ਪੰਜਾਬ ਰੋਡਵੇਜ਼ ਦਾ ਸੁਪਰਡੈਂਟ 40 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁਲਜ਼ਮ ਨੇ ਇਸੇ ਮਕਸਦ ਲਈ ਪਹਿਲਾਂ ਲਏ ਸਨ 1,54,000 ਰੁਪਏ: ਵਿਜੀਲੈਂਸ

Punjab Roadways Superintendent caught red-handed taking bribe of Rs 40,000

ਜਲੰਧਰ: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਜਲੰਧਰ ਦੇ ਪੰਜਾਬ ਰੋਡਵੇਜ਼ ਡਿਪੂ-1 ਵਿਖੇ ਤਾਇਨਾਤ ਸੁਪਰਡੈਂਟ ਬਲਵੰਤ ਸਿੰਘ ਨੂੰ 40 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।

ਅੱਜ ਇੱਥੇ ਇਹ ਖੁਲਾਸਾ ਕਰਦਿਆਂ, ਵਿਜੀਲੈਂਸ ਬਿਊਰੋ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਹ ਮੁਕੱਦਮਾ ਪੰਜਾਬ ਰੋਡਵੇਜ਼ ਦੇ ਇੱਕ ਸੇਵਾਮੁਕਤ ਡਰਾਈਵਰ ਵੱਲੋਂ ਦਾਇਰ ਕੀਤੀ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ।

ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਕਿ ਉਪਰੋਕਤ ਸੁਪਰਡੈਂਟ ਨੇ ਉਸਦੀ ਸੇਵਾਮੁਕਤੀ ਤੋਂ ਪਹਿਲਾਂ ਦੇ ਬਕਾਇਆ ਓਵਰਟਾਈਮ ਬਿੱਲ ਤਿਆਰ ਕਰਨ ਦੇ ਬਦਲੇ 50000 ਰੁਪਏ ਦੀ ਮੰਗ ਕੀਤੀ ਹੈ। ਸ਼ਿਕਾਇਤਕਰਤਾ ਦੀ ਬੇਨਤੀ 'ਤੇ ਸੁਪਰਡੈਂਟ ਇਸ ਕੰਮ ਲਈ 40000 ਰੁਪਏ ਲੈਣ ਲਈ ਸਹਿਮਤ ਹੋ ਗਿਆ ਪਰ ਉਹ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ। ਉਸਨੇ ਅੱਗੇ ਦੋਸ਼ ਲਗਾਇਆ ਕਿ ਲੇਬਰ ਕੋਰਟ ਵਿੱਚ ਚਲਦੇ ਉਸ ਦੇ ਕੇਸ ਦੀ ਸੁਣਵਾਈ ਦੌਰਾਨ ਦੋਸ਼ੀ ਮੁਲਜ਼ਮ ਪਹਿਲਾਂ ਹੀ ਉਸ ਕੋਲੋਂ ਕਿਸ਼ਤਾਂ ਵਿੱਚ 1,54,000 ਰੁਪਏ ਹਾਸਲ ਕਰ ਚੁੱਕਾ ਹੈ।

ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਤਸਦੀਕ ਕਰਨ ਤੋਂ ਬਾਅਦ ਜਲੰਧਰ ਰੇਂਜ ਦੀ ਇੱਕ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ ਜਿਸ ਦੌਰਾਨ ਉਪਰੋਕਤ ਸੁਪਰਡੈਂਟ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 40 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ।

ਇਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਰੇਂਜ ਵਿਖੇ ਉਕਤ ਸੁਪਰਡੈਂਟ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਮੁਲਜ਼ਮ ਨੂੰ ਕੱਲ੍ਹ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।