ਪਟਿਆਲਾ ਜ਼ਿਲ੍ਹੇ ਦੇ ਨਾਭਾ ਬਲਾਕ ਦੇ ਤਿੰਨ ਪਿੰਡ ਨਸ਼ਿਆਂ ਵਿਰੁੱਧ ਹੋਏ ਇਕਜੁੱਟ
ਲੁਬਾਣਾ ਟੇਕੂ,ਲੁਬਾਣਾ ਕਰਮੂ ਤੇ ਲੁਬਾਣਾ ਮਾਡਲ ਟਾਊਨ ਨਿਵਾਸੀਆਂ ਨੇ ਨਸ਼ਾ ਰੋਕਣ ਲਈ ਬਣਾਈ ਕਮੇਟੀ
ਨਾਭਾ : ਪਟਿਆਲਾ ਜ਼ਿਲ੍ਹੇ ਦੇ ਬਲਾਕ ਨਾਭਾ ਦੇ ਤਿੰਨ ਪਿੰਡਾਂ ਨੇ ਨਸ਼ਿਆਂ ਨੂੰ ਰੋਕਣ ਲਈ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਹੈ। ਪਿੰਡ ਲੁਬਾਣਾ ਟੇਕੂ, ਲੁਬਾਣਾ ਕਰਮੂ ਅਤੇ ਲੁਬਾਣਾ ਮਾਡਲ ਟਾਊਨ ਨਿਵਾਸੀਆਂ ਨੇ ਇਕੱਠੇ ਹੋ ਕੇ ਪਿੰਡ ਵਿਚ ਨਸ਼ਾ ਨਾ ਵਿਕਣ ਦਾ ਪ੍ਰਣ ਕੀਤਾ ਹੈ। ਪਿੰਡ ਵਿਚ ਨਸ਼ਿਆਂ ਦੀ ਸਪਲਾਈ ਨੂੰ ਰੋਕਣ ਲਈ ਪਿੰਡ ਵਾਸੀਆਂ ਵੱਲੋਂ ਕਮੇਟੀਆਂ ਬਣਾਈਆਂ ਗਈਆਂ ਹਨ ਅਤੇ ਇਨ੍ਹਾਂ ਕਮੇਟੀਆਂ ਵਿਚ ਸ਼ਾਮਲ ਨੌਜਵਾਨਾਂ ਵੱਲੋਂ ਪਿੰਡਾਂ ਵਿਚ ਪਹਿਰੇ ਦਿੱਤੇ ਜਾਣਗੇ ਤਾਂ ਜੋ ਕੋਈ ਵਿਅਕਤੀ ਬਾਹਰੋਂ ਆ ਕੇ ਪਿੰਡ ਵਿਚ ਨਸ਼ਾ ਨਾ ਵੇਚ ਸਕੇ।
åਇਸ ਮੌਕੇ ਪਿੰਡ ਵਾਸੀਆਂ ਨੇ ਫ਼ੈਸਲਾ ਕੀਤਾ ਜਿਹੜੇ ਵੀ ਨੌਜਵਾਨ ਨਸ਼ਾ ਕਰਦੇ ਹਨ ਉਨ੍ਹਾਂ ਨੂੰ ਨਸ਼ਿਆ ਦੀ ਦਲਦਲ ’ਚੋਂ ਕੱਢਣ ਲਈ ਉਨ੍ਹਾਂ ਦਾ ਇਲਾਜ਼ ਕਰਵਾਇਆ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਮੁੜ ਤੋਂ ਮੁੱਖ ਧਾਰਾ ਵਿਚ ਲਿਆਂਦਾ ਜਾ ਸਕੇ। ਪਿੰਡਾਂ ਵਾਸੀਆਂ ਵੱਲੋਂ ਇਹ ਫ਼ੈਸਲਾ ਕੀਤਾ ਕਿ ਨਸ਼ਾ ਵੇਚਣ ਵਾਲਿਆਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਜਾਵੇਗਾ। ਇਸ ਮੌਕੇ ਹੋਏ ਇਕੱਠ ਵਿਚ ਡੀਐਸਪੀ ਨਾਭਾ ਮਨਦੀਪ ਕੌਰ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣ ਲਈ ਪਿੰਡ ਵਾਸੀਆਂ ਦਾ ਪੂਰਾ ਸਹਿਯੋਗ ਦਿੱਤਾ ਜਾਵੇਗਾ।