ਮਸਕਟ ਤੋਂ ਵਾਪਸ ਜਲੰਧਰ ਪਰਤੀ ਪੰਜਾਬਣ ਨੇ ਸੁਣਾਈ ਆਪ ਬੀਤੀ
ਕਿਹਾ : 12-12 ਘੰਟੇ ਕਰਵਾਉਂਦੇ ਸੀ ਕੰਮ, ਗਲਤੀ ਹੋਣ ’ਤੇ ਕੀਤੀ ਜਾਂਦੀ ਸੀ ਕੁੱਟਮਾਰ
ਸੁਲਤਾਨਪੁਰ ਲੋਧੀ : ਘਰ ਦੀ ਮਾੜੀ ਹਾਲਤ ਬਦਲਣ ਦੇ ਸੁਪਨੇ ਸਜਾ ਕੇ ਅਪਣੀ ਸਹੇਲੀ ਦੇ ਕਹਿਣ ’ਤੇ ਓਮਾਨ ਗਈ ਜਲੰਧਰ ਜ਼ਿਲ੍ਹੇ ਦੀ ਇਕ ਕੁੜੀ ਲਈ ਵਿਦੇਸ਼ ਜਾਣਾ ਜ਼ਿੰਦਗੀ ਦਾ ਸਭ ਤੋਂ ਵੱਡਾ ਦੁਖਦਾਈ ਅਨੁਭਵ ਸਾਬਤ ਹੋਇਆ। ਮਸਕਟ (ਓਮਾਨ) ਵਿਚੋਂ ਮੁਸ਼ਕਲ ਨਾਲ ਵਾਪਸ ਪਰਤੀ ਇਸ ਪੀੜਤ ਕੁੜੀ ਨੇ ਕਿਹਾ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਮਦਦ ਨਾਲ ਉਸ ਨੂੰ ਦੂਜਾ ਜਨਮ ਮਿਲਿਆ ਹੈ। ਪੀੜਤਾ ਨੇ ਦਸਿਆ ਕਿ ਉਹ 15 ਜੂਨ ’ਚ ਅੰਮ੍ਰਿਤਸਰ ਤੋਂ ਮੁੰਬਈ ਰਾਹੀਂ ਮਸਕਟ ਪਹੁੰਚੀ ਸੀ। ਉੱਥੇ ਪਹੁੰਚਦਿਆਂ ਹੀ ਉਸ ਨੂੰ ਅਹਿਸਾਸ ਹੋ ਗਿਆ ਕਿ ਉਹ ਕਿਸੇ ਜਾਲ ’ਚ ਫੱਸ ਗਈ ਹੈ। ਦਫ਼ਤਰ ਵਰਗੇ ਇਕ ਸਥਾਨ ’ਚ ਉਸ ਨੂੰ ਰੱਖਿਆ ਗਿਆ ਜਿੱਥੇ 10 ਤੋਂ ਵੱਧ ਹੋਰ ਭਾਰਤੀ ਕੁੜੀਆਂ ਵੀ ਕੈਦ ਵਰਗੇ ਹਾਲਤ ਵਿਚ ਸੀ। ਹਰ ਰੋਜ਼ 12 ਘੰਟੇ ਤਕ ਬਿਨਾਂ ਰੁਕਾਵਟ ਕੰਮ ਕਰਵਾਇਆ ਜਾਂਦਾ ਤੇ ਥੋੜ੍ਹੀ ਜਿਹੀ ਗਲਤੀ ’ਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾਂਦੀ ਸੀ। ਖਾਣ ਲਈ ਢੰਗ ਦਾ ਭੋਜਨ ਵੀ ਨਹੀਂ ਮਿਲਦਾ ਸੀ। ਉਸ ਨੇ ਦੱਸਿਆ ਕਿ 1 ਮਹੀਨੇ ਤਕ ਸਿਰਫ ਉਸ ਨੇ ਪਾਣੀ ਪੀ ਕੇ ਗੁਜ਼ਾਰਾ ਕੀਤਾ ਸੀ। 5 ਮਹੀਨੇ ਨਰਕ ਵਰਗੀ ਜ਼ਿੰਦਗੀ ਬਤੀਤ ਕਰ ਕੇ ਵਾਪਸ ਆਈ ਪੀੜਤਾ ਨੇ ਓਮਾਨ ’ਚ ਚੱਲ ਰਹੀ ਮਨੁੱਖੀ ਤਸਕਰੀ ਦੀ ਪੋਲ ਖੋਲ੍ਹੀ।
ਉਸ ਨੇ ਦੱਸਿਆ ਕਿ ਲੜਕੀਆਂ ਨੂੰ ਪਹਿਲਾਂ ਵੱਡੇ ਸੁਪਨੇ ਦਿਖਾ ਕੇ ਉਥੇ ਬੁਲਾਇਆ ਜਾਂਦਾ ਹੈ, ਪਰ ਵੀਜ਼ਾ ਖ਼ਤਮ ਹੋਣ ’ਤੇ ਅਸਲੀਅਤ ਸਾਹਮਣੇ ਆਉਂਦੀ ਹੈ। ਏਜੰਟ ਉਨ੍ਹਾਂ ਨੂੰ ਜਬਰ ਨਾਲ ਗਲਤ ਕੰਮ ਲਈ ਮਜਬੂਰ ਕਰਦੇ ਹਨ ਜਾਂ ਹੋਰ ਲੜਕੀਆਂ ਲਿਆਉਣ ਦੀ ਸ਼ਰਤ ਰਖਦੇ ਹਨ ਜਾ ਫਿਰ ਲੱਖਾਂ ਵਿਚ ਪੈਸਿਆਂ ਦੀ ਮੰਗ ਕਰਦੇ ਹਨ। ਇਸੇ ਤਰ੍ਹਾਂ ਹੀ ਉਹ ਵੀ ਅਪਣੀ ਸਹੇਲੀ ਰਾਹੀਂ ਇਸ ਜਾਲ ’ਚ ਫਸ ਗਈ ਸੀ। ਉਸਨੇ ਦੱਸਿਆ ਕਿ ਕੁਝ ਕੁੜੀਆਂ ਤੋਂ ਗਲਤ ਕੰਮ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਤੇ ਇਨਕਾਰ ਕਰਨ ’ਤੇ ਉਨ੍ਹਾਂ ਨੂੰ ਬੇਹੱਦ ਤਸ਼ੱਦਦ ਦਾ ਸ਼ਿਕਾਰ ਬਣਾਇਆ ਜਾਂਦਾ ਸੀ। ਕਈ ਵਾਰ ਤਾਂ ਕੁੱਟਮਾਰ ਕਰਕੇ ਅੱਧਮੋਈ ਹਾਲਤ ਵਿਚ ਸੁੱਟ ਦਿਤਾ ਜਾਂਦਾ ਸੀ। ਉਸ ਦੀ ਮਾਤਾ ਵਲੋਂ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ ਗਿਆ, ਜਿਨ੍ਹਾਂ ਨੇ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖ ਕੇ ਇਸ ਮਾਮਲੇ ਨੂੰ ਉੱਥੇ ਪਹੁੰਚਾਇਆ। ਉਨ੍ਹਾਂ ਦੇ ਯਤਨਾਂ ਅਤੇ ਵਿਦੇਸ਼ ਮੰਤਰਾਲੇ ਨਾਲ ਨਾਲ ਓਮਾਨ ਵਿਚ ਭਾਰਤੀ ਦੂਤਘਰ ਦੇ ਸਹਿਯੋਗ ਨਾਲ ਉਹ ਸੁਰੱਖਿਅਤ ਵਾਪਸ ਆ ਸਕੀ।
ਕੰਬੋਡੀਆ ’ਚ ਭਾਰਤੀ ਨੌਜਵਾਨਾਂ ਤੋਂ ਕਰਵਾਇਆ ਜਾ ਰਿਹੈ ਗ਼ੈਰ ਕਾਨੂੰਨੀ ਕੰਮ : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਕੁਝ ਦਿਨ ਪਹਿਲਾਂ ਕੰਬੋਡੀਆ ਤੋਂ ਵਾਪਸ ਪਰਤੇ ਜਲੰਧਰ ਦੇ ਇਕ ਨੌਜਵਾਨ ਨੇ ਖ਼ੁਲਾਸਾ ਕੀਤਾ ਕਿ ਉੱਥੇ ਭਾਰਤੀਆਂ ਤੋਂ ਸਾਇਬਰ ਸਬੰਧੀ ਗ਼ੈਰ ਕਾਨੂੰਨੀ ਕੰਮ ਕਰਵਾਏ ਜਾ ਰਹੇ ਹਨ। ਏਜੰਟਾਂ ਵਲੋਂ ਥਾਈਲੈਂਡ ਵਿਚ ਉੱਚ ਤਨਖਾਹ ਵਾਲੇ ਕੰਮ ਦਾ ਲਾਲਚ ਦੇ ਕੇ ਨੌਜਵਾਨਾਂ ਨੂੰ ਕੰਬੋਡੀਆ ਦੀਆਂ ਕੰਪਨੀਆਂ ਵਿਚ ਵੇਚ ਦਿਤਾ ਜਾਂਦਾ ਹੈ। ਉੱਥੇ ਇਨਕਾਰ ਕਰਨ ਵਾਲਿਆਂ ਨਾਲ ਬੇਹੱਦ ਕੁੱਟਮਾਰ ਕੀਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੰਤ ਸੀਚੇਵਾਲ ਦੇ ਯਤਨਾਂ ਨਾਲ ਮਿਆਂਮਾਰ ਵਿਚੋਂ ਚਾਰ ਨੌਜਵਾਨਾਂ ਦੀ ਵਾਪਸੀ ਹੋ ਚੁੱਕੀ ਹੈ ਜੋ ਇਸੇ ਤਰ੍ਹਾਂ ਦੇ ਗ਼ੈਰ ਕਾਨੂੰਨੀ ਗਰੋਹਾਂ ਦੇ ਜਾਲ ਵਿਚ ਫਸੇ ਹੋਏ ਸਨ।