ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਤਮਕ ਰੌਣਕਾਂ
ਰਾਗ ਦਰਬਾਰਾਂ, ਨਗਰ ਕੀਰਤਨ, ਅੰਮ੍ਰਿਤ ਸੰਚਾਰ ਤੇ ਦੀਪਮਾਲਾ ਨਾਲ ਸ਼ਹਿਰ ਗੂੰਜੇਗਾ ਗੁਰੂ ਰਾਮਦਾਸ ਜੀ ਦੇ ਨਾਮ ਨਾਲ
ਅੰਮ੍ਰਿਤਸਰ ਸਾਹਿਬ: ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧਗੇੜਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਸਮਾਗਮਾਂ ਦੀ ਸ਼ੁਰੂਆਤ ਸ਼ਰਧਾ ਤੇ ਉਤਸ਼ਾਹ ਨਾਲ ਹੋ ਚੁੱਕੀ ਹੈ। ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਆਰੰਭ ਹੋ ਗਿਆ ਹੈ। ਅੱਜ 6 ਅਕਤੂਬਰ ਦੀ ਸ਼ਾਮ 7 ਵਜੇ ਤੋਂ ਰਾਤ 1 ਵਜੇ ਤੱਕ ਗੁਰਦੁਆਰਾ ਮੰਜੀ ਸਾਹਿਬ ਵਿੱਚ ਰਾਗ ਦਰਬਾਰ ਹੋਵੇਗਾ, ਜਿਸ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਤੇ ਬਾਹਰਲੇ ਰਾਗੀ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ। ਇਹੀ ਰਾਗ ਦਰਬਾਰ ਕੱਲ੍ਹ 7 ਅਕਤੂਬਰ ਨੂੰ ਵੀ ਇਸੇ ਸਮੇਂ ਹੋਵੇਗਾ। 8 ਅਕਤੂਬਰ, ਜੋ ਕਿ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਹੈ, ਸਵੇਰੇ 10 ਵਜੇ ਗੁਰਦੁਆਰਾ ਮੰਜੀ ਸਾਹਿਬ ਵਿੱਚ ਭੋਗ ਪਾਏ ਜਾਣਗੇ। ਉਸੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਬਾਬਾ ਅਟੱਲ ਰਾਏ ਜੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵਿਸ਼ਾਲ ਜਲੋ ਸਜਾਏ ਜਾਣਗੇ। ਇਹ ਨਗਰ ਕੀਰਤਨ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਚੱਲੇਗਾ।
ਇਸੇ ਦਿਨ ਦੁਪਹਿਰ 12 ਵਜੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ। ਮੈਨੇਜਰ ਸਾਹਿਬ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਜਿਹੜੀਆਂ ਸੰਗਤਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ, ਉਹ ਪ੍ਰਕਾਸ਼ ਪੁਰਬ ਵਾਲੇ ਦਿਨ ਇਸ਼ਨਾਨ ਕਰਕੇ ਸਮੇਂ ਸਿਰ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਣ।
ਦਿਨ ਭਰ ਗੁਰਦੁਆਰਾ ਮੰਜੀ ਸਾਹਿਬ ਵਿੱਚ ਗੁਰਮਤਿ ਸਮਾਗਮ, ਕਵੀ ਦਰਬਾਰ, ਢਾਡੀ ਦਰਬਾਰ ਆਦਿ ਹੋਣਗੇ। ਰਾਤ ਨੂੰ ਸ੍ਰੀ ਰਹਿਰਾਸ ਸਾਹਿਬ ਦੀ ਪਾਠ ਸਮਾਪਤੀ ਤੋਂ ਬਾਅਦ ਇਲੈਕਟ੍ਰਾਨਿਕ ਆਤਸ਼ਬਾਜ਼ੀ ਤੇ ਦੀਪਮਾਲਾ ਨਾਲ ਸਮਾਗਮ ਨੂੰ ਰੌਸ਼ਨ ਕੀਤਾ ਜਾਵੇਗਾ। ਇਸ ਵਾਰ ਲਗਭਗ ਇੱਕ ਲੱਖ ਘਿਉ ਦੇ ਦੀਵੇ ਬਾਲੇ ਜਾਣਗੇ, ਜੋ ਗੁਰੂ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਰੌਣਕਾਂ ਨੂੰ ਚਾਰ ਚੰਦ ਲਗਾਉਣਗੇ। ਇਸ ਸਮੇਂ ਸ਼ਹਿਰ ਦੀਆਂ ਸੜਕਾਂ, ਗੇਟਾਂ, ਗੁਰਦੁਆਰਿਆਂ ਅਤੇ ਜਗ੍ਹਾ-ਜਗ੍ਹਾ ਫੁੱਲਾਂ, ਲਾਈਟਾਂ ਤੇ ਝੰਡੀਆਂ ਨਾਲ ਸਜਾਵਟਾਂ ਕੀਤੀਆਂ ਜਾ ਰਹੀਆਂ ਹਨ। ਏਅਰਪੋਰਟ, ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਗੋਲਡਨ ਗੇਟ ਦੇ ਸਜਾਵਟੀ ਕੰਮਾਂ ਦੀ ਸੇਵਾ ਵੀ ਸੰਗਤਾਂ ਵੱਲੋਂ ਕੀਤੀ ਜਾ ਰਹੀ ਹੈ। ਖ਼ਾਸ ਤੌਰ ’ਤੇ ਭਾਈ ਸਵਿੰਦਰ ਪਾਲ ਸਿੰਘ ਜੀ ਵੱਲੋਂ ਫੁੱਲਾਂ ਦੀ ਸੇਵਾ ਨਿਭਾਈ ਜਾ ਰਹੀ ਹੈ।7 ਅਕਤੂਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਗਰ ਕੀਰਤਨ ਸਵੇਰੇ 10 ਵਜੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ੁਰੂ ਹੋਵੇਗਾ। ਇਹ ਨਗਰ ਕੀਰਤਨ ਘੰਟਾਘਰ ਪਲਾਜ਼ਾ, ਘਿਉ ਮੰਡੀ ਤੇ ਵਿਰਾਸਤੀ ਗੇਟਾਂ ਰਾਹੀਂ ਹੋਂਦਾ ਹੋਇਆ ਸ਼ਾਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਮਾਪਤ ਹੋਵੇਗਾ।
ਚੰਬੇ ਤੋਂ ਆਏ ਸੇਵਾਦਾਰ ਜਹਾਜ਼ ਰਾਹੀਂ ਫੁੱਲਾਂ ਦੀ ਵਰਖਾ ਕਰਨਗੇ, ਜਦਕਿ ਬਰਨਾਲੇ ਦੀ ਸੰਗਤ ਵੱਲੋਂ ਲਾਈਟ ਦੀ ਵਿਸ਼ੇਸ਼ ਸੇਵਾ ਨਿਭਾਈ ਜਾਵੇਗੀ।ਮਾਨਯੋਗ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਸਾਰੀਆਂ ਸੇਵਾਵਾਂ ਨਿਭਾ ਰਹੀਆਂ ਸੰਗਤਾਂ, ਖ਼ਾਸ ਕਰਕੇ ਉਹਨਾਂ ਹੋਟਲ ਮਾਲਕ ਵੀਰਾਂ ਦਾ ਧੰਨਵਾਦ ਕੀਤਾ ਗਿਆ ਹੈ ਜਿਨ੍ਹਾਂ ਨੇ 1000 ਕਮਰੇ ਦੇਸ਼-ਵਿਦੇਸ਼ ਤੋਂ ਆ ਰਹੀ ਸੰਗਤਾਂ ਲਈ ਉਪਲਬਧ ਕਰਵਾਏ ਹਨ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਗਈਆਂ ਹਨ।