Punjab News: ਐਮ.ਏ. ਦੀਆਂ ਡਿਗਰੀਆਂ ਪ੍ਰਾਪਤ ਕਾਰੀਗਰ ਮਿੱਟੀ ਦੇ ਦੀਵੇ ਬਣਾਉਣ ਲਈ ਮਜਬੂਰ
ਪੰਜਾਬ ਸਰਕਾਰ ਤੋਂ ਉਚ ਵਿਦਿਆ ਪ੍ਰਾਪਤ ਬੱਚਿਆਂ ਨੂੰ ਨੌਕਰੀਆਂ ਦੇਣ ਦੀ ਕੀਤੀ ਮੰਗ
Artisans with MA degrees forced to make clay lamps: ਬੇਸ਼ੱਕ ਦੀਵਾਲੀ ਦੇ ਤਿਉਹਾਰ ਮੌਕੇ ਕਾਰੀਗਰਾਂ ਵਲੋਂ ਮਿੱਟੀ ਦੇ ਦੀਵੇ ਅਤੇ ਭਾਂਡੇ ਤਿਆਰ ਕੀਤੇ ਜਾਂਦੇ ਹਨ ਪਰ ਵੱਖ ਵੱਖ ਕਿਸਮ ਦੀਆ ਚਾਈਨਾ ਮੇਡ ਬਿਜਲਈ ਲੜੀਆਂ ਨੇ ਗ਼ਰੀਬਾਂ ਦਾ ਰੁਜ਼ਗਾਰ ਹੀ ਨਹੀਂ ਖੋਹਿਆ, ਬਲਕਿ ਸਾਨੂੰ ਅਸਲ ਸਭਿਆਚਾਰ ਨਾਲੋਂ ਵੀ ਤੋੜ ਕੇ ਰੱਖ ਦਿਤਾ ਹੈ। ਕੋਟਕਪੂਰਾ ਦੇ ਨੇੜਲੇ ਪਿੰਡ ਔਲਖ ਦੇ ਵੀਰ ਚੰਦ ਅਤੇ ਸ੍ਰੀ ਚੰਦ ਦੋਨੋਂ ਭਰਾ ਅਪਣੇ ਜੱਦੀ ਪੁਰਖਿਆਂ ਤੋਂ ਪੀੜ੍ਹੀ ਦਰ ਪੀੜ੍ਹੀ ਮਿੱਟੀ ਦੇ ਭਾਂਡੇ ਬਣਾਉਣ ਦਾ ਕੰਮ ਕਰਦੇ ਆ ਰਹੇ ਹਨ।
ਉਦਾਸ ਮਨ ਨਾਲ ਦੋਵੇਂ ਭਰਾਵਾਂ ਨੇ ਦਸਿਆ ਕਿ ਅੱਜ ਦੇ ਸਮੇਂ ਵਿਚ ਮਿੱਟੀ ਦੇ ਭਾਂਡੇ ਬਣਾਉਣਾ ਬੜਾ ਮੁਸ਼ਕਲ ਹੋ ਗਿਆ ਹੈ ਕਿਉਂਕਿ ਮਿੱਟੀ ਹੁਣ ਮੁਫ਼ਤ ਨਹੀਂ ਬਲਕਿ ਮੁਲ ਮਿਲਦੀ ਹੈ ਜਿਸ ਨਾਲ ਭਾਂਡੇ ਬਣਾ ਕੇ ਅੱਗ ’ਤੇ ਪਕਾਉਣ ਉਪਰੰਤ ਕਾਫ਼ੀ ਖ਼ਰਚਾ ਹੋ ਜਾਂਦਾ ਹੈ ਅਤੇ ਉਪਰੋਂ ਮੌਸਮ ਦੀ ਬੇਯਕੀਨੀ ਨਾਲ ਸਾਰੀ ਮਿਹਨਤ ਅਤੇ ਸਰਮਾਇਆ ਅਜਾਈਂ ਚਲੇ ਜਾਣ ਦਾ ਖ਼ਤਰਾ ਵੀ ਮੰਡਰਾਉਂਦਾ ਰਹਿੰਦਾ ਹੈ।
ਉਨ੍ਹਾਂ ਦਸਿਆ ਕਿ ਭਾਵੇਂ ਸਖ਼ਤ ਮਿਹਨਤ ਕਰ ਕੇ ਅਪਣੇ ਬੱਚਿਆਂ ਨੂੰ ਗਰੈਜੂਏਟ ਅਤੇ ਪੋਸਟ ਗਰੈਜੂਏਟ ਤਕ ਦੀਆਂ ਪੜ੍ਹਾਈਆਂ ਕਰਵਾਈਆਂ ਪਰ ਉੁਹ ਸਰਕਾਰੀ ਨੌਕਰੀ ਨਾ ਮਿਲਣ ਕਰ ਕੇ ਉੱਚ ਵਿਦਿਆ ਪ੍ਰਾਪਤ ਡਿਗਰੀਆਂ ਹਾਸਲ ਕਰਨ ਦੇ ਬਾਵਜੂਦ ਵੀ ਮਿੱਟੀ ਦੇ ਭਾਂਡੇ ਬਣਾਉਣ ਲਈ ਮਜਬੂਰ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਾਂ ਤਾਂ ਸਾਡੇ ਉਚ ਵਿਦਿਆ ਪ੍ਰਾਪਤ ਬੱਚਿਆਂ ਨੂੰ ਨੌਕਰੀਆਂ ਦਿਤੀਆਂ ਜਾਣ ਤੇ ਜਾਂ ਸਹਾਇਕ ਧੰਦਿਆਂ ਦੀ ਤਰ੍ਹਾਂ ਸਾਨੂੰ ਬਿਨਾਂ ਵਿਆਜ ਕਰਜ਼ਾ ਮੁਹਈਆ ਕਰਵਾਇਆ ਜਾਵੇ।
ਕੋਟਕਪੂਰਾ ਤੋਂ ਗੁਰਿੰਦਰ ਸਿੰਘ ਦੀ ਰਿਪੋਰਟ