ਪੰਜਾਬ ਸਰਕਾਰ ਵੱਲ਼ੋਂ ਬਣਾਇਆ ਗਿਆ ਸਮਾਰਟ ਸਕੂਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖਿਆ ਨੂੰ ਲੈ ਕੇ ਸਰਕਾਰ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਸਿੱਖਿਆ ਦੀ ਪੱਧਰ ਨੂੰ ਉੱਚਾ ਚੁੱਕਣ ਦੀ ਗੱਲ ਵੀ ਕਹੀ ਜਾ ਰਹੀ ਹੈ। 

Smart School

ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਨੇ 5000 ਤੋਂ ਜ਼ਿਆਦਾ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਇਆ ਹੈ। ਸਿੱਖਿਆ ਨੂੰ ਲੈ ਕੇ ਸਰਕਾਰ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਸਿੱਖਿਆ ਦੀ ਪੱਧਰ ਨੂੰ ਉੱਚਾ ਚੁੱਕਣ ਦੀ ਗੱਲ ਵੀ ਕਹੀ ਜਾ ਰਹੀ ਹੈ। ਸਰਕਾਰ ਨੇ ਬੀਤੇ ਦਿਨੀਂ ਬਜਟ ਵਿਚ 8ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਪੜ੍ਹਾਈ ਮੁਫ਼ਤ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਲਈ ਹੋਰ ਵੀ ਕਈ ਸਹੂਲਤਾਂ ਦਾ ਐਲਾਨ ਕੀਤਾ ਗਿਆ ਹੈ। ਕਿੰਨੇ ਕੁ ਸਮਾਰਟ ਸਕੂਲ ਸਰਕਾਰ ਵੱਲੋਂ ਬਣਾਏ ਗਏ ਹਨ ਜਾਂ ਸਕੂਲਾਂ ‘ਚ ਕਿੰਨਾ ਕੁ ਸੁਧਾਰ ਕੀਤਾ ਗਿਆ ਹੈ। ਇਸ ਦਾ ਰਿਐਲਟੀ ਚੈੱਕ ਕਰਨ ਰੋਜ਼ਾਨਾ ਸਪੋਕਸਮੈਟ ਦੀ ਟੀਮ ਜ਼ਮੀਨੀ ਪੱਧਰ ‘ਤੇ ਕੰਮ ਕਰ ਰਹੀ ਹੈ। ਇਸ ਦੇ ਚਲਦਿਆਂ ਮੁਕਤਸਰ ਜ਼ਿਲ੍ਹੇ ਦੇ ਪਿੰਡ ਕੋਟਲੀ ਅਬਲੂ ਵਿਖੇ ਸਥਿਤ ਸਰਕਾਰੀ ਸਕੂਲ ਦਾ ਜਾਇਜ਼ਾ ਲਿਆ ਗਿਆ। 

ਪ੍ਰਿੰਸੀਪਲ ਸੁਭਾਸ਼ ਝਾਂਬ
ਇਸ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਕੋਟਲੀ ਅਬਲੂ ਦੇ ਪ੍ਰਿੰਸੀਪਲ ਸੁਭਾਸ਼ ਝਾਂਬ ਨਾਲ ਗੱਲਬਾਤ ਕੀਤੀ ਗਈ। ਪ੍ਰਿੰਸੀਪਲ ਨੇ ਦੱਸਿਆ ਕਿ ਇਹ ਸਕੂਲ 2018 ਵਿਚ ਸਮਾਰਟ ਸਕੂਲ ਬਣਿਆ ਸੀ। ਉਹਨਾਂ ਦੱਸਿਆ ਕਿ ਸਰਕਾਰ ਨੇ ਸਮਾਰਟ ਸਕੂਲਾਂ ਲਈ ਬਹੁਤ ਜ਼ਿਆਦਾ ਗ੍ਰਾਂਟ ਦਿੱਤੀ ਹੈ। 
ਇਸ ਦੌਰਾਨ ਪੂਰੇ ਸਕੂਲ ਵਿਚ ਪੀਓਪੀ ਦਾ ਕੰਮ ਕਰਵਾਇਆ। ਹਰ ਕਲਾਸ ਵਿਚ ਸੀਸੀਟੀਵੀ ਕੈਮਰੇ ਲਗਵਾਏ ਗਏ। ਹਰ ਕਲਾਸ ਵਿਚ ਇਕ-ਇਕ ਕਪਬੋਰਡ ਲਗਾਇਆ ਗਿਆ ਹੈ। ਇਸ ਦੌਰਾਨ ਉਹਨਾਂ ਨੂੰ ਪਿੰਡ ਵਾਸੀਆਂ ਦਾ ਵੀ ਸਹਿਯੋਗ ਮਿਲਿਆ। ਉਹਨਾਂ ਕਿਹਾ ਕਿ ਇਲਾਕੇ ਦੇ ਐਮਐਲਏ ਰਾਜਾ ਵੜਿੰਗ ਨੇ ਵੀ ਉਹਨਾਂ ਦੇ ਸਕੂਲ ਨੂੰ 250 ਲੀਟਰ ਦਾ ਆਰਓ ਦਿੱਤਾ। 

ਉਹਨਾਂ ਕਿਹਾ ਰਾਜਾ ਵੜਿੰਗ ਵੱਲੋਂ ਇਲਾਕੇ ਦੇ ਸਕੂਲਾਂ ਦਾ ਦੌਰਾ ਕੀਤਾ ਜਾਂਦਾ ਹੈ ਤੇ ਉਹ ਹਰ ਸਕੂਲ ਨੂੰ ਗ੍ਰਾਂਟ ਦਿੰਦੇ ਹਨ। ਉਹਨਾਂ ਕਿਹਾ ਕਿ ਜਦੋਂ ਵੀ ਸਕੂਲ ‘ਚ ਅਧਿਆਪਕਾਂ ਦੀਆਂ ਪੋਸਟਾਂ ਖਾਲੀ ਹੁੰਦੀਆਂ ਹਨ ਤਾਂ ਉਹ ਨਵੀਆਂ ਭਰਤੀਆਂ ਕਰਦੇ ਹਨ ਤੇ ਹੁਣ ਵੀ ਸਰਕਾਰ ਭਰਤੀ ਕਰ ਰਹੀ ਹੈ। ਉਹਨਾਂ ਦੱਸਿਆ ਕਿ ਇਸ ਸਕੂਲ ਵਿਚ ਲਗਭਗ 530 ਬੱਚੇ ਪੜ੍ਹਦੇ ਹਨ। ਇਹਨਾਂ ਵਿਚ ਅੰਗਰੇਜ਼ੀ ਮੀਡੀਅਮ ਅਤੇ ਪੰਜਾਬੀ ਮੀਡੀਅਮ ਦੇ ਬੱਚੇ ਸ਼ਾਮਲ ਹਨ। ਇਹਨਾਂ ਦੇ ਵੱਖਰੇ-ਵੱਖਰੇ ਸੈਕਸ਼ਨ ਬਣਾਏ ਗਏ ਹਨ। ਉਹਨਾਂ ਕਿਹਾ ਕਿ ਮੁਕਤਸਰ ਜ਼ਿਲ੍ਹੇ ਦੇ ਡੀਐਸਐਮ ਵੱਲੋਂ ਵੀ ਜ਼ਿਲ੍ਹੇ ਦੇ ਸਕੂਲਾਂ ਵਿਚ ਵੱਡੇ ਪੱਧਰ ‘ਤੇ ਸੁਧਾਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੁਕਤਸਰ ਜ਼ਿਲ੍ਹੇ ਦੇ 80 ਫੀਸਦੀ ਸਕੂਲ ਸਮਾਰਟ ਹਨ। 

ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਸਰਕਾਰ ਵੱਲੋਂ ਸਕੂਲ ਨੂੰ ਪੰਜ ਪ੍ਰਾਜੈਕਟਰ ਦਿੱਤੇ ਗਏ ਹਨ। ਵਿਦਿਆਰਥੀਆਂ ਨੂੰ ਪ੍ਰਾਜੈਕਟਰ ਜ਼ਰੀਏ ਪੜ੍ਹਾਇਆ ਜਾਂਦਾ ਹੈ। ਉਹਨਾਂ ਦੱਸਿਆ ਕਿ ਮੁਕਤਸਰ ਜ਼ਿਲ੍ਹੇ ਵਿਚ ਦੋ ਸਰਕਾਰੀ ਸਕੂਲਾਂ ‘ਚ ਅਟਲ ਟਿੰਕਰਿੰਗ ਲੈਬ (ਏਟੀਐਲ) ਆਈ ਹੈ। ਉਸ ‘ਤੇ ਲਗਭਗ 20 ਲੱਖ ਦਾ ਖਰਚਾ ਆਉਣਾ ਹੈ ਤੇ ਹੁਣ ਤੱਕ ਸਾਨੂੰ 12 ਲੱਖ ਮਿਲ ਚੁੱਕੇ ਹਨ। ਜੇਕਰ ਬੱਚਿਆਂ ਨੂੰ ਭਵਿੱਖ ਵਿਚ ਰੁਜ਼ਗਾਰ ਨਹੀਂ ਮਿਲਦਾ ਤਾਂ ਉਹ ਇਸ ਤਕਨੀਕ ਦੇ ਜ਼ਰੀਏ ਅਪਣਾ ਰੁਜ਼ਗਾਰ ਕਰ ਸਕਦੇ ਹਨ। ਇਕ ਕੋਟਲੀ ਅਬਲੂ ਦੇ ਸਕੂਲ ‘ਚ ਹੈ ਤੇ ਇਕ ਲੰਬੀ ਵਿਖੇ ਹੈ। ਉਹਨਾਂ ਕਿਹਾ ਕਿ ਹੁਣ ਉਹਨਾਂ ਦਾ ਸਕੂਲ ਕਿਸੇ ਪ੍ਰਾਈਵੇਟ ਸਕੂਲ ਨਾਲੋਂ ਘੱਟ ਨਹੀਂ ਹੈ। 
ਇਸ ਸਰਕਾਰੀ ਸਕੂਲ ਵਿਚ ਬਹੁਤ ਵਧੀਆ ਕੰਪਿਊਟਰ ਲੈਬ ਬਣਾਈ ਗਈ ਹੈ। ਇਸ ਦੌਰਾਨ ਸਕੂਲ ਦੇ ਬੱਚਿਆਂ ਕੋਲੋਂ ਪੁੱਛਿਆ ਗਿਆ ਕਿ ਉਹਨਾਂ ਨੂੰ ਇੱਥੇ ਕਿਸ ਤਰ੍ਹਾਂ ਦੀ ਪੜ੍ਹਾਈ ਕਰਵਾਈ ਜਾਂਦੀ ਹੈ। 

ਪਰਵੀਨ ਕੌਰ
ਪਰਵੀਨ 9ਵੀਂ ਜਮਾਤ ਵਿਚ ਪੜ੍ਹਦੀ ਹੈ। ਪਰਵੀਨ ਨੇ ਦੱਸਿਆ ਕਿ ਉਹ ਕੰਪਿਊਟਰ ਲੈਬ ਵਿਚ ਕੁਵਿਜ਼ ਦੀ ਪ੍ਰੈਕਟਿਸ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਉਸ ਨੂੰ ਕੰਪਿਊਟਰ ਚਲਾਉਣਾ ਬਹੁਤ ਵਧੀਆ ਲੱਗਦਾ ਹੈ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਹੁਣ ਪੜ੍ਹਾਈ ਸੌਖੀ ਲੱਗਦੀ ਹੈ। ਉਸ ਨੇ ਕਿਹਾ ਕਿ ਸਕੂਲ ਵਿਚ ਕੋਈ ਕਮੀ ਨਹੀਂ ਹੈ। 

ਨਵਦੀਪ ਸਿੰਘ
ਨਵਦੀਪ ਸਿੰਘ 10ਵੀਂ ਏ ਜਮਾਤ ਦਾ ਵਿਦਿਆਰਥੀ ਹੈ। ਨਵਦੀਪ ਨੇ ਦੱਸਿਆ ਕਿ ਉਸ ਨੂੰ ਹੁਣ ਪੜ੍ਹਾਈ ਕਰਨ ਵਿਚ ਬਹੁਤ ਮਜ਼ਾ ਆਉਂਦਾ ਹੈ ਤੇ ਉਹਨਾਂ ਨੂੰ ਨਵੀਆਂ ਤਕਨੀਕਾਂ ਜ਼ਰੀਏ ਸਿੱਖਿਆ ਦਿੱਤੀ ਜਾਂਦੀ ਹੈ। ਹੁਣ ਉਹਨਾਂ ਨੂੰ ਸਕੂਲ ਬਹੁਤ ਵਧੀਆ ਲੱਗਦਾ ਹੈ। 

ਸੁਮਨਦੀਪ ਕੌਰ
ਸੁਮਨਦੀਪ ਕੌਰ 10ਵੀਂ ਏ ਦੀ ਵਿਦਿਆਰਥਣ ਹੈ। ਸੁਮਨ ਨੇ ਦੱਸਿਆ ਕਿ ਉਹਨਾਂ ਨੂੰ ਹੁਣ ਪੜ੍ਹਾਈ ਕਰਨੀ ਹੋਰ ਚੰਗੀ ਲੱਗਦੀ ਹੈ। ਸੁਮਨ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਹੋਰ ਵੀ ਬੱਚੇ ਆ ਕੇ ਉਹਨਾਂ ਦੇ ਸਕੂਲ ਵਿਚ ਦਾਖਲਾ ਲਵੇ। 

ਰਾਜਵੀਰ ਕੌਰ
ਰਾਜਵੀਰ ਕੌਰ ਕੌਰ 10ਵੀਂ ਏ ਦੀ ਵਿਦਿਆਰਥਣ ਹੈ। ਰਾਜਵੀਰ ਸ਼ੁਰੂ ਤੋਂ ਇਸ ਸਕੂਲ ਵਿਚ ਪੜ੍ਹਦੀ ਹੈ ਤੇ ਉਹਨਾਂ ਦੇ ਅਧਿਆਪਕ ਉਹਨਾਂ ਨੂੰ ਬਹੁਤ ਵਧੀਆ ਪੜ੍ਹਾਉਂਦੇ ਹਨ। ਉਸ ਦਾ ਕਹਿਣਾ ਹੈ ਕਿ ਉਹਨਾਂ ਦਾ ਸਕੂਲ ਪਹਿਲਾਂ ਨਾਲੋਂ ਬਹੁਤ ਬਦਲ ਗਿਆ ਹੈ। ਹੁਣ ਸਕੂਲ ਵਿਚ ਨਵੀਆਂ ਤਕਨੀਕਾਂ ਜ਼ਰੀਏ ਪੜ੍ਹਾਇਆ ਜਾਂਦਾ ਹੈ। 

ਕਮਲਦੀਪ ਕੌਰ
ਕਮਲਦੀਪ ਕੌਰ 10ਵੀਂ ਬੀ ਦੀ ਵਿਦਿਆਰਥਣ ਹੈ। ਕਮਲਦੀਪ ਨੇ ਦੱਸਿਆ ਕਿ ਉਹਨਾਂ ਨੂੰ ਪ੍ਰਾਜੈਕਟਰਾਂ ਜ਼ਰੀਏ ਪੜ੍ਹਾਇਆ ਜਾਂਦਾ ਹੈ। ਉਸ ਦਾ ਕਹਿਣਾ ਹੈ ਕਿ ਉਹਨਾਂ ਦੇ ਸਕੂਲ ਵਿਚ ਹਿਸਟਰੀ ਅਤੇ ਅੰਗਰੇਜ਼ੀ ਦੇ ਲੈਕਚਰਾਰ ਦੀ ਕਮੀ ਹੈ, ਇਸ ਨਾਲ ਪੜ੍ਹਾਈ ਵਿਚ ਥੌੜੀ-ਬਹੁਤ ਕਮੀ ਆ ਰਹੀ ਹੈ। 

ਸੁਖਪ੍ਰੀਤ ਸਿੰਘ
ਸੁਖਪ੍ਰੀਤ ਸਿੰਘ 11ਵੀਂ ਆਰਟਸ ਦੇ ਵਿਦਿਆਰਥੀ ਹਨ। ਉਹਨਾਂ ਦੱਸਿਆ ਕਿ ਉਹ ਪਹਿਲਾਂ ਪ੍ਰਾਈਵੇਟ ਸਕੂਲ ਵਿਚ ਪੜ੍ਹਦੇ ਸਨ ਤੇ ਉਹਨਾਂ ਨੇ 10ਵੀਂ ਵਿਚ ਇਸ ਸਮਾਰਟ ਸਕੂਲ ਵਿਚ ਦਾਖਲਾ ਲਿਆ। ਉਹਨਾਂ ਦੱਸਿਆ ਕਿ ਉਹਨਾਂ ਨੂੰ ਇਹ ਸਕੂਲ ਬਹੁਤ ਪਸੰਦ ਆਇਆ ਹੈ। ਉਹਨਾਂ ਦੱਸਿਆ ਕਿ ਇਸ ਸਮਾਰਟ ਸਕੂਲ ਦੀ ਇਮਾਰਤ ਪ੍ਰਾਈਵੇਟ ਸਕੂਲਾਂ ਨਾਲੋਂ ਬਹੁਤ ਵਧੀਆ ਹੈ। ਇੱਥੋਂ ਦੇ ਅਧਿਆਪਕ ਬਹੁਤ ਮਿਹਨਤੀ ਹਨ। ਇੱਥੇ ਓਵਰਟਾਇਮ ਵੀ ਲਗਾਇਆ ਜਾਂਦਾ ਹੈ। 

ਰਣਜੀਤ ਸਿੰਘ
ਰਣਜੀਤ ਸਿੰਘ 10ਵੀਂ ਬੀ ਦਾ ਵਿਦਿਆਰਥੀ ਹੈ। ਉਹਨਾਂ ਨੇ ਦੱਸਿਆ ਕਿ ਸਕੂਲ ਵਿਚ ਪੜ੍ਹਾਈ ਦੇ ਨਾਲ-ਨਾਲ ਖੇਡਣ ਲਈ ਵੀ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਰਣਜੀਤ ਨੂੰ ਸਭ ਤੋਂ ਵਧੀਆ ਵਿਸ਼ਾ ਪੰਜਾਬੀ ਲੱਗਦਾ ਹੈ। ਉਸ ਦਾ ਕਹਿਣਾ ਹੈ ਕਿ ਉਹਨਾਂ ਦਾ ਸੁਪਨਾ ਫੌਜ ਵਿਚ ਭਰਤੀ ਹੋਣਾ ਹੈ। 

ਅਰਮਾਨ ਸਰੋਆ
ਅਰਮਾਨ 10ਵੀਂ ਬੀ ਦਾ ਵਿਦਿਆਰਥੀ ਹੈ ਅਤੇ ਉਹ ਕਬੱਡੀ ਦਾ ਖਿਡਾਰੀ ਹੈ। ਅਰਮਾਨ ਨੇ ਦੱਸਿਆ ਕਿ ਉਹਨਾਂ ਦੇ ਸਮਾਰਟ ਸਕੂਲ ਵਿਚ ਉਹਨਾਂ ਨੂੰ ਪ੍ਰਾਜੈਕਟਰ ਜ਼ਰੀਏ ਪੜ੍ਹਾਇਆ ਜਾਂਦਾ ਹੈ ਤੇ ਉਹਨਾਂ ਦੇ ਸਕੂਲ ਵਿਚ ਏਟੀਐਲ ਲੈਬ ਵੀ ਆਈ ਹੈ। ਅਰਮਾਨ ਦਾ ਸੁਪਨਾ ਇੰਜੀਨੀਅਰ ਬਣਨਾ ਹੈ। 

ਜਸ਼ਨਦੀਪ ਸਿੰਘ
ਜਸ਼ਨਦੀਪ ਸਿੰਘ ਕੋਲੋਂ ਪੰਜਾਬ ਦੇ ਮੁੱਖ ਮੰਤਰੀ ਦਾ ਨਾਂਅ ਪੁੱਛਿਆ ਗਿਆ, ਜਿਸ ਦਾ ਉਹਨਾਂ ਨੇ ਸਹੀ ਜਵਾਬ ਦਿੱਤਾ। ਇਸ ਤੋਂ ਬਾਅਦ ਉਸ ਕੋਲੋਂ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਦਾ ਨਾਂਅ ਪੁੱਛਿਆ, ਜਿਸ ਦਾ ਜਵਾਬ ਜਸ਼ਨ ਨੂੰ ਨਹੀਂ ਪਤਾ ਸੀ। ਉਸ ਨੇ ਕਿਹਾ ਕਿ ਉਹਨਾਂ ਦਾ ਸਕੂਲ ਬਹੁਤ ਵਧੀਆ ਹੈ, ਸਮਾਰਟ ਸਕੂਲ ਬਣਨ ਤੋਂ ਬਾਅਦ ਉਹਨਾਂ ਦੀ ਪੜ੍ਹਾਈ ‘ਚ ਦਿਲਚਸਪੀ ਵਧ ਗਈ। ਜਸ਼ਨਦੀਪ ਕਬੱਡੀ ਦਾ ਖਿਡਾਰੀ ਹੈ ਤੇ ਉਹ ਸਕੂਲ ਤੋਂ ਬਾਹਰ ਵੀ ਖੇਡਣ ਜਾਂਦਾ ਹੈ। 

ਜਸ਼ਨਦੀਪ ਕੌਰ
ਜਸ਼ਨਦੀਪ ਕੌਰ 9ਵੀਂ ਏ ਦੀ ਵਿਦਿਆਰਥਣ ਹੈ। ਜਸ਼ਨਦੀਪ ਨੇ ਕਿਹਾ ਕਿ ਉਹਨਾਂ ਨੂੰ ਸਮਾਰਟ ਸਕੂਲ ਵਿਚ ਪੜ੍ਹਾਈ ਕਰਨ ਵਿਚ ਬਹੁਤ ਮਜ਼ਾ ਆਉਂਦਾ ਹੈ। 

ਸਤਵੀਰ ਕੌਰ
ਸਤਵੀਰ ਕੌਰ ਨੇ ਦੱਸਿਆ ਕਿ ਗਣਿਤ ਤੇ ਵਿਗਿਆਨ ਉਸ ਦੇ ਪਸੰਦੀਦਾ ਵਿਸ਼ੇ ਹਨ। ਉਹਨਾਂ ਦਾ ਟੀਚਾ ਅਧਿਆਪਕ ਬਣਨਾ ਹੈ। ਉਸ ਨੇ ਕਿਹਾ ਕਿ ਸਕੂਲ ਵਿਚ ਕੋਈ ਕਮੀਂ ਨਹੀਂ ਹੈ। ਇਸ ਸਕੂਲ ਨੂੰ ਦੇਖ ਕੇ ਪਤਾ ਚੱਲਿਆ ਕਿ ਸਰਕਾਰ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਲਈ ਹੰਭਲੇ ਮਾਰ ਰਹੀ ਹੈ। ਇਸ ਨੇ ਨਾਲ ਸਕੂਲਾਂ ਦੇ ਅਧਿਆਪਕਾਂ ਵੱਲੋਂ ਵੀ ਅਪਣਾ ਯੋਗਦਾਨ ਪਾਇਆ ਜਾ ਰਿਹਾ ਹੈ। ਜੇਕਰ ਤੁਸੀਂ ਵੀ ਅਪਣੇ ਇਲਾਕੇ ਦੇ ਕਿਸੇ ਸਕੂਲ ਦੀ ਰਿਪੋਰਟਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ।