ਫਰੀਦਕੋਟ ’ਚ ਪੰਜਾਬ ਹੋਮ ਗਾਰਡ ਦੇ ਜਵਾਨ ਗੁਰਜੀਤ ਸਿੰਘ ਦੀ ਹਾਦਸੇ ਦੌਰਾਨ ਹੋਈ ਮੌਤ
ਡਿਊਟੀ ਕਰਕੇ ਮੋਟਰ ਸਾਈਕਲ ’ਤੇ ਘਰ ਪਰਤ ਰਿਹਾ ਸੀ ਮ੍ਰਿਤਕ ਜਵਾਨ
ਫਰੀਦਕੋਟ : ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਹਰੀਨੌ ਨੇੜੇ ਇਕ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰੇ ਜਾਣ ਕਾਰਨ ਮੋਟਰ ਸਾਈਕਲ ਸਵਾਰ ਪੰਜਾਬ ਹੋਮ ਗਾਰਡ ਦੇ ਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਡਿਊਟੀ ਤੋਂ ਬਾਅਦ ਮੋਟਰ ਸਾਈਕਲ ’ਤੇ ਆਪਣੇ ਘਰ ਪਰਤ ਰਿਹਾ ਸੀ ਅਤੇ ਰਸਤੇ ਵਿਚ ਉਸ ਦੇ ਨਾਲ ਇਹ ਦਰਦਨਾਕ ਹਾਦਸਾ ਵਾਪਰ ਗਿਆ। ਮ੍ਰਿਤਕ ਦੀ ਪਹਿਚਾਣ ਜੈਤੋ ਦੇ ਪਿੰਡ ਰਾਮੇਆਣਾ ਨਿਵਾਸੀ ਗੁਰਜੀਤ ਸਿੰਘ ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਕੋਟਕਪੂਰਾ ਸਦਰ ਪੁਲਿਸ ਸਟੇਸ਼ਨ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਕੋਟ ਭੇਜ ਦਿੱਤਾ ਗਿਆ ਹੈ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਿੰਡ ਰਾਮੇਆਣਾ ਨਿਵਾਸੀ ਹੋਮ ਗਾਰਡ ਜਵਾਨ ਗੁਰਜੀਤ ਸਿੰਘ ਇਸ ਸਮੇਂ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿਚ ਤਾਇਨਾਤ ਸੀ। ਬੁੱਧਵਾਰ ਸ਼ਾਮ ਨੂੰ ਉਹ ਆਪਣੀ ਡਿਊਟੀ ਖਤਮ ਕਰਨ ਤੋਂ ਬਾਅਦ ਮੋਟਰਸਾਈਕਲ ’ਤੇ ਆਪਣੇ ਪਿੰਡ ਵਾਪਸ ਆ ਰਿਹਾ ਸੀ। ਜਦੋਂ ਉਹ ਪਿੰਡ ਹਰੀਨੌ ਨੇੜੇ ਕੋਹਾਰਵਾਲਾ ਚੌਕ ਨੇੜੇ ਪਹੁੰਚਿਆ ਤਾਂ ਇੱਕ ਅਣਪਛਾਤੇ ਵਾਹਨ ਨੇ ਉਸਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਨਾਲ ਉਹ ਜ਼ਖਮੀ ਹੋ ਗਿਆ। ਜਿਸ ਤੋਂ ਬਾਅਦ ਹੋਮ ਗਾਰਡ ਜਵਾਨ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ।