Punjab News: ਪੰਜਾਬ ਨੇ ਝੋਨੇ ਦੀ ਖ਼ਰੀਦ ਦਾ 100 ਲੱਖ ਮੀਟ੍ਰਿਕ ਟਨ ਦਾ ਅੰਕੜਾ ਕੀਤਾ ਪਾਰ

ਏਜੰਸੀ

ਖ਼ਬਰਾਂ, ਪੰਜਾਬ

Punjab News: ਭਗਵੰਤ ਮਾਨ ਸਰਕਾਰ ਨੇ ਨਿਰਵਿਘਨ ਖ਼ਰੀਦ ’ਚ ਮਾਰਿਆ ਨਵਾਂ ਮਾਅਰਕਾ

Punjab has crossed the figure of 100 lakh metric tons of paddy purchase

 

Punjab News: ਪੰਜਾਬ ਵਿਚ ਝੋਨੇ ਦੀ ਖ਼ਰੀਦ ਨੇ 100 ਲੱਖ ਮੀਟਿ੍ਰਕ ਟਨ ਦਾ ਅੰਕੜਾ ਪਾਰ ਕਰ ਲਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਨੇ ਝੋਨੇ ਦੀ ਨਿਰਵਿਘਨ ਖ਼ਰੀਦ ਨੂੰ ਯਕੀਨੀ ਬਣਾਉਣ ਲਈ ਨਵਾਂ ਕੀਰਤੀਮਾਨ ਕਾਇਮ ਕੀਤਾ ਹੈ। 

ਜ਼ਿਕਰਯੋਗ ਹੈ ਕਿ ਮੌਜੂਦਾ ਖ਼ਰੀਦ ਸੀਜ਼ਨ ਦੌਰਾਨ ਸੂਬੇ ਦੀਆਂ ਮੰਡੀਆਂ ਵਿਚ 185 ਲੱਖ ਮੀਟਿ੍ਰਕ ਟਨ ਝੋਨੇ ਦੀ ਆਮਦ ਹੋਣ ਦੀ ਸੰਭਾਵਨਾ ਹੈ। ਇਸ ਵਾਰ ਸੂਬੇ ਵਿਚ ਝੋਨੇ ਹੇਠ 32 ਲੱਖ ਹੈਕਟੇਅਰ ਰਕਬਾ ਸੀ ਜੋ ਕੇਂਦਰੀ ਅਨਾਜ ਭੰਡਾਰ ਵਿਚ ਝੋਨੇ ਦਾ ਵੱਡਾ ਯੋਗਦਾਨ ਪਾਉਂਦਾ ਹੈ। ਸਾਉਣੀ ਮੰਡੀਕਰਨ ਸੀਜ਼ਨ 2024-25 ਦੌਰਾਨ ਭਾਰਤੀ ਰਿਜ਼ਰਵ ਬੈਂਕ ਪਹਿਲਾਂ ਹੀ 41,378 ਕਰੋੜ ਰੁਪਏ ਦੀ ਨਗਦ ਕਰਜ਼ਾ ਹੱਦ (ਸੀ.ਸੀ.ਐਲ.) ਜਾਰੀ ਕਰ ਚੁੱਕੀ ਹੈ।

ਮੁੱਖ ਮੰਤਰੀ ਜਿਨ੍ਹਾਂ ਨੇ ਸੂਬੇ ਵਿਚ ਖ਼ਰੀਦ ਅਤੇ ਚੁਕਾਈ ਕਾਰਜਾਂ ਦੀ ਨਿਰੰਤਰ ਨਿਗਰਾਨੀ ਕੀਤੀ, ਨੇ ਨਿਜੀ ਤੌਰ ਉਤੇ ਮੰਡੀਆਂ ਵਿਚੋਂ ਕਿਸਾਨਾਂ ਦੇ ਇਕ-ਇਕ ਦਾਣੇ ਦੀ ਖ਼ਰੀਦ ਅਤੇ ਚੁਕਾਈ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨਾ ਯਕੀਨੀ ਬਣਾਇਆ। ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅੰਕੜਿਆਂ ਮੁਤਾਬਕ 5 ਨਵੰਬਰ (ਮੰਗਲਵਾਰ) ਤਕ ਸੂਬੇ ਦੀਆਂ ਮੰਡੀਆਂ ਵਿਚ 110.89 ਲੱਖ ਮੀਟਿ੍ਰਕ ਟਨ ਝੋਨੇ ਦੀ ਆਮਦ ਹੋਈ ਹੈ ਜਿਸ ਵਿਚੋਂ 105.09 ਲੱਖ ਮੀਟਿ੍ਰਕ ਟਨ ਫ਼ਸਲ ਦੀ ਖ਼ਰੀਦ ਹੋ ਚੁੱਕੀ ਹੈ। ਫ਼ਸਲ ਦੀ ਅਦਾਇਗੀ ਲਈ 22047 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਝੋਨੇ ਦੀ ਆਮਦ ਵਿਚ ਹੁਣ ਤਕ ਪਟਿਆਲਾ ਜ਼ਿਲ੍ਹਾ ਮੋਹਰੀ ਹੈ ਜਿਥੇ 9.42 ਲੱਖ ਮੀਟਿ੍ਰਕ ਟਨ ਫ਼ਸਲ ਪਹੁੰਚੀ ਹੈ। ਇਸ ਤੋਂ ਬਾਅਦ ਫ਼ਿਰੋਜ਼ਪੁਰ (8.14 ਐਲ.ਐਮ.ਟੀ.), ਤਰਨ ਤਾਰਨ (7.26 ਐਲ.ਐਮ.ਟੀ.), ਜਲੰਧਰ (7.16 ਐਲ.ਐਮ.ਟੀ.) ਅਤੇ ਸੰਗਰੂਰ (7.10 ਐਲ.ਐਮ..ਟੀ.) ਸ਼ਾਮਲ ਹਨ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਸੂਬੇ ਵਿਚ ਝੋਨੇ ਦੀ ਨਿਰਵਿਘਨ ਖ਼ਰੀਦ ਨੂੰ ਯਕੀਨੀ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਝੋਨੇ ਦੀ ਖ਼ਰੀਦ ਲਈ ਪੁਖ਼ਤਾ ਇੰਤਜ਼ਾਮ ਕਰਦਿਆਂ ਸੂਬਾ ਭਰ ਵਿਚ 2651 ਮੰਡੀਆਂ ਸਥਾਪਤ ਕੀਤੀਆਂ ਹੋਈਆਂ ਹਨ।