ਕਿਸਾਨਾਂ ਨੇ 21 ਮਾਲ ਪਟਵਾਰੀ, ਨਾਇਬ ਤਹਿਸੀਲਦਾਰ ਤੇ ਬੀਡੀਪੀਓ ਸਮੇਤ ਹੋਰਨਾਂ ਨੂੰ ਬਣਾਇਆ ਬੰਧਕ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨਾਂ ਨੇ 21 ਮਾਲ ਪਟਵਾਰੀ, ਨਾਇਬ ਤਹਿਸੀਲਦਾਰ ਤੇ ਬੀਡੀਪੀਓ ਸਮੇਤ ਹੋਰਨਾਂ ਨੂੰ ਬਣਾਇਆ ਬੰਧਕ

image

ਸੰਗਰੂਰ, 5 ਨਵੰਬਰ (ਭੁੱਲਰ) : ਇਥੋਂ ਨੇੜਲੇ ਪਿੰਡ ਬਹਾਦਰਪੁਰ ਦੇ ਖੇਤਾਂ ਵਿਚ ਝੋਨੇ ਦੀ ਪਰਾਲੀ ਫੂਕਣ ਸਬੰਧੀ ਕਾਰਵਾਈ ਕਰਨ ਆਏ ਮਾਲ ਪਟਵਾਰੀਆਂ, ਨਾਇਬ ਤਹਿਸੀਲਦਾਰ, ਬੀ.ਡੀ.ਪੀ.ਓ. ਸਮੇਤ ਪੰਚਾਇਤ ਸੈਕਟਰੀਆਂ ਅਤੇ ਹੋਰ ਅਮਲੇ ਨੂੰ ਕਿਸਾਨਾਂ ਨੇ 'ਬੰਧਕ' ਬਣਾ ਲਿਆ। ਅੱਕੇ ਹੋਏ ਕਿਸਾਨਾਂ ਨੇ ਇਨ੍ਹਾਂ ਅਧਿਕਾਰੀਆਂ ਦਾ ਘਿਰਾਉ ਕਰ ਕੇ ਉਨ੍ਹਾਂ ਨੂੰ ਧਰਨੇ ਵਿਚ ਬਿਠਾਇਆ। ਧਰਨੇ ਦੌਰਾਨ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਲੋਂ ਸਰਕਾਰਾਂ ਵਿਰੁਧ ਰੱਜ ਕੇ ਨਾਹਰੇਬਾਜ਼ੀ ਕੀਤੀ ਗਈ। ਦੇਰ ਸ਼ਾਮ ਸੰਗਰੂਰ ਦੇ ਐਸਡੀਐਮ ਬਬਨਦੀਪ ਸਿੰਘ ਵਾਲੀਆ ਵਲੋਂ ਧਰਨੇ 'ਚ ਪਹੁੰਚ ਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਪਰਾਲੀ ਸਾੜਨ ਵਾਲੇ ਕਿਸਾਨਾਂ ਵਿਰੁਧ ਕੋਈ ਵੀ ਕਾਰਵਾਈ ਨਾ ਕਰਨ ਦੇ ਦਿਤੇ ਭਰੋਸੇ ਮਗਰੋਂ ਧਰਨੇ ਨੂੰ ਸਮਾਪਤ ਕੀਤਾ ਗਿਆ ਤੇ ਬੰਧਕਾਂ ਨੂੰ ਛੱਡ ਦਿਤਾ ਗਿਆ।ਜਾਣਕਾਰੀ ਅਨੁਸਾਰ ਅੱਜ ਸਵੇਰੇ 8 ਵਜੇ ਜਿਉਂ ਹੀ ਕਿਸਾਨਾਂ ਨੇ ਖੇਤਾਂ ਵਿਚ ਹਲਕੇ ਦੇ ਪਟਵਾਰੀ ਰਾਕੇਸ਼ ਕੁਮਾਰ ਨੂੰ ਘੁੰਮਦੇ ਦੇਖਿਆ ਤਾਂ ਫੌਰੀ ਕਿਸਾਨ ਆਗੂਆਂ ਨੂੰ ਇਤਲਾਹ ਦਿਤੀ ਗਈ। ਉਸ ਤੋਂ ਬਾਅਦ ਕਿਸਾਨਾਂ ਨੇ ਇਕੱਠੇ ਹੋ ਕੇ ਪਟਵਾਰੀ ਨੂੰ ਘੇਰ ਲਿਆ। ਜਿਉਂ ਹੀ ਪਟਵਾਰੀ ਨੂੰ ਛੁਡਾਉਣ ਲਈ ਬੀਡੀਪੀਓ ਸੰਗਰੂਰ ਲੈਨਿਨ ਗਰਗ ਸਮੇਤ 15 ਪੰਚਾਇਤ ਸੈਕਟਰੀ, ਨਾਇਬ ਤਹਿਸੀਲਦਾਰ ਕ੍ਰਿਸ਼ਨ ਕੁਮਾਰ, ਪਟਵਾਰੀ ਯੂਨੀਅਨ ਦੇ ਪ੍ਰਧਾਨ ਦੀਦਾਰ ਸਿੰਘ ਸਮੇਤ 21 ਮਾਲ ਪਟਵਾਰੀ ਆਏ ਤਾਂ ਉਨ੍ਹਾਂ ਨੂੰ ਵੀ ਕਿਸਾਨਾਂ ਨੇ ਘੇਰ ਕੇ ਖੇਤਾਂ ਵਿਚ ਹੀ ਦਿਤੇ ਜਾ ਰਹੇ ਧਰਨੇ ਵਿਚ ਬਿਠਾ ਲਿਆ।