ਅਸੀਂ ਕਿਸਾਨ ਹਾਂ, ਅਤਿਵਾਦੀ ਨਹੀਂ : ਕੋਲਕਾਤਾ ਦੇ ਪੂਜਾ ਪੰਡਾਲ ’ਚ ਗੂੰਜ ਰਹੀ ਕਿਸਾਨ ਅੰਦੋਲਨ ਦੀ ਆਵਾ

ਏਜੰਸੀ

ਖ਼ਬਰਾਂ, ਪੰਜਾਬ

ਅਸੀਂ ਕਿਸਾਨ ਹਾਂ, ਅਤਿਵਾਦੀ ਨਹੀਂ : ਕੋਲਕਾਤਾ ਦੇ ਪੂਜਾ ਪੰਡਾਲ ’ਚ ਗੂੰਜ ਰਹੀ ਕਿਸਾਨ ਅੰਦੋਲਨ ਦੀ ਆਵਾਜ਼

image

ਕੋਲਕਾਤਾ, 6 ਅਕਤੂਬਰ : ਕੋਲਕਾਤਾ ਦਾ ਇਕ ਮਸ਼ਹੂਰ ਦੁਰਗਾ ਪੰਡਾਲ ਇਸ ਸਾਲ ਦੇਸ਼ ਵਿਚ ਖੇਤੀ ਕਾਨੂੰਨਾਂ ਨੂੰ ਲੈ ਕੇ ਅੰਦੋਲਨ ਅਤੇ ਨਾਲ ਹੀ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ’ਚ ਕਿਸਾਨਾਂ ਦੇ ਕਤਲ ਦੀ ਘਟਨਾ ਨੂੰ ਦਰਸ਼ਾਏਗਾ। ਸ਼ਹਿਰ ਦੇ ਉੱਤਰੀ ਹਿੱਸੇ ’ਚ ਦਮਦਮ ਪਾਰਕ ਭਾਰਤ ਚੱਕਰ ਪੰਡਾਲ ਦੇ ਪ੍ਰਵੇਸ਼ ਦੁਆਰ ’ਤੇ ਕਿਸਾਨਾਂ ਦੇ ਟਰੈਕਟਰ ਤੋਂ ਖੇਤ ਵਾਉਣ ਦੀ ਇਕ ਵੱਡੀ ਕਲਾਕਿ੍ਰਤੀ ਲਾਈ ਗਈ ਹੈ, ਜੋ ਉਨ੍ਹਾਂ ਦੇ ਸੰਘਰਸ਼ ਨੂੰ ਦਰਸਾਉਂਦਾ ਹੈ।
ਪੂਜਾ ਪੰਡਾਲ ਦੇ ਆਲੇ-ਦੁਆਲੇ ਇਕ ਕਾਰ ਦਾ ਸਕੈਚ ਹੈ ਅਤੇ ਉਸ ਦੇ ਰਾਹ ਵਿਚ ਇਕ ਕਿਸਾਨ ਲੰਮੇ ਪਿਆ ਹੈ। ਹੇਠਾਂ ਬੰਗਾਲੀ ਵਿਚ ਲਿਖਿਆ ਹੈ: ਕਾਰ ਧੂੰਆਂ ਉਡਾਉਂਦੀ ਹੋਈ ਜਾ ਰਹੀ ਹੈ ਅਤੇ ਕਿਸਾਨ ਉਸ ਦੇ ਪਹੀਏ ਹੇਠਾਂ ਆ ਰਹੇ ਹਨ। ਪੰਡਾਲ ਵਿਚ ਸੈਂਕੜੇ ਚੱਪਲਾਂ ਹਨ, ਜੋ ਪ੍ਰਦਰਸ਼ਨ ਤੋਂ ਬਾਅਦ ਦਿ੍ਰਸ਼ ਨੂੰ ਦਰਸਾਉਂਦੀਆਂ ਹਨ। ਦਰਅਸਲ ਪ੍ਰਦਰਸ਼ਨ ਦੌਰਾਨ ਪੁਲਿਸ ਦੀ ਕਾਰਵਾਈ ਹੋਣ ’ਤੇ ਕੋਈ ਲੋਕਾਂ ਦੀਆਂ ਚੱਪਲਾਂ ਲੱਥ ਜਾਂਦੀਆਂ ਹਨ। ਮੁੱਖ ਪੰਡਾਲ ’ਚ ਝੋਨੇ ਦੀ ਕਲਾਕਿ੍ਰਤੀ ਹੈ, ਜੋ ਛੱਤ ਤੋਂ ਲਟਕ ਰਹੀ ਹੈ। 
ਇਸ ਵਿਸ਼ੇ ਦੀ ਅਵਸਥਾ ਪੇਸ਼ ਕਰਨ ਵਾਲੇ ਕਲਾਕਾਰ ਅਨੀਬਰਨ ਦਾਸ ਨੇ ਕਿਹਾ ਕਿ ਅੰਦੋਲਨ ਦੌਰਾਨ ਅਪਣੀ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਨਾਮ ਵਿਸ਼ਾਲ ਟਰੈਕਟਰ ’ਤੇ ਕਾਗਜ਼ ਦੇ ਛੋਟੇ-ਛੋਟੇ ਟੁਕੜਿਆਂ ’ਤੇ ਲਿਖੇ ਹਨ ਅਤੇ ਟਰੈਕਟਰ ’ਚ ਖੰਭ ਲਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਖੰਭ ਬੰਧਨ ਤੋਂ ਮੁਕਤੀ ਦੀ ਇੱਛਾ ਦਾ ਪ੍ਰਤੀਕ ਹਨ। ਪੰਡਾਲ ਵਿਚ ਇਕ ਹੋਰ ਪੋਸਟਰ ਅੰਗਰੇਜ਼ੀ ਵਿਚ ਹੈ, ਜਿਸ ’ਤੇ ਲਿਖਿਆ ਹੈ, ‘‘ਅਸੀਂ ਕਿਸਾਨ ਹਾਂ ਨਾ ਕਿ ਅਤਿਵਾਦੀ, ਕਿਸਾਨ ਅੰਨਦਾਤਾ ਹੁੰਦੇ ਹਨ।’’ ਪੂਜਾ ਕਮੇਟੀ ਦੇ ਸਕੱਤਰ ਪ੍ਰਤੀਕ ਚੌਧਰੀ ਨੇ ਕਿਹਾ ਕਿ ਉਹ ਕਿਸਾਨਾਂ ਦੇ ਸ਼ੋਸ਼ਣ ਨੂੰ ਸਾਹਮਣੇ ਲਿਆਉਣਾ ਚਾਹੁੰਦੇ ਹਨ, ਜਿਸ ਕਾਰਨ ਉਨ੍ਹਾਂ ਨੇ ਕਿਸਾਨਾਂ ਨੂੰ ਪੂਜਾ ਪੰਡਾਲ ਦਾ ਹਿੱਸਾ ਬਣਾਇਆ।    (ਏਜੰਸੀ)