ਮੰਤਰੀ ਡਾ. ਬਲਜੀਤ ਕੌਰ ਵੱਲੋਂ ਮਲੋਟ ਦੇ ਵੱਖ-ਵੱਖ ਪਿੰਡਾਂ ‘ਚ ਕਰੀਬ 3.31 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਬਨਿਟ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਕਾਸ ਕਾਰਜਾਂ ਦੀ ਖੁਦ ਨਿਗਰਾਨੀ ਕਰਨ

Minister Dr. Baljit Kaur launches development works worth about Rs. 3.31 crore in various villages of Malout

ਚੰਡੀਗੜ੍ਹ/ ਮਲੋਟ/ਸ੍ਰੀ ਮੁਕਤਸਰ ਸਾਹਿਬ: ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਵੱਲੋਂ ਅੱਜ ਮਲੋਟ ਹਲਕੇ ਦੇ ਪਿੰਡ ਜੰਡਵਾਲਾ, ਥੇਹੜ੍ਹੀ ਅਤੇ ਫਕਰਸਰ ਵਿਖੇ ਕਰੀਬ 3.31 ਕਰੋੜ ਰੁਪਏ ਦੀ ਲਾਗਤ ਵਾਲੇ ਵੱਖ-ਵੱਖ ਵਿਕਾਸ ਕੰਮਾਂ  ਦੀ ਸ਼ੁਰੂਆਤ ਕਰਵਾਈ।

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਜਦੋਂ ਕਰਨ ਵਾਲਿਆਂ ਦੀ ਨੀਅਤ ਸਾਫ ਹੋਵੇ ਤਾਂ ਕਿਸੇ ਵੀ ਕੰਮ ਵਿੱਚ ਅੜਿੱਕਾ ਨਹੀਂ ਲਗਦਾ ਤੇ ਸਾਰੇ ਕਾਰਜ ਬਹੁਤ ਵਧੀਆ ਢੰਗ ਨਾਲ ਸਿਰੇ ਚੜ੍ਹਦੇ ਹਨ। ਪੰਜਾਬ ਸਰਕਾਰ ਨੇਕ ਨੀਅਤ ਨਾਲ ਦਿਨ ਰਾਤ ਇੱਕ ਕਰ ਕੇ ਪੰਜਾਬ ਦੀ ਤਰੱਕੀ ਲਈ ਕੰਮ ਕਰ ਰਹੀ ਹੈ। ਮੌਜੂਦਾ ਸੂਬਾ ਸਰਕਾਰ ਵੱਲੋਂ ਜਿੰਨੇ ਕੰਮ ਆਪਣੇ ਹੁਣ ਤਕ ਦੇ ਕਾਰਜਕਾਲ ਦੌਰਾਨ ਕਰ ਦਿੱਤੇ ਗਏ ਹਨ, ਓਨੇ ਕਾਰਜ ਤਾਂ ਹੁਣ ਤਕ ਦੀਆਂ ਸਾਰੀਆਂ ਸਰਕਾਰਾਂ ਨਹੀਂ ਕਰ ਸਕੀਆਂ ਸਨ।

ਕੈਬਨਿਟ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਕਾਸ ਕਾਰਜਾਂ ਦੀ ਖੁਦ ਨਿਗਰਾਨੀ ਕਰਨ ਅਤੇ ਜੇਕਰ ਕਿਤੇ ਕੋਈ ਤਰੁਟੀ ਲਗਦੀ ਹੈ ਤਾਂ ਫੌਰੀ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਨੇ ਅਪਣੇ ਹੁਣ ਤਕ ਦੇ ਕਾਰਜ ਕਾਲ ਦੌਰਾਨ ਮਿਸਾਲੀ ਕੰਮ ਕੀਤਾ ਹੈ ਤੇ ਅੱਗੇ ਵਿਕਾਸ ਕਾਰਜਾਂ ਵਿੱਚ ਹੋਰ ਤੇਜ਼ੀ ਲਿਆਂਦੀ ਜਾ ਰਹੀ ਹੈ। ਇਸ ਮੌਕੇ ਕੈਬਨਿਟ ਮੰਤਰੀ ਨੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਤੇ ਉਹਨਾਂ ਵਿਚੋਂ ਕਈ ਮੌਕੇ ਉੱਤੇ ਹੀ ਹੱਲ ਕੀਤੀਆਂ ਤੇ ਬਾਕੀਆਂ ਸਬੰਧੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।

ਇਸ ਮੌਕੇ ਸਰਪੰਚ ਨਿਰਮਲ ਸਿੰਘ ਪਿੰਡ ਜੰਡਵਾਲਾ, ਸਰਪੰਚ ਮਨਪ੍ਰੀਤ ਕੌਰ ਪਿੰਡ ਥੇਹੜ੍ਹੀ, ਸਰਪੰਚ ਮਨਪ੍ਰੀਤ ਸਿੰਘ ਢਿੱਲੋਂ ਪਿੰਡ ਫਕਰਸਰ, ਸਬੰਧਤ ਵਿਭਾਗਾਂ ਦੇ ਅਧਿਕਾਰੀ ਅਤੇ ਪੰਚਾਇਤ ਮੈਂਬਰ ਹਾਜ਼ਰ ਸਨ।