Chandigarh Crime: ਚੰਡੀਗੜ੍ਹ 'ਚ ਛੋਟੇ ਭਰਾ ਦਾ ਕਤਲ, ਜ਼ਖਮੀ ਦੀ PGI 'ਚ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇੱਕ ਹੋਰ ਭਰਾ ਅਤੇ ਮਾਂ ਨੂੰ ਵੀ ਸ਼ਰਾਬ ਦੇ ਨਸ਼ੇ ਵਿਚ ਕੀਤਾ ਜ਼ਖ਼ਮੀ  

File Photo

ਚੰਡੀਗੜ੍ਹ - ਚੰਡੀਗੜ੍ਹ 'ਚ ਬੀਤੀ ਰਾਤ ਇਕ ਭਰਾ ਨੇ ਆਪਣੇ ਦੋ ਭਰਾਵਾਂ ਅਤੇ ਮਾਂ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਵਿਚ ਅੱਜ ਇਲਾਜ ਅਧੀਨ ਇੱਕ ਭਰਾ ਰਾਹੁਲ ਦੀ ਪੀਜੀਆਈ ਵਿਚ ਮੌਤ ਹੋ ਗਈ ਹੈ। ਹੁਣ ਪੁਲਿਸ ਨੇ ਇਸ ਮਾਮਲੇ 'ਚ ਦੋਸ਼ੀ ਅਜੇ ਦੇ ਖਿਲਾਫ਼ ਕਤਲ ਦਾ ਮਾਮਲਾ ਵੀ ਦਰਜ ਕਰ ਲਿਆ ਹੈ। ਪਿੰਡ ਡੱਡੂ ਮਾਜਰਾ 'ਚ ਦੋਸ਼ੀ ਅਜੇ ਨੇ ਨਸ਼ੇ ਦੀ ਹਾਲਤ 'ਚ ਆਪਣੇ ਦੋ ਛੋਟੇ ਭਰਾਵਾਂ ਅਤੇ ਮਾਂ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ ਸੀ। ਗੁਆਂਢੀਆਂ ਨੇ ਤਿੰਨਾਂ ਨੂੰ ਜ਼ਖਮੀ ਹਾਲਤ 'ਚ ਸੈਕਟਰ 16 ਦੇ ਹਸਪਤਾਲ 'ਚ ਦਾਖਲ ਕਰਵਾਇਆ।  

ਇੱਥੋਂ ਜ਼ਖਮੀ ਭਰਾਵਾਂ ਰਾਹੁਲ ਅਤੇ ਅਨਿਲ ਨੂੰ ਪੀਜੀਆਈ ਹਸਪਤਾਲ ਰੈਫਰ ਕਰ ਦਿੱਤਾ ਗਿਆ। ਪੁਲਿਸ ਨੇ ਕੇਸ ਦਰਜ ਕਰ ਕੇ ਮੁਲਜ਼ਮ ਅਜੈ ਨੂੰ ਉਸ ਦੇ ਘਰੋਂ ਗ੍ਰਿਫ਼ਤਾਰ ਕਰ ਲਿਆ ਹੈ। ਹੁਣ ਪੁਲਿਸ ਨੇ ਇਸ ਮਾਮਲੇ ਵਿਚ ਕਤਲ ਦੀ ਧਾਰਾ 302 ਵੀ ਜੋੜ ਦਿੱਤੀ ਹੈ। ਗੁਆਂਢੀਆਂ ਨੇ ਦੱਸਿਆ ਕਿ ਦੋਸ਼ੀ ਅਜੈ ਬੁੱਧਵਾਰ ਰਾਤ ਕਰੀਬ 9 ਵਜੇ ਸ਼ਰਾਬ ਦੇ ਨਸ਼ੇ 'ਚ ਘਰ ਆਇਆ।

ਜਿੱਥੇ ਉਸ ਨੇ ਆਪਣੀ ਮਾਂ ਕਮਲਾ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਜੁੱਤੀਆਂ ਨਾਲ ਮਾਰਨਾ ਸ਼ੁਰੂ ਕਰ ਦਿੱਤਾ। ਇਸ 'ਤੇ ਘਰ 'ਚ ਮੌਜੂਦ ਛੋਟੇ ਭਰਾਵਾਂ ਰਾਹੁਲ ਅਤੇ ਅਨਿਲ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਮਾਂ ਨੂੰ ਛੁਡਵਾਇਆ। ਇਸ 'ਤੇ ਦੋਸ਼ੀ ਸ਼ਾਂਤ ਹੋ ਗਿਆ ਅਤੇ ਆਪਣੇ ਕਮਰੇ 'ਚ ਚਲਾ ਗਿਆ। ਇਸ ਤੋਂ ਬਾਅਦ ਦੇਰ ਰਾਤ ਦੋਸ਼ੀ ਕਮਰੇ ਤੋਂ ਬਾਹਰ ਆਇਆ ਅਤੇ ਉਸ ਦੇ ਛੋਟੇ ਭਰਾ ਰਾਹੁਲ ਦੇ ਸਿਰ ਅਤੇ ਚਿਹਰੇ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ।

ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਜਦੋਂ ਛੋਟਾ ਭਰਾ ਅਨਿਲ ਉਸ ਨੂੰ ਬਚਾਉਣ ਆਇਆ ਤਾਂ ਉਸ ਦੀ ਪਿੱਠ ਅਤੇ ਸਿਰ 'ਤੇ ਚਾਕੂਆਂ ਨਾਲ ਕਈ ਵਾਰ ਕੀਤੇ ਗਏ। ਜਦੋਂ ਮਾਂ ਨੇ ਦਖਲ ਦਿੱਤਾ ਤਾਂ ਉਸ ਨੂੰ ਵੀ ਚਾਕੂ ਨਾਲ ਜ਼ਖਮੀ ਕਰ ਦਿੱਤਾ ਗਿਆ। ਜਦੋਂ ਗੁਆਂਢੀਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਉਨ੍ਹਾਂ ਨੂੰ ਹਸਪਤਾਲ ਲੈ ਗਏ ਅਤੇ ਪੁਲਿਸ ਨੂੰ ਸੂਚਨਾ ਦਿੱਤੀ। 

ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪੁੱਜੀ ਤਾਂ ਮੁਲਜ਼ਮ ਨੇ ਪੁਲਿਸ ਦੇ ਸਾਹਮਣੇ ਵੀ ਡਰਾਮਾ ਕਰਨਾ ਸ਼ੁਰੂ ਕਰ ਦਿੱਤਾ। ਉਹ ਘਰ ਦੀ ਛੱਤ 'ਤੇ ਚੜ੍ਹ ਗਿਆ ਅਤੇ ਪੁਲਸਿ ਨੂੰ ਖੁਦਕੁਸ਼ੀ ਕਰਨ ਦੀਆਂ ਧਮਕੀਆਂ ਦੇਣ ਲੱਗਾ। ਕਾਫੀ ਦੇਰ ਬਾਅਦ ਪੁਲਿਸ ਨੇ ਬੜੀ ਮੁਸ਼ੱਕਤ ਨਾਲ ਉਸ ਨੂੰ ਕਾਬੂ ਕੀਤਾ। ਫਿਰ ਦੋਸ਼ੀ ਖਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। 

ਮੁਲਜ਼ਮ ਅਜੇ ਵਿਆਹਿਆ ਹੋਇਆ ਹੈ ਪਰ ਉਸ ਦਾ ਆਪਣੀ ਪਤਨੀ ਨਾਲ ਕਾਫ਼ੀ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਉਸ ਦੇ ਦੋ ਪੁੱਤਰ ਹਨ। ਜਿਸ 'ਚੋਂ ਇਕ ਬੇਟਾ ਅਜੇ ਨਾਲ ਰਹਿੰਦਾ ਹੈ, ਜਦਕਿ ਦੂਜਾ ਬੇਟਾ ਆਪਣੀ ਪਤਨੀ ਨਾਲ ਰਹਿੰਦਾ ਹੈ। ਉਸ ਦੇ ਬੇਟੇ ਦੀ ਦੇਖਭਾਲ ਭਰਾ ਅਨਿਲ ਦੀ ਪਤਨੀ ਅਤੇ ਉਸਦੀ ਮਾਂ ਕਮਲਾ ਕਰਦੀ ਹੈ। ਪਤਨੀ ਨਾਲ ਝਗੜੇ ਤੋਂ ਬਾਅਦ ਉਹ ਡਿਪਰੈਸ਼ਨ ਵਿਚ ਸੀ।