Barnala News: ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਨਹਿਰ 'ਚ ਧੱਕਾ ਦੇ ਕੇ ਮਾਰਿਆ, ਮੁਲਜ਼ਮ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁਲਜ਼ਮ ਕੁਲਵੰਤ ਸਿੰਘ ਦੇ ਕਿਰਨਜੀਤ ਕੌਰ ਨਾਲ ਸਨ ਨਾਜ਼ਾਇਜ਼ ਸਬੰਧ

Barnala Three members of the same family killed News

ਬਰਨਾਲਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪਿੰਡ ਸੇਖਾ ਵਿਖੇ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਨਹਿਰ ਵਿੱਚ ਧੱਕਾ ਦੇ ਕੇ ਮੌਤ ਦੇ ਘਾਟ ਉਤਾਰਨ ਵਾਲੇ ਇੱਕ ਵਿਅਕਤੀ ਨੂੰ ਬਰਨਾਲਾ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ ਪਿੰਡ ਸੇਖਾ ਦੇ ਰਹਿਣ ਵਾਲੇ ਇੱਕੋ ਪਰਿਵਾਰ ਦੇ ਕਿਰਨਜੀਤ ਕੌਰ (45), ਪੁੱਤਰੀ ਸੁਖਚੈਨਪ੍ਰੀਤ ਕੌਰ (25) ਅਤੇ ਪੁੱਤਰ ਹਰਮਨਜੀਤ ਸਿੰਘ (22) ਦੀ ਗੁਮਸ਼ੁਦਾ ਹੋਣ ਸਬੰਧੀ ਥਾਣਾ ਸਦਰ ਬਰਨਾਲਾ ਵਿਖੇ ਰਿਪੋਰਟ ਦਰਜ ਕੀਤੀ ਗਈ ਸੀ।

ਲੇਕਿਨ ਪੁਲਿਸ ਨੇ ਇਸ ਕੇਸ ਦੀ ਬਾਰੀਕੀ ਨਾਲ ਜਾਂਚ ਕਰਦਿਆਂ ਕੁਲਵੰਤ ਸਿੰਘ ਉਰਫ ਕ੍ਰਾਂਤੀ ਨੂੰ ਗ੍ਰਿਫਤਾਰ ਕਰਦਿਆਂ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਕੁਲਵੰਤ ਸਿੰਘ ਦੇ ਕਿਰਨਜੀਤ ਕੌਰ ਨਾਲ ਪਿਛਲੇ ਕਾਫੀ ਲੰਬੇ ਸਮੇਂ ਤੋਂ ਸੰਬੰਧ ਸਨ। ਕਿਰਨਜੀਤ ਕੌਰ ਦੀ ਜ਼ਮੀਨ ਵੇਚਣ ਤੋਂ ਬਾਅਦ ਪ੍ਰਾਪਤ ਹੋਏ 20 ਲੱਖ ਰੁਪਏ ਦੀ ਹੇਰਾਫੇਰੀ ਕੀਤੀ ਸੀ।

ਜਿਸ ਸਬੰਧੀ ਕਿਰਨਜੀਤ ਕੌਰ ਆਪਣੇ ਪੈਸਿਆਂ ਦੀ ਮੰਗ ਕਰ ਰਹੀ ਸੀ। ਜਿਸ ਤੋਂ ਬਾਅਦ ਕੁਲਵੰਤ ਸਿੰਘ ਆਪਣੇ ਨਾਲ ਕਿਰਨਜੀਤ ਕੌਰ ਉਸ ਦੀ ਪੁੱਤਰੀ ਅਤੇ ਉਸਦੇ ਪੁੱਤਰ ਨੂੰ ਨਾਲ ਲੈ ਕੇ ਨੈਣਾਂ ਦੇਵੀ ਮਾਤਾ ਦੀ ਯਾਤਰਾ ਲਈ ਲੈ ਗਿਆ। ਜਿਸ ਨੇ ਵਾਪਸ ਆਉਂਦੇ ਸਮੇਂ ਪਟਿਆਲਾ ਨੇੜੇ ਭਾਖੜਾ ਨਹਿਰ ਕੋਲ ਨਾਰੀਅਲ ਅਤੇ ਨਿਆਜ਼ ਚੜਾਉਣ ਦਾ ਬਹਾਨਾ ਲਾ ਕੇ ਕਿਰਨਜੀਤ ਕੌਰ, ਉਸ ਦੀ ਪੁੱਤਰੀ ਅਤੇ ਉਸ ਦੇ ਪੁੱਤਰ ਨੂੰ ਨਹਿਰ ਵਿੱਚ ਧੱਕਾ ਦੇ ਦਿੱਤਾ। ਪੁਲਿਸ ਨੇ ਕੁਲਵੰਤ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਦਾ ਮਾਨਯੋਗ ਅਦਾਲਤ ਵਿੱਚੋਂ ਰਿਮਾਂਡ ਹਾਸਲ ਕਰ ਲਿਆ ਹੈ ਤਾਂ ਕਿ ਹੋਰ ਵੀ ਪੁੱਛਗਿਛ ਕੀਤੀ ਜਾਵੇ।