ਕਿਸਾਨਾਂ ਨੇ ਮੋਗਾ ਪਹੁੰਚੇ ਹੰਸ ਰਾਜ ਹੰਸ ਨੂੰ ਪਾਇਆ ਘੇਰਾ, ਬਚਣ ਲਈ ਕਿਹਾ ਕਿਸਾਨਾਂ ਦੇ ਨਾਲ ਹਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੰਸ ਰਾਜ ਹੰਸ ਜੇਕਰ ਸੱਚਮੁੱਚ ਹੀ ਕਿਸਾਨਾਂ ਨਾਲ ਹਨ ਤਾਂ ਭਾਜਪਾ ਨਾਲ ਨਾਤਾ ਤੋੜਨ ਤੇ ਆਪਣੀ ਸਮੁੱਚੀ ਲੀਡਰਸ਼ਿਪ ਤੋਂ ਅਸਤੀਫ਼ਾ ਦੇਣ।

hans raj

ਮੋਗਾ: ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ।

ਪਰ ਦੂਜੇ ਪਾਸੇ ਪੰਜਾਬ 'ਚ ਵੀ ਬੀਜੇਪੀ ਲੀਡਰਾਂ ਦਾ ਵਿਰੋਧ ਜਾਰੀ ਹੈ। ਅੱਜ ਮੋਗਾ 'ਚ ਦਿੱਲੀ ਤੋਂ ਭਾਜਪਾ ਦੇ ਸਾਂਸਦ ਹੰਸ ਰਾਜ ਹੰਸ ਸਥਾਨਕ ਸ਼ਹੀਦੀ ਪਾਰਕ 'ਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੂੰ ਸਮਰਪਿਤ ਪ੍ਰੋਗਰਾਮ 'ਚ ਸ਼ਿਰਕਤ ਕਰਨ ਲਈ ਪਹੁੰਚੇ ਸੀ।

ਇਸ ਦੌਰਾਨ ਉਨ੍ਹਾਂ ਦਾ ਕਿਸਾਨ ਜਥੇਬੰਦੀਆਂ ਵੱਲੋਂ ਘਿਰਾਓ ਕੀਤਾ ਗਿਆ। ਇੱਕ ਪਾਸੇ ਹੰਸ ਰਾਜ ਹੰਸ ਨੇ ਬਿਆਨ ਦਿੱਤਾ ਕਿ ਉਹ ਕਿਸਾਨਾਂ ਦੇ ਨਾਲ ਹਨ ਤੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਇਸ ਦਾ ਜੰਮ ਕੇ ਵਿਰੋਧ ਕੀਤਾ।

ਕਿਸਾਨਾਂ ਦਾ ਕਹਿਣਾ ਹੈ ਕਿ ਹੰਸ ਰਾਜ ਹੰਸ ਜੇਕਰ ਸੱਚਮੁੱਚ ਹੀ ਕਿਸਾਨਾਂ ਨਾਲ ਹਨ ਤਾਂ ਭਾਜਪਾ ਨਾਲ ਨਾਤਾ ਤੋੜਨ ਤੇ ਆਪਣੀ ਸਮੁੱਚੀ ਲੀਡਰਸ਼ਿਪ ਤੋਂ ਅਸਤੀਫ਼ਾ ਦੇਣ। ਇਸ ਮੌਕੇ ਪੁਲਿਸ ਪ੍ਰਸਾਸ਼ਨ ਵਲੋਂ ਸੈਂਕੜੇ ਮੁਲਾਜ਼ਮ ਤਾਇਨਾਤ ਕੀਤੇ ਗਏ ਸੀ। ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੰਸ ਰਾਜ ਹੰਸ ਨੂੰ ਉੱਥੋਂ ਕੱਢਿਆ ਗਿਆ ।