Cinema 'ਚ ਲੱਗੀ ਅਕਸ਼ੈ ਕੁਮਾਰ ਦੀ ਫਿਲਮ ਦਾ ਬੀਕੇਯੂ ਕਾਦੀਆਂ ਨੇ ਕੀਤਾ ਵਿਰੋਧ, ਚਲਦੀ ਫਿਲਮ ਕਰਵਾਈ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੂਰੇ ਪੰਜਾਬ 'ਚ ਅਦਾਕਾਰ ਅਕਸ਼ੇ ਕੁਮਾਰ ਦੀ ਫ਼ਿਲਮ ਦਾ ਵਿਰੋਧ

photo

 

ਬਰਨਾਲਾ (ਲਖਵੀਰ ਚੀਮਾ) ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਜਾਰੀ ਹੈ। ਇਸੇ ਦਰਮਿਆਨ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਫਿ਼ਲਮ ਸ਼ੂਰਿਆਵੰਸ਼ੀ ਰਿਲੀਜ਼ ਹੋਈ ਹੈ। ਜਿਸਦਾ ਅੰਦੋਲਨ ਕਰ ਰਹੇ ਕਿਸਾਨ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ।

 

ਅੱਜ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਬਰਨਾਲਾ ਦੇ ਜੀ ਸਿਨੇਮਾ ਅੱਗੇ ਅਕਸ਼ੈ ਕੁਮਾਰ ਦੀ ਫਿਲਮ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਵਲੋਂ ਸਿਨੇਮਾ ਘਰ ਅੱਗੇ ਧਰਨਾ ਲਗਾ ਕੇ ਅਕਸ਼ੈ ਕੁਮਾਰ ਦੀ ਫਿਲਮ ਦਾ ਬਾਈਕਾਟ ਕਰਦਿਆਂ ਉਸਦਾ ਪੋਸਟਰ ਪਾੜ ਕੇ ਪ੍ਰਦਰਸ਼ਨ ਕੀਤਾ ਗਿਆ।

 

 

ਇਸ ਮੌਕੇ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਲੜ ਰਹੇ ਹਨ। ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਇਹਨਾਂ ਖੇਤੀ ਕਾਨੂੰਨਾਂ ਦੀ ਹਮਾਇਤ ਕੀਤੀ ਸੀ। ਜਿਸ ਕਰਕੇ ਉਹ ਅਕਸ਼ੈ ਕੁਮਾਰ ਦੀ ਫਿਲਮ ਦਾ ਬਾਈਕਾਟ ਕਰ ਰਹੇ ਹਨ। ਅੱਜ ਪੰਜਾਬ ਭਰ ਦੇ ਸਿਨੇਮਾ ਘਰਾਂ ਵਿੱਚ ਅਕਸ਼ੈ ਕੁਮਾਰ ਦੀ ਨਵੀਂ ਫਿਲਮ ਸੂਰਿਆਵੰਸ਼ੀ ਦਾ ਵਿਰੋਧ ਕੀਤਾ ਗਿਆ ਹੈ।

 

 

ਉਹਨਾਂ ਕਿਹਾ ਕਿ ਅਕਸ਼ੈ ਕੁਮਾਰ ਨੇ ਹੁਣ ਤੱਕ ਪੰਜਾਬੀਆਂ ਅਤੇ ਸਿੱਖਾਂ ਦੇ ਕਿਰਦਾਰ ਨਿਭਾ ਕੇ ਕਰੋੜਾਂ ਰੁਪਏ ਕਮਾਏ ਹਨ। ਜਦੋਂ ਪੰਜਾਬ ਦੇ ਲੋਕਾਂ ਨਾਲ ਖੜਨ ਦਾ ਸਮਾਂ ਸੀ, ਉਸ ਸਮੇਂ ਅਕਸ਼ੈ ਕੁਮਾਰ ਪੰਜਾਬ ਦੇ ਲੋਕਾਂ ਦੇ ਉਲਟ ਸਰਕਾਰ ਦੇ ਹੱਕ ਵਿੱਚ ਖੜ ਗਿਆ। ਜਿਸ ਕਰਕੇ ਉਹ ਅਕਸ਼ੈ ਕੁਮਾਰ ਦੀਆਂ ਫਿ਼ਲਮਾਂ ਦਾ ਬਾਈਕਾਟ ਕਰ ਰਹੇ ਹਨ। ਇਹ ਵਿਰੋਧ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ।

 

 

ਇਸ ਮੌਕੇ ਓਸੀਅਨ ਮਾਲ ਦੇ ਮੈਨੇਜਰ ਨਵੀਨ ਨੇ ਕਿਹਾ ਕਿ ਜਿਵੇਂ ਹੀ ਉਹਨਾਂ ਨੂੰ ਕਿਸਾਨਾਂ ਦੇ ਅਕਸ਼ੈ ਕੁਮਾਰ ਦੀ ਫਿ਼ਲਮ ਦੇ ਵਿਰੋਧ ਬਾਰੇ ਪਤਾ ਲੱਗਿਆ ਸੀ, ਉਹਨਾਂ ਨੇ ਇਹ ਫਿਲਮ ਤੁਰੰਤ ਹਟਾ ਦਿੱਤੀ ਸੀ। ਉਹਨਾਂ ਕਿਹਾ ਕਿ ਕਿਸਾਨ ਸਾਡਾ ਅੰਨਦਾਤਾ ਹੈ। ਅਸੀਂ ਹਮੇਸ਼ਾ ਕਿਸਾਨਾਂ ਦੇ ਨਾਲ ਹਾਂ।