਵ ਪਿਆ ਸੀ। ਇਸ ਮੌਕੇ ਉਨ੍ਹਾਂ ਨੇ ਮਾਰਕੀਟ ਫ਼ੀਸ, ਵਿੱਤੀ ਪ੍ਰੋਤਸਾਹਨ ਅਤੇ ਐਸੋਸੀਏਸ਼ਨ ਦੀਆਂ ਹੋਰਨਾਂ ਜਾਇਜ਼ ਮੰਗਾਂ ’ਤੇ ਮੁੜ ਵਿਚਾਰ ਕਰਨ ਲਈ ਇਕ ਵਿਭਾਗੀ ਅਧਿਕਾਰੀ ਦੀ ਜ਼ਿੰਮੇਵਾਰੀ ਵੀ ਲਗਾਈ।