ਕਿਸਾਨੀ ਸੰਘਰਸ਼ 'ਚ ਨਕਸਲਾਈਟਾਂ ਦੇ ਦਖ਼ਲ ਦੀ ਗੱਲ ਹੁਕਮਰਾਨਾਂ ਦੀ ਵੱਡੀ ਸਾਜਿਸ਼ : ਟਿਵਾਣਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬੀਆਂ ਤੇ ਸਿੱਖਾਂ ਨਾਲ ਨਵੀਂ ਤੇ ਅਨੋਖੀ ਭਾਜੀ ਪਾਉਣ ਦੀ ਗੁਸਤਾਖੀ ਨਾ ਕਰਨ ।

Iqbal Singh Tiwana

ਫ਼ਤਹਿਗੜ੍ਹ ਸਾਹਿਬ: "ਜਿਥੇ ਪੰਜਾਬ ਦੇ ਨਿਵਾਸੀ ਅਤੇ ਪੰਜਾਬ ਦੀ ਧਰਤੀ ਬਹੁਤ ਹੀ ਪਵਿੱਤਰ ਇਨਸਾਨੀਅਤ ਕਦਰਾਂ-ਕੀਮਤਾ ਅਤੇ ਕਾਨੂੰਨ ਦੀ ਪਾਲਣਾਂ ਕਰਨ ਵਾਲੇ, ਦੂਸਰੇ ਦੇ ਦੁੱਖ ਨੂੰ ਸੁਣਕੇ ਹੱਲ ਕਰਨ ਦੀ ਤਾਘ ਰੱਖਣ ਵਾਲੇ ਮਨੁੱਖਤਾ ਪੱਖੀ ਜਮਹੂਰੀਅਤ ਅਤੇ ਅਮਨ ਪਸ਼ੰਦ ਸੋਚ ਦੇ ਮਾਲਕ ਹਨ, ਉਥੇ ਆਪਣੀ ਅਣਖ਼-ਇੱਜ਼ਤ ਅਤੇ ਸਵੈਮਾਨ ਦੀ ਰੱਖਿਆ ਲਈ ਉਹ ਵੱਡੀ ਤੋਂ ਵੱਡੀ ਕੁਰਬਾਨੀ ਕਰਨ ਜਾਂ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ । ਜੋ ਹੁਣ ਸੈਂਟਰ ਦੀ ਮੋਦੀ ਹਕੂਮਤ ਵੱਲੋਂ ਕਿਸਾਨ, ਖੇਤ-ਮਜ਼ਦੂਰ, ਆੜਤੀਆਂ, ਟਰਾਸਪੋਰਟਰਾਂ ਅਤੇ ਹੋਰ ਕਾਰੋਬਾਰੀ ਲੋਕਾਂ ਨੇ ਇਸ ਲਈ ਪ੍ਰਵਾਨ ਨਹੀਂ ਕੀਤਾ ਕਿਉਂਕਿ ਉਹ ਮਹਿਸੂਸ ਕਰ ਚੁੱਕੇ ਹਨ ਕਿ ਜੋ ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ ।

ਇਥੋਂ ਦੇ ਨਿਵਾਸੀਆ ਦੀ ਹਰ ਖੇਤਰ ਵਿਚ ਪ੍ਰਫੁੱਲਤਾ, ਵਿਕਾਸ, ਚੰਗੀ ਮਾਲੀ ਹਾਲਤ ਸਭ ਖੇਤੀ ਉਤੇ ਹੀ ਨਿਰਭਰ ਹੈ । ਜੇਕਰ ਖੇਤੀ ਉਤਪਾਦ ਅਤੇ ਕਿਸਾਨੀ ਫ਼ਸਲ ਦੀ ਸਹੀ ਕੀਮਤ ਕਿਸਾਨ ਨੂੰ ਪ੍ਰਾਪਤ ਹੋਵੇਗੀ, ਉਸਦੀ ਫ਼ਸਲ ਦਾ ਸਹੀ ਮੁਲਕੀ ਅਤੇ ਕੌਮਾਂਤਰੀ ਮੰਡੀਕਰਨ ਹੋਵੇਗਾ ਅਤੇ ਕਿਸਾਨ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਹੋਵੇਗੀ, ਤਦ ਹੀ ਕਿਸਾਨ ਮਾਲੀ ਅਤੇ ਆਤਮਿਕ ਤੌਰ ਤੇ ਮਜ਼ਬੂਤ ਹੋਵੇਗਾ । ਜਿਸ ਨਾਲ ਸਾਰੇ ਕਾਰੋਬਾਰਾਂ ਦੀ ਲੜੀ ਚੱਲਣੀ ਹੈ । ਇਹੀ ਵਜਹ ਹੈ ਕਿ ਇਹ ਕਿਸਾਨ ਅੰਦੋਲਨ ਨਾ ਰਹਿਕੇ ਸਮੁੱਚੇ ਪੰਜਾਬੀਆਂ ਦਾ ਅੰਦੋਲਨ ਬਣ ਚੁੱਕਾ ਹੈ ।

ਜਿਸਦੀ ਬਦੌਲਤ ਪੰਜਾਬ ਦੀ ਸਰਕਾਰ ਨੂੰ ਮੋਦੀ ਹਕੂਮਤ ਵੱਲੋਂ ਬਣਾਏ ਗਏ ਤਿੰਨ ਕਿਸਾਨ ਮਾਰੂ ਕਾਨੂੰਨਾਂ ਨੂੰ ਅਸੈਬਲੀ ਵਿਚ ਵਿਧਾਨਿਕ ਤੌਰ ਤੇ ਰੱਦ ਕਰਨਾ ਪਿਆ । ਸਮੁੱਚੇ ਪੰਜਾਬ ਨਿਵਾਸੀ ਇਸ ਮਕਸਦ ਲਈ ਸੜਕਾਂ ਤੇ ਉਤਰੇ ਹੋਏ ਹਨ । ਇਹ ਸੰਘਰਸ਼ ਹੁਣ ਪੰਜਾਬ ਬਨਾਮ ਸੈਂਟਰ ਬਣਕੇ ਚੱਲ ਰਿਹਾ ਹੈ । ਲੇਕਿਨ ਮੁਤੱਸਵੀ ਹੁਕਮਰਾਨ ਪੰਜਾਬੀਆਂ ਦੀ ਸੰਤੁਸਟੀ ਕਰਨ ਦੀ ਬਜਾਏ ਅਜਿਹੇ ਦਿਸ਼ਾਹੀਣ ਅਮਲ ਕਰ ਰਹੇ ਹਨ ਜਿਸ ਨਾਲ ਪੰਜਾਬ ਸੂਬੇ ਨੂੰ ਫਿਰ ਤੋਂ ਮਨੁੱਖਤਾ ਦੇ ਖੂਨ ਵਹਾਉਣ ਵੱਲ ਧਕੇਲਿਆ ਜਾ ਸਕੇ ਅਤੇ ਪੰਜਾਬ ਸੂਬੇ ਵਿਚ ਵੀ ਜੰਮੂ-ਕਸ਼ਮੀਰ ਵਾਲੇ ਹਾਲਾਤ ਪੈਦਾ ਹੋ ਸਕਣ ।

ਇਥੇ ਫ਼ੌਜ, ਪੈਰਾਮਿਲਟਰੀ ਫੋਰਸਾਂ ਤੇ ਅਰਧ ਸੈਨਿਕ ਬਲਾਂ ਨੂੰ ਜ਼ਬਰ-ਜੁਲਮ ਢਾਹੁਣ ਦੀ ਖੁੱਲ੍ਹ ਮਿਲ ਸਕੇ । ਇਸ ਸ਼ਾਜਿਸ ਨੂੰ ਅੱਗੇ ਵਧਾਉਦੇ ਹੋਏ ਹੀ ਸੈਂਟਰ ਦੇ ਹੁਕਮਾਂ ਉਤੇ ਸ੍ਰੀ ਮਦਨ ਮੋਹਨ ਮਿੱਤਲ ਵਰਗੇ ਬੀਜੇਪੀ-ਆਰ.ਐਸ.ਐਸ. ਦੇ ਸੀਨੀਅਰ ਆਗੂ ਇਸ ਅਨੁਸ਼ਾਸਿਤ ਅੰਦੋਲਨ ਵਿਚ ਇਕ ਡੂੰਘੀ ਸ਼ਾਜਿਸ ਤਹਿਤ ਹੀ ਨਕਸਲਾਈਟਾਂ ਦੇ ਦਾਖਲ ਹੋਣ ਦੀ ਬਿਆਨਬਾਜੀ ਕਰ ਰਹੇ ਹਨ  ਤਾਂ ਕਿ ਫਿਰ ਤੋਂ ਪੰਜਾਬੀਆਂ ਨੂੰ ਅਤੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ ਸਮੁੱਚੇ ਮੁਲਕ ਵਿਚ ਇਨ੍ਹਾਂ ਨੂੰ ਬਦਨਾਮ ਕਰਕੇ ਆਪਣੇ ਸਿਆਸੀ ਸਵਾਰਥਾਂ ਦੀ ਵੀ ਪੂਰਤੀ ਕਰ ਸਕਣ ਅਤੇ ਬੀਜੇਪੀ-ਆਰ.ਐਸ.ਐਸ. ਹਿੰਦੂਤਵ ਤਾਕਤਾਂ ਦੀ ਸਰਪ੍ਰਸਤੀ ਕਰਨ ਵਾਲੇ ਅੰਬਾਨੀ, ਅਡਾਨੀ ਵਰਗੇ ਧਨਾਢਾਂ ਦੀਆਂ ਲੋਕ ਵਿਰੋਧੀ ਇਛਾਵਾ ਦੀ ਪੂਰਤੀ ਹੋ ਸਕੇ ।"

 ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਸੈਂਟਰ ਵਿਚ ਕਾਬਜ ਬੀਜੇਪੀ-ਆਰ.ਐਸ.ਐਸ. ਅਤੇ ਫਿਰਕੂ ਜਮਾਤਾਂ ਦੀ ਅਗਵਾਈ ਕਰਨ ਵਾਲੀ ਮੁਤੱਸਵੀ ਮੋਦੀ ਹਕੂਮਤ ਵੱਲੋਂ ਜਾਣਬੁੱਝ ਕੇ ਪੰਜਾਬ ਦੇ ਅਮਨਮਈ ਹਾਲਾਤਾਂ ਨੂੰ ਵਿਸਫੋਟਕ ਬਣਾਉਣ ਦੀਆਂ ਕੀਤੀਆ ਜਾ ਰਹੀਆ ਸਾਜਿਸਾਂ ਦੇ ਨਿਕਲਣ ਵਾਲੇ ਭਿਆਨਕ ਨਤੀਜਿਆ ਤੋਂ ਹੁਕਮਰਾਨਾਂ ਨੂੰ ਖ਼ਬਰਦਾਰ ਕਰਦੇ ਹੋਏ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਪੈਦਾ ਹੋ ਰਹੇ ਹਾਲਾਤਾਂ ਦਾ ਦੂਰਅੰਦੇਸ਼ੀ ਅਤੇ ਇਕ ਰੂਪ ਹੋ ਕੇ, ਇਸ ਵਿਸ਼ੇ ਨੂੰ ਪੰਜਾਬ ਅਤੇ ਹਿੰਦ ਦੀ ਜੰਗ ਕਰਾਰ ਦਿੰਦੇ ਹੋਏ ਸੰਘਰਸ਼ ਨੂੰ ਸਹੀ ਦਿਸ਼ਾ ਵੱਲ ਅੱਗੇ ਵਧਾਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ ।

ਉਨ੍ਹਾਂ ਕਿਹਾ ਕਿ ਪੰਜਾਬੀਆਂ ਤੇ ਸਿੱਖ ਕੌਮ ਨੂੰ ਮਾਲੀ ਤੌਰ ਤੇ ਸੱਟ ਮਾਰਨ ਹਿੱਤ ਹੀ  ਮੋਦੀ ਨੇ ਪੰਜਾਬ ਦੇ ਥਰਮਲ ਪਲਾਟਾਂ ਲਈ ਆਉਣ ਵਾਲੇ ਕੋਲੇ ਦੀਆਂ ਗੱਡੀਆਂ ਅਤੇ ਕਣਕ ਤੇ ਹੋਰ ਫ਼ਸਲਾਂ ਵਿਚ ਵਰਤੋਂ ਆਉਣ ਵਾਲੀਆ ਖਾਦਾਂ ਨੂੰ ਪੰਜਾਬ ਵਿਚ ਨਾ ਪਹੁੰਚਣ ਦੀ ਮੰਦਭਾਵਨਾ ਹਿੱਤ ਹੀ ਕਿਸਾਨ ਅੰਦੋਲਨ ਸਿਰ ਗੈਰ-ਦਲੀਲ ਤਰੀਕੇ ਦੋਸ਼ ਮੜ੍ਹਕੇ ਗੱਡੀਆਂ ਬੰਦ ਕਰਨ ਦਾ ਬਹਾਨਾ ਘੜਿਆ ਹੈ । ਜਦੋਂਕਿ ਕਿਸਾਨਾਂ ਨੇ ਮਾਲ ਗੱਡੀਆਂ ਦੇ ਟ੍ਰੈਕ ਤੇ ਲਾਇਨਾਂ ਦੀ ਪਹਿਲੇ ਤੋਂ ਹੀ ਖੁੱਲ੍ਹ ਰੱਖੀ ਹੋਈ ਹੈ । ਇਸ ਸ਼ਾਜਿਸ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਹੁਕਮਰਾਨ ਪੰਜਾਬ ਸੂਬੇ ਨੂੰ ਵੀ ਜੰਮੂ-ਕਸ਼ਮੀਰ ਬਣਾਉਣ ਅਤੇ ਇਥੇ ਕੋਈ ਹੋਰ ਮਨੁੱਖਤਾ ਵਿਰੋਧੀ ਗੁੱਲ ਖਿਲਾਉਣ ਦੀ ਸੋਚ ਤੇ ਕੰਮ ਕਰ ਰਿਹਾ ਹੈ ।

ਜਿਸ ਨੂੰ ਪੰਜਾਬ, ਬਾਹਰਲੇ ਮੁਲਕਾਂ ਵਿਚ ਬੈਠੇ ਪੰਜਾਬੀ ਅਤੇ ਸਿੱਖ ਕਤਈ ਵੀ ਕਾਮਯਾਬ ਨਹੀਂ ਹੋਣ ਦੇਣਗੇ ਅਤੇ ਨਾ ਹੀ ਪੰਜਾਬ ਨੂੰ ਜੰਮੂ-ਕਸ਼ਮੀਰ ਬਣਾਉਣ ਦੀ ਇਜ਼ਾਜਤ ਦੇਣਗੇ। ਟਿਵਾਣਾ ਨੇ ਮੋਦੀ ਅਤੇ ਉਸਦੀ ਹਕੂਮਤ ਵਿਚ ਸਾਮਿਲ ਫਿਰਕੂ ਆਗੂਆਂ, ਵਜ਼ੀਰਾਂ ਨੂੰ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਦੇ ਬਿਨ੍ਹਾਂ ਤੇ ਖ਼ਬਰਦਾਰ ਕਰਦੇ ਹੋਏ ਕਿਹਾ ਕਿ ਉਹ ਅਜਿਹੇ ਅਮਲ ਕਰਕੇ 'ਸ਼ੇਰ ਦੀ ਪੂਛ' ਨੂੰ ਛੇੜਨ ਦੀ ਬਹੁਤ ਬੱਜਰ ਗੁਸਤਾਖੀ ਕਰ ਰਹੇ ਹਨ । ਇਹ ਇਸ ਤਰ੍ਹਾਂ ਦੀ ਮਨੁੱਖਤਾ ਵਿਰੋਧੀ ਕਾਰਵਾਈ ਕਰ ਰਹੇ ਹਨ ਜਿਵੇਂ ਇਕ ਬਾਂਦਰ ਅੱਗ ਤਾਂ ਲਗਾ ਦਿੰਦਾ ਹੈ, ਲੇਕਿਨ ਉਸ ਨੂੰ ਬੁਝਾਉਣ ਦਾ ਇਲਮ ਨਹੀਂ ਹੁੰਦਾ ਅਤੇ ਖੁਦ ਵੀ ਉਸ ਲਗਾਈ ਅੱਗ ਵਿਚ ਸੜ ਜਾਂਦਾ ਹੈ । ਇਸ ਲਈ ਹੁਕਮਰਾਨਾਂ ਲਈ ਬਿਹਤਰ ਹੋਵੇਗਾ ਕਿ ਪੰਜਾਬ ਦੀ ਗੁਰੂਆਂ, ਪੀਰਾਂ, ਫਕੀਰਾਂ, ਦਰਵੇਸ਼ਾਂ ਦੀ ਪਵਿੱਤਰ ਧਰਤੀ ਉਤੇ ਜਿਥੋਂ ਸਮੁੱਚੀ ਮਨੁੱਖਤਾ ਦੀ ਸਰਬੱਤ ਦੇ ਭਲੇ ਦੀ ਸੋਚ ਅਧੀਨ ਬਿਹਤਰੀ ਦਾ ਸੰਦੇਸ਼ ਉੱਠਦਾ ਹੈ, ਉਥੇ ਉਹ ਮਨੁੱਖਤਾ ਦਾ ਖੂਨ ਵਹਾਉਣ ਅਤੇ ਪੰਜਾਬੀਆਂ ਤੇ ਸਿੱਖਾਂ ਨਾਲ ਨਵੀਂ ਤੇ ਅਨੋਖੀ ਭਾਜੀ ਪਾਉਣ ਦੀ ਗੁਸਤਾਖੀ ਨਾ ਕਰਨ ।