ਕੈਪਟਨ ਨੇ ਬਾਦਲਾਂ ਨਾਲ ਯਾਰੀ ਨਿਭਾਈ ਹੈ, ਹੁਣ ਅਸੀਂ ਕਿਵੇਂ ਸਿਰ 'ਤੇ ਬਿਠਾ ਲਈਏ -ਬੱਬੀ ਬਾਦਲ
ਕਿਹਾ,ਕੈਪਟਨ ਨੇ ਲੂੰਬੜ ਚਾਲਾਂ ਚੱਲ ਕੇ ਸੁਖਬੀਰ ਬਾਦਲ ਹੁਰਾਂ ਵਿਰੁੱਧ ਬੇਅਦਬੀ ਦੇ ਮਸਲੇ ਨੂੰ ਹੌਲੀ ਹੌਲੀ ਲੀਹ ਤੋਂ ਲਾਹੁਣ ਦਾ ਕੰਮ ਕੀਤਾ ਹੈ
ਕਿਹਾ, ਬਾਦਲਾਂ ਦੀਆਂ ਤਾਰਾਂ ਅਜੇ ਵੀ ਭਾਜਪਾ ਨਾਲ ਜੁੜੀਆਂ, ਨਹੀਂ ਤਾਂ ਮਜੀਠੀਆ 'ਤੇ ਹੋ ਜਾਣੀ ਸੀ ਕਾਰਵਾਈ
ਮੋਹਾਲੀ (ਹਰਦੀਪ ਸਿੰਘ ਭੋਗਲ) : ਪੰਜਾਬ ਦੀ ਸਿਆਸਤ ਵਿਚ ਇਸ ਵਕਤ ਵੱਖ-ਵੱਖ ਰੰਗ ਦੇਖਣ ਨੂੰ ਮਿਲ ਰਹੇ ਹਨ। ਅਗਾਮੀ ਚੋਣਾਂ ਦੇ ਮੱਦੇਨਜ਼ਰ ਕਈ ਨਵੀਆਂ ਪਾਰਟੀਆਂ ਦਾ ਆਗਾਜ਼ ਵੀ ਹੋ ਰਿਹਾ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ ਵਿਚੋਂ ਬੇਇਜ਼ਤ ਕਰ ਕੇ ਬਾਹਰ ਕੱਢਿਆ ਗਿਆ ਹੈ ਅਤੇ ਇਸ ਲਈ ਉਨ੍ਹਾਂ ਨੇ ਕਾਂਗਰਸ ਤੋਂ ਵੱਖ ਹੋਣ ਮਗਰੋਂ ਹੁਣ ਆਪਣੀ ਖੁਦ ਦੀ ਨਵੀਂ ਪਾਰਟੀ ਬਣਾਈ ਹੈ ਜਿਸ ਦਾ ਨਾਮ 'ਪੰਜਾਬ ਲੋਕ ਕਾਂਗਰਸ' ਵੀ ਬੀਤੇ ਦਿਨੀ ਜਨਤਕ ਕਰ ਦਿਤਾ ਹੈ। ਕੈਪਟਨ ਨੇ ਕਿਹਾ ਹੈ ਕਿ ਉਹ ਅਕਾਲੀ ਦਲ ਨੂੰ ਛੱਡਣ ਵਾਲਿਆਂ ਨਾਲ ਜਾਂ BJP ਨਾਲ ਰਾਬਤਾ ਕਾਇਮ ਕਰਨਗੇ ਅਤੇ ਆਉਣ ਵਾਲੇ ਸਮੇਂ ਵਿਚ ਆਪਣੀ ਸਰਕਾਰ ਬਣਾਉਣ ਦੀਆਂ ਗੱਲਾਂ ਕਰ ਰਹੇ ਹਨ।
ਪੰਜਾਬ ਦੀ ਸਿਆਸਤ ਸਬੰਧੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਆਗੂ ਬੱਬੀ ਬਾਦਲ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਦੱਸਿਆ ਕਿ ਇਹ ਮਾਮਲਾ ਹਾਈ ਕਮਾਂਡ ਦੇ ਪੱਧਰ ਦਾ ਹੈ। ਇਸ ਲਈ ਪਾਰਟੀ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਤਾਂ ਦੋ ਸਾਲ ਤੋਂ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਹੀ ਨਹੀਂ ਹੋਈ ਫਿਰ ਪਤਾ ਨਹੀਂ ਕੈਪਟਨ ਨੇ ਉਨ੍ਹਾਂ ਦਾ ਜ਼ਿਕਰ ਕਿਉਂ ਕੀਤਾ।
ਇਸ ਮੌਕੇ ਬੱਬੀ ਬਾਦਲ ਨੇ ਕੈਪਟਨ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਨੇ ਸਾਢੇ ਚਾਰ ਸਾਲ ਸੁਖਬੀਰ ਬਾਦਲ ਦੀ ਯਾਰੀ ਨਿਭਾਈ ਹੈ। ਕੈਪਟਨ ਨੇ ਲੂੰਬੜ ਚਾਲਾਂ ਚੱਲ ਕੇ ਸੁਖਬੀਰ ਬਾਦਲ ਹੁਰਾਂ ਵਿਰੁੱਧ ਬੇਅਦਬੀ ਦੇ ਮਸਲੇ ਨੂੰ ਹੌਲੀ-ਹੌਲੀ ਲੀਹ ਤੋਂ ਲਾਹੁਣ ਦਾ ਕੰਮ ਕੀਤਾ ਹੈ। ਇਸ ਲਈ ਕੈਪਟਨ ਨੇ ਜਿੰਨੀ ਸੁਖਬੀਰ ਬਾਦਲ ਦੀ ਮਦਦ ਕੀਤੀ ਹੈ ਹੁਣ ਸੁਖਬੀਰ ਦਾ ਫ਼ਰਜ਼ ਬਣਦਾ ਹੈ ਕਿ ਉਹ ਕੈਪਟਨ ਨੂੰ ਆਪਣੀ ਪਾਰਟੀ ਵਿਚ ਜਗਾ ਦੇਣ। ਕੈਪਟਨ ਦੀ ਕੀਤੀ ਹੋਈ ਮਦਦ ਦੇ ਬਦਲੇ ਉਨ੍ਹਾਂ ਨੂੰ ਲੰਬੀ ਹਲਕੇ ਤੋਂ ਸੀਟ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੰਤਿਮ ਫ਼ੈਸਲਾ ਹਾਈ ਕਮਾਂਡ ਦਾ ਹੀ ਹੋਵੇਗਾ।
ਬੱਬੀ ਬਾਦਲ ਨੇ ਕਿਹਾ ਕਿ BJP ਨਾਲ ਸਾਡਾ ਕੋਈ ਨਾਤਾ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਲੰਬੇ ਸਮੇਂ ਤੋਂ ਕਈ ਮਸਲੇ ਲਟਕਾਏ ਹੋਏ ਹਨ ਜਿਵੇਂ ਕਿ ਕੇਂਦਰ ਸਰਕਾਰ ਵਲੋਂ ਅਜੇ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਲਏ ਗਏ। ਉਨ੍ਹਾਂ ਕਿਹਾ ਕਿ ਅਜੇ ਤੱਕ ਉਹ ਢਾਂਚਾ ਹੀ ਨਹੀਂ ਬਣਿਆ ਜਿਸ 'ਤੇ ਕੈਪਟਨ ਇਮਾਰਤ ਉਸਾਰ ਰਹੇ ਹਨ। ਘੱਟ ਤੋਂ ਘੱਟ ਕੈਪਟਨ ਪਹਿਲਾਂ ਇੱਕ ਬੁਨਿਆਦ ਬਣਾਉਣ ਅਤੇ ਫਿਰ ਗੱਲ ਕਰਨ।
ਉਨ੍ਹਾਂ ਕਿਹਾ ਕਿ ਸਾਡੀ ਹਾਈ ਕਮਾਂਡ ਅੰਮ੍ਰਿਤਸਰ ਅਤੇ ਚੰਡੀਗੜ੍ਹ ਵਿਚ ਹੈ ਨਾ ਕਿ ਦਿੱਲੀ ਵਿਚ। ਹਾਲਾਂਕਿ ਸੁਖਬੀਰ ਸਿੰਘ ਬਾਦਲ ਦੇ ਅਜੇ ਤੱਕ BJP ਨਾਲ ਰਿਸ਼ਤੇ ਕਾਇਮ ਹਨ ਕਿਉਂਕਿ ਬਿਕਰਮ ਮਜੀਠੀਆ ਦੇ ਡਰੱਗ ਅਤੇ ਇੰਫੋਰਸਮੈਂਟ ਡਾਇਰੈਕਟੋਰੇਟ ਕੋਲ ਜੋ ਕੇਸ ਹਨ ਉਨ੍ਹਾਂ 'ਤੇ ਅਜੇ ਤੱਕ ਕਾਰਵਾਈ ਨਹੀਂ ਹੋਈ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਸਿਕਿਉਰਿਟੀ ਦਾ ਇੱਕ ਵੀ ਬੰਦਾ ਵਾਪਸ ਨਹੀਂ ਗਿਆ। ਇਸ ਲਈ ਇਹ ਸਭ ਅੰਦਰ ਦੀਆਂ ਗੱਲਾਂ ਹਨ। ਸਿਆਸਤ ਵਿਚ ਦਿਖਾਉਣ ਦਾ ਚਿਹਰਾ ਹੋਰ ਹੁੰਦਾ ਹੈ ਅਤੇ ਅੰਦਰ ਖਾਣ ਦਾ ਚਿਹਰਾ ਹੋਰ ਹੁੰਦਾ ਹੈ।
ਉਨ੍ਹਾਂ ਕਿਹਾ ਕਿ BJP ਅਤੇ ਅਕਾਲੀ ਦਲ ਦੀਆਂ ਤਾਰਾਂ ਅੰਦਰੋਂ ਅਜੇ ਵੀ 100 ਫ਼ੀ ਸਦੀ ਜੁੜੀਆਂ ਹੋਈਆਂ ਹਨ ਅਤੇ ਉਸ ਦਾ ਸਭ ਤੋਂ ਵੱਡਾ ਸਬੂਤ ਇਹ ਹੀ ਹੈ ਕਿ ਕੇਂਦਰ ਸਰਕਾਰ ਵਲੋਂ ਅਜੇ ਤਕ ਬਾਦਲ ਪਰਵਾਰ ਜਾਂ ਪਾਰਟੀ ਦੇ ਕਿਸੇ ਵੀ ਆਗੂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ, ਜਿਨ੍ਹਾਂ ਖ਼ਿਲਾਫ਼ ਕੇਂਦਰੀ ਜਾਂਚ ਏਜੰਸੀਆਂ ਕੰਮ ਕਰ ਰਹੀਆਂ ਹਨ।
ਬੱਬੀ ਬਾਦਲ ਨੇ ਕਿਹਾ ਕਿ ਜਿਸ ਦਿਨ ਬਿਕਰਮ ਮਜੀਠੀਆ ਦੀ ਸਿਕਿਉਰਿਟੀ ਵਾਪਸ ਲੈ ਲਈ ਗਈ ਸੀ ਤਾਂ ਕੈਪਟਨ ਅਮਰਿੰਦਰ ਨੇ ਉਨ੍ਹਾਂ ਲਈ ਚਾਰ ਗੱਡੀਆਂ ਪੰਜਾਬ ਪੁਲਿਸ ਦੀਆਂ ਭੇਜ ਦਿਤੀਆਂ ਸਨ ਅਤੇ ਹੁਣ ਇਹ ਕਹਿ ਰਹੇ ਹਨ ਕਿ ਕੈਪਟਨ ਅਮਰਿੰਦਰ ਅਤੇ BJP ਇੱਕ ਸਨ ਪਰ 'ਕੈਪਟਨ, BJP ਅਤੇ ਬਾਦਲ' ਇਹ ਸਾਰੇ ਇੱਕ ਸਨ। ਇਹ ਦੋਹਾਂ ਦੀ ਨਹੀਂ ਸਗੋਂ ਤਿੰਨਾਂ ਦੀ ਯਾਰੀ ਸੀ ਅਤੇ ਅੱਜ ਵੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਜਨਤਾ ਜਾਗਰੂਕ ਹੈ ਅਤੇ ਜਿਸ ਵੇਲੇ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਕੋਈ ਨਹੀਂ ਦੇਖ ਰਿਹਾ, ਉਸ ਵਕਤ ਵੀ ਸੰਗਤ ਦੀ ਅੱਖ ਤੁਹਾਨੂੰ ਦੇਖ ਰਹੀ ਹੁੰਦੀ ਹੈ, ਜਿਸ ਵਿਚ ਸੋਸ਼ਲ ਮੀਡੀਆ ਵੱਡਾ ਰੋਲ ਅਦਾ ਕਰ ਰਿਹਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਦੇ ਹੋਟਲ ਕੋਲ ਜਿਹੜਾ ਆਪਣਾ ਫਾਰਮ ਹਾਊਸ ਬਣਾਇਆ ਹੈ ਉਹ ਉਥੇ ਹੀ ਸਾਢੇ ਚਾਰ ਸਾਲ ਰਹੇ। ਇਥੋਂ ਤੱਕ ਕਿ ਮੁੱਖ ਮੰਤਰੀ ਨਿਵਾਸ ਵਿਚ ਵੀ ਨਹੀਂ ਰਹੇ। ਉਨ੍ਹਾਂ ਕਿਹਾ ਕਿ ਕੈਪਟਨ ਦੇ ਇਕਾਂਤਵਾਸ ਤੋਂ ਬਾਅਦ ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਏ ਤਾਂ ਉਨ੍ਹਾਂ ਨੇ ਬਹੁਤ ਸਾਰੀਆਂ ਨਵੀਆਂ ਉਮੀਦਾਂ ਜਗਾਈਆਂ ਹਨ। ਭਾਵੇਂ ਕਿ ਚਰਨਜੀਤ ਚੰਨੀ ਨੇ ਨਵਾਂ ਬਦਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮੁੱਖ ਮੰਤਰੀ ਵੀ ਘੱਟ ਸਿਕਿਉਰਿਟੀ ਨਾਲ ਆਮ ਜਨਤਾ ਵਿਚ ਵਿਚਰ ਸਕਦਾ ਹੈ ਪਰ ਇਹ ਜੋ ਬਦਲੀਆਂ ਕੀਤੀਆਂ ਜਾ ਰਹੀਆਂ ਹਨ ਉਹ ਲਾਅ ਐਂਡ ਆਰਡਰ ਨੂੰ ਮੁੱਖ ਰੱਖ ਕੇ ਨਹੀਂ ਕੀਤੀਆਂ ਜਾ ਰਹੀਆਂ ਅਤੇ ਕਾਬਲ ਅਫ਼ਸਰ ਨਿਯੁਕਤ ਨਹੀਂ ਕੀਤੇ ਜਾ ਰਹੇ।
ਉਨ੍ਹਾਂ ਕਿਹਾ ਕਿ ਹੁਣ ਪ੍ਰਸ਼ਾਸਨ ਵਿਚ ਸਿਆਸੀ ਬੰਦਿਆਂ ਦੀ ਪਕੜ ਮਜ਼ਬੂਤ ਹੋ ਗਈ ਹੈ। ਮਸਲਨ ਜੇ ਕਿਸੇ SSP ਨੇ ਅਹੁਦਾ ਸੰਭਾਲਣਾ ਹੈ ਤਾਂ ਉਸ ਨੂੰ ਕਿਹਾ ਜਾਂਦਾ ਹੈ ਕਿ ਪਹਿਲਾਂ MLA ਦੇ ਘਰ ਜਾ ਕੇ ਭੋਜਨ ਪਾਣੀ ਕਰੋ ਅਤੇ ਫਿਰ ਚਾਰਜ ਸੰਭਾਲੋ। ਮੈਂ ਚੰਨੀ ਸ੍ਹਾਬ ਨੂੰ ਕਹਿਣਾ ਚਾਹੁੰਦਾ ਹਾਂ ਕਿ ਸਿਰਫ਼ ਡਰਾਮੇਬਾਜ਼ੀ ਨਾਲ ਕੰਮ ਨਹੀਂ ਚਲਣਾ ਸਗੋਂ ਆਪਣੇ ਹੁਕਮ ਨੂੰ ਤੁਰਤ ਲਾਗੂ ਵੀ ਕਰਵਾਉ। ਉਨ੍ਹਾਂ ਮੁੱਖ ਮੰਤਰੀ ਚੰਨੀ ਨੂੰ ਅਪੀਲ ਕੀਤੀ ਕਿ ਪੰਜਾਬ ਵਿਚੋਂ ਰਿਸ਼ਵਤਖੋਰੀ ਖਤਮ ਕਰਨ ਲਈ ਕਾਬਲ ਅਫ਼ਸਰ ਤੈਨਾਤ ਕੀਤੇ ਜਾਣ ਅਤੇ ਆਪਣੇ ਕਿਰਦਾਰ ਦਾ ਸਖ਼ਤ ਅਤੇ ਇਮਾਨਦਾਰ ਰੂਪ ਵੀ ਜਨਤਕ ਕੀਤਾ ਜਾਵੇ।
ਉਨ੍ਹਾਂ ਅੱਗੇ ਕਿਹਾ ਕਿ ਸਮੇਂ ਦੇ ਹਿਸਾਬ ਨਾਲ ਤੀਜਾ ਬਦਲ ਜ਼ਰੂਰੀ ਹੈ ਪਰ ਉਹ ਨਿੱਜੀ ਹਿੱਤਾਂ ਨੂੰ ਛੱਡ ਕੇ ਲੋਕਾਂ ਲਈ ਹੋਣਾ ਚਾਹੀਦਾ ਹੈ। ਇਸ ਲਈ ਸਾਡੇ ਅਕਾਲੀ ਦਲ ਸਯੁੰਕਤ ਵਲੋਂ ਇਹ ਸਾਫ਼ ਹੈ ਕਿ ਜੋ ਵੀ ਜਨਤਾ ਦੇ ਭਲੇ ਲਈ ਤੀਜਾ ਬਦਲ ਹੋਵੇਗਾ ਉਸ ਨਾਲ ਮੋਢੇ ਨਾਲ ਮੋਢਾ ਜੋੜ ਕੇ ਚਲਣ ਨੂੰ ਤਿਆਰ ਹਾਂ। ਉਨ੍ਹਾਂ ਕਿਹਾ ਕਿ ਜੇਕਰ ਇਮਾਨਦਾਰੀ ਅਤੇ ਨੇਕ-ਨੀਤੀ ਨਾਲ ਕੰਮ ਕੀਤਾ ਜਾਵੇ ਤਾਂ ਤੀਜਾ ਬਦਲ ਆਉਣ ਵਾਲੇ ਕਈ ਦਹਾਕਿਆਂ ਤੱਕ ਚੱਲ ਸਕਦਾ ਹੈ।
ਕਿਸਾਨ ਅੰਦੋਲਨ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਬਿਨਾ ਕਿਸੇ ਸ਼ੱਕ ਤੋਂ ਕਾਮਯਾਬ ਰਿਹਾ ਹੈ ਅਤੇ ਇਸ ਨੂੰ ਵਿਦੇਸ਼ੀ ਪਾਰਲੀਮੈਂਟਾਂ ਵਿਚ ਵੀ ਮੰਨਿਆ ਗਿਆ ਹੈ ਕਿ ਭਾਰਤ ਅੰਦਰ ਚੱਲ ਰਿਹਾ ਅੰਦੋਲਨ ਲੋਕ ਅੰਦੋਲਨ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਵਾਪਸ ਲੈਣ ਬਾਰੇ BJP ਦਾ ਮਨ ਬਣ ਗਿਆ ਹੈ ਪਰ ਇਸ ਸਬੰਧੀ ਕਿਹੜੀਆਂ ਸ਼ਰਤਾਂ ਹੋਣਗੀਆਂ ਉਹ ਅਜੇ ਪਤਾ ਨਹੀਂ ਹੈ। ਕਿਸਾਨ ਆਗੂਆਂ ਦਾ ਵੀ ਇਹ ਕਹਿਣਾ ਹੈ ਕਿ ਇਹ ਅੰਦੋਲਨ ਸਫ਼ਲ ਹੋਣ ਵਾਲਾ ਹੈ।
ਉਨ੍ਹਾਂ ਕਿਹਾ ਕਿ BJP ਨੂੰ ਪਤਾ ਹੈ ਕਿ ਭਾਵੇਂ ਉਹ ਕਾਨੂੰਨ ਵਾਪਸ ਲੈ ਲੈਣ ਪਰ ਉਹ ਪੰਜਾਬੀਆਂ ਦੀ ਮਨਪਸੰਦ ਪਾਰਟੀ ਕਦੇ ਨਹੀਂ ਬਣੇਗੀ। ਇਸ ਲਈ ਉਹ ਇਸ ਜਿੱਤ ਦਾ ਸਿਹਰਾ ਕਿਸਾਨ ਆਗੂਆਂ ਨੂੰ ਵੀ ਨਹੀਂ ਦੇਣਾ ਚਾਹੁੰਦੇ। BJP ਇਹ ਦੇਖ ਰਹੀ ਹੈ ਕਿ ਇਸ ਜਿੱਤ ਦਾ ਸਿਹਰਾ ਕਿਸ ਦੇ ਸਿਰ ਬੰਨ੍ਹਿਆ ਜਾਵੇ ਜੋ ਉਨ੍ਹਾਂ ਦੇ ਅਧੀਨ ਚੱਲ ਸਕੇ ਅਤੇ ਉਸ ਨੂੰ ਪੰਜਾਬ ਦਾ ਹੀਰੋ ਬਣਾ ਕੇ ਪੇਸ਼ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ BJP ਘੱਟ ਗਿਣਤੀਆਂ ਨੂੰ ਨਿਸ਼ਾਨਾਂ ਬਣਾ ਕੇ ਸਰਕਾਰ ਬਣਾਉਣਾ ਚਾਹੁੰਦੀ ਹੈ ਤਾਂ ਜੋ ਉਹ ਇਹ ਦੱਸ ਸਕਣ ਕਿ ਮੋਦੀ ਦੀ ਲੀਡਰਸ਼ਿਪ ਵਿਚ ਉਹ ਕਿੰਨੇ ਮਜ਼ਬੂਤ ਹਨ ਪਰ ਜਿਸ ਤਰ੍ਹਾਂ ਹੁਣ ਹਿਮਾਚਲ ਵਿਚ ਹੋਇਆ ਹੈ ਜਿਥੇ ਉਹ ਚਾਰੇ ਸੀਟਾਂ ਗਵਾ ਬੈਠੇ ਹਨ । ਇਸ ਲਈ ਖੇਤੀ ਕਾਨੂੰਨ ਵਾਪਸ ਕਰਨ ਦਾ ਸਿਹਰਾ ਉਹ ਕਿਸਾਨ ਆਗੂਆਂ ਨੂੰ ਨਾਂ ਦੇ ਕੇ ਕਿਸੇ ਤੀਜੇ ਬੰਦੇ ਨੂੰ ਦੇਣਾ ਚਾਹੁੰਦੇ ਹਨ ਜੋ ਕਿ ਕੈਪਟਨ ਅਮਰਿੰਦਰ ਵੀ ਹੋ ਸਕਦੇ ਹਨ।
ਬੱਬੀ ਬਾਦਲ ਨੇ ਕਿਹਾ ਕਿ ਸਰਕਾਰਾਂ ਜੋ ਵੀ ਕਰਨ ਪਰ ਹੁਣ ਜਨਤਾ ਜਾਗਰੂਕ ਹੈ ਅਤੇ ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਇਸ ਵਾਰ ਦੀ ਸਰਕਾਰ ਮਿਲੀਭੁਗਤ ਅਤੇ ਭ੍ਰਿਸ਼ਟਾਚਾਰ 'ਚ ਲਿਪਤ ਨਾ ਹੋਵੇ ਸਗੋਂ ਇੱਕ ਚਾਨਣ ਮੁਨਾਰਾ ਹੋਵੇ।