ਕਿਸਾਨ ਆਗੂਆਂ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲਿ੍ਆਂ ’ਚ ਫੂਕੇ ਗਏ ਭਗਵੰਤ ਮਾਨ ਅਤੇ ਕੇਦਰ ਸਰਕਾਰ ਦੇ ਪੁਤਲੇ
ਪਰਾਲੀ ਸਾੜਨ ਦੇ ਮਾਮਲੇ ’ਚ 6 ਮਹੀਨੇ ਦੀ ਸਜਾ ਤੇ ਜੁਰਮਾਨੇ ਦੇ ਵਿਰੋਧ ਵਜੋਂ ਪੁਤਲੇ ਸਾੜ ਕੇ ਕੀਤਾ ਗਿਆ ਪ੍ਰਦਰਸ਼ਨ
ਚੰਡੀਗੜ੍ਹ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸਰਵਣ ਸਿੰਘ ਬਾਊਪੁਰ ਅਤੇ ਜ਼ਿਲ੍ਹਾ ਸਕੱਤਰ ਸ਼ੇਰ ਸਿੰਘ ਮਹੀਂਵਾਲ ਦੀ ਅਗਵਾਈ ਵਿਚ ਜ਼ਿਲ੍ਹਾ ਕਪੂਰਥਲਾ ਵਿੱਚ 6 ਥਾਵਾਂ ’ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਅਤੇ ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਪੂਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਕਿਸਾਨਾਂ ਵੱਲੋਂ ਇਹ ਰੋਸ ਪ੍ਰਦਰਸ਼ਨ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਮੁਆਵਜ਼ਾ ਜਾਰੀ ਨਾ ਕਰਨ, ਪੰਜਾਬ ਵਿਚ ਪਰਾਲੀ ਸਾੜਨ ’ਤੇ ਹਾਈ ਕੋਰਟ ਦੇ ਹੁਕਮ ਅਨੁਸਾਰ ਕਿਸਾਨ ਨੂੰ 6 ਮਹੀਨੇ ਦੀ ਸਜ਼ਾ ਅਤੇ ਜੁਰਮਾਨਾ ਕਰਨ ਦੇ ਵਿਰੋਧ ਵਿਚ ਕੀਤਾ ਗਿਆ। ਜ਼ੋਨ ਭਾਈ ਲਾਲੂ ਜੀ ਡੱਲਾ ਵੱਲੋਂ ਜ਼ਿਲ੍ਹਾ ਮੀਤ ਪ੍ਰਧਾਨ ਪਰਮਜੀਤ ਸਿੰਘ ਪੱਕੇ ਕੋਠੇ ਦੀ ਅਗਵਾਈ ਵਿਚ ਤਾਸ਼ਪੁਰ ’ਚ ਪੁਤਲਾ ਫੂਕਿਆ ਗਿਆ।
ਇਸੇ ਤਰ੍ਹਾਂ ਜ਼ੋਨ ਨਡਾਲਾ ਵੱਲੋਂ ਪ੍ਰਧਾਨ ਨਿਸ਼ਾਨ ਸਿੰਘ ਦੀ ਅਗਵਾਈ ਹੇਠ ਨਡਾਲਾ ਵਿਖੇ ਪੂਤਲਾ ਫੂਕਿਆ ਗਿਆ। ਜ਼ੋਨ ਮੀਰੀ ਪੀਰੀ ਗੁਰਸਰ ਪ੍ਰਧਾਨ ਹਰਵਿੰਦਰ ਸਿੰਘ ਉੱਚਾ ਵੱਲੋਂ ਉੱਚਾ ਵਿਖੇ ਪੂਤਲਾ ਫੂਕਿਆ ਗਿਆ। ਜਦਕਿ ਜ਼ੋਨ ਬੰਦਾ ਸਿੰਘ ਬਹਾਦਰ ਪ੍ਰਧਾਨ ਜੋਗਾ ਸਿੰਘ ਦੀ ਅਗਵਾਈ ਹੇਠ ਭਾਣੋਲੰਗਾ ਵਿਖੇ ਪੂਤਲਾ ਫੂਕਿਆ ਗਿਆ। ਜ਼ੋਨ ਬਾਬਾ ਬੀਰ ਸਿੰਘ ਪ੍ਰਧਾਨ ਪਿਆਰਾ ਸਿੰਘ ਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਪੁਸ਼ਪਿੰਦਰ ਸਿੰਘ ਰੰਧੀਰਪੁਰ ਦੀ ਅਗਵਾਈ ਹੇਠ ਤਲਵੰਡੀਪੁਲ ਸੁਲਤਾਨਪੁਰ ਲੋਧੀ ਵਿਖੇ ਪੂਤਲਾ ਫੂਕਿਆ ਗਿਆ ਅਤੇ ਇਸੇ ਤਰ੍ਹਾਂ ਬਲਵੀਰ ਸਿੰਘ ਕੋਟਕਰਾਰ ਦੀ ਅਗਵਾਈ ਹੇਠ ਵਡਾਲਾ ਫਾਟਕ ’ਤੇ ਵੀ ਪੂਤਲਾ ਫੂਕਿਆ ਗਿਆ।