ਕਿਸਾਨੀ ਧਰਨੇ ਨੂੰ ਬਦਨਾਮ ਕਰਨ ਵਾਲੇ ਬਦਮਾਸ਼ਾਂ ਨੂੰ ਜਸ ਬਾਜਵਾ ਦੀ ਚੇਤਾਵਨੀ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨੀ ਧਰਨੇ ਨੂੰ ਬਦਨਾਮ ਕਰਨ ਵਾਲੇ ਬਦਮਾਸ਼ਾਂ ਨੂੰ ਜਸ ਬਾਜਵਾ ਦੀ ਚੇਤਾਵਨੀ

image

ਨਵੀਂ ਦਿੱਲੀ (ਹਰਦੀਪ ਸਿੰਘ ਭੌਗਲ): ਸ਼ੁਰੂ ਤੋਂ ਹੀ ਕਿਸਾਨੀ ਸੰਘਰਸ਼ ਦੀ ਹਮਾਇਤ ਕਰਨ ਵਾਲੇ ਪੰਜਾਬੀ ਕਲਾਕਾਰ ਜੱਸ ਬਾਜਵਾ ਅਪਣੇ ਵਿਆਹ ਤੋਂ ਤਿੰਨ ਦਿਨ ਬਾਅਦ ਹੀ ਦਿੱਲੀ ਮੋਰਚੇ 'ਤੇ ਪਹੁੰਚੇ। ਕੁੰਡਲੀ ਬਾਰਡਰ 'ਤੇ ਸੰਘਰਸ਼ ਕਰ ਰਹੇ ਜੱਸ ਬਾਜਵਾ ਨੇ  ਰੋਜ਼ਾਨਾ ਸਪੋਕਸਮੈਨ ਨੂੰ ਦੱਸਿਆ ਕਿ ਦਿੱਲੀ ਵਿਚ ਕਿਸਾਨਾਂ ਦੇ ਸੰਘਰਸ਼ ਨੂੰ ਦੇਖ ਕੇ ਹਰ ਕੋਈ ਖੁਸ਼ ਹੈ ਤੇ ਦਿੱਲੀ ਵਿਚ ਰਹਿਣ ਵਾਲੇ ਲੋਕਾਂ ਨੂੰ ਕਈ ਸਹੂਲਤਾਂ ਮਿਲ ਰਹੀਆਂ ਹਨ।
ਜੱਸ ਬਾਜਵਾ ਨੇ ਕਿਹਾ ਕਿ ਲੋਕ ਕਿਸਾਨੀ ਸੰਘਰਸ਼ ਦੀਆਂ ਕਾਫ਼ੀ ਤਾਰੀਫ਼ਾਂ ਵੀ ਕਰ ਰਹੇ ਹਨ। ਉਹਨਾਂ ਦੱਸਿਆ ਕਿ ਕਿਸਾਨਾਂ ਵੱਲੋਂ ਲਗਾਏ ਗਏ ਲੰਗਰ ਕਾਰਨ ਇਕ ਸਮੇਂ ਦੀ ਰੋਟੀ ਖਾਣ ਵਾਲੇ ਲੋਕਾਂ ਨੂੰ ਅਸਾਨੀ ਹੋ ਰਹੀ ਹੈ, ਹੁਣ ਉਹਨਾਂ ਨੂੰ ਚੰਗਾ ਖਾਣਾ ਮਿਲ ਰਿਹਾ ਹੈ। ਉਹਨਾਂ ਦੱਸਿਆ ਕਿ ਜਿਵੇਂ-ਜਿਵੇਂ ਸਰਕਾਰ 'ਤੇ ਦਬਾਅ ਵਧਦਾ ਜਾ ਰਿਹਾ ਹੈ, ਉਵੇਂ ਹੀ ਪੰਜਾਬ ਤੋਂ ਦਿਨ ਰਾਤ ਟਰਾਲੀਆਂ ਭਰ ਕੇ ਦਿੱਲੀ ਨੂੰ ਆ ਰਹੀਆਂ ਹਨ। ਪੰਜਾਬ ਤੋਂ ਇਲਾਵਾ ਯੂਪੀ, ਐਮਪੀ ਆਦਿ ਸੂਬਿਆਂ ਤੋਂ ਵੀ ਕਿਸਾਨ ਪਹੁੰਚ ਰਹੇ ਹਨ। ਇਸ ਲਈ ਕੇਂਦਰ ਸਰਕਾਰ ਕੋਲ ਕਾਨੂੰਨ ਰੱਦ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ ਤੇ ਅਗਲੀਆਂ ਮੀਟਿੰਗਾਂ 'ਚ ਸਰਕਾਰ ਹੋਰ ਝੁਕ ਜਾਵੇਗੀ।ਕੰਗਨਾ ਰਣੌਤ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ 'ਤੇ ਜੱਸ ਬਾਜਵਾ ਨੇ ਕਿਹਾ ਕਿ ਜਦੋਂ ਬੰਦਿਆਂ ਦੇ ਹੱਥ ਖੜ੍ਹੇ ਹੋ ਜਾਣ ਤਾਂ ਭਾਜਪਾ ਸਰਕਾਰ ਔਰਤਾਂ ਦਾ ਸਹਾਰਾ ਲੈ ਰਹੀ ਹੈ। ਉਹਨਾਂ ਦੱਸਿਆ ਕਿ ਰਾਤ ਨੂੰ ਕਿਸਾਨੀ ਧਰਨਿਆਂ ਵਿਚ ਔਰਤਾਂ ਨੂੰ ਭੇਜਿਆ ਜਾਂਦਾ ਹੈ ਤੇ ਸੰਘਰਸ਼ ਵਾਲੀਆਂ ਥਾਵਾਂ 'ਤੇ ਸ਼ਰਾਬ ਦੀਆਂ ਬੋਤਲਾਂ ਸੁੱਟੀਆਂ ਜਾਂਦੀਆਂ ਹਨ। ਸਰਕਾਰ ਹਿੰਸਾ ਫੈਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਤਾਂ ਜੋ ਸੰਘਰਸ਼ ਦੇ ਮਾਹੌਲ ਨੂੰ ਖ਼ਰਾਬ ਕੀਤਾ ਜਾ ਸਕੇ।
ਉਹਨਾਂ ਕਿਹਾ ਇਸ ਸੰਘਰਸ਼ ਅੱਗੇ ਕੰਗਨਾ ਬਹੁਤ ਛੋਟੀ ਹੈ। ਜੱਸ ਬਾਜਵਾ ਨੇ ਕਿਹਾ ਕਿ ਕੰਗਨਾ ਦੀਆਂ ਗੱਲਾਂ ਨੂੰ ਇੰਨੀ ਅਹਿਮੀਅਤ ਨਹੀਂ ਦੇਣੀ ਚਾਹੀਦੀ ਕਿਉਂਕਿ ਉਹ ਉਹੀ ਬੋਲੇਗੀ ਜੋ ਭਾਜਪਾ ਸਰਕਾਰ ਚਾਹੁੰਦੀ ਹੈ।
ਜੱਸ ਬਾਜਵਾ ਨੇ ਦਿਲਜੀਤ ਦੁਸਾਂਝ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹਨਾਂ ਨੇ ਕੰਗਨਾ ਨੂੰ ਚੰਗਾ ਜਵਾਬ ਦਿੱਤਾ ਹੈ। ਹਾਲਾਂਕਿ ਉਹ ਬਾਲੀਵੁੱਡ 'ਚ ਹਨ ਤੇ ਇਸ ਨਾਲ ਉਹਨਾਂ ਦੇ ਕੈਰੀਅਰ 'ਤੇ ਵੀ ਪ੍ਰਭਾਵ ਪੈ ਸਕਦਾ ਹੈ ਪਰ ਉਹ ਪੰਜਾਬ ਦੇ ਨਾਲ ਖੜ੍ਹੇ ਹਨ।
ਫਿਲਮਾਂ ਵਿਚ ਪੰਜਾਬੀ ਹੋਣ ਦਾ ਦਾਅਵਾ ਕਰਨ ਵਾਲੇ ਬਾਲੀਵੁੱਡ ਸਿਤਾਰਿਆਂ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ 'ਸਿੰਘ ਇਜ਼ ਕਿੰਗ' ਕਹਿਣ ਵਾਲਿਆਂ ਨੂੰ ਅਪਣੇ ਖੇਤਾਂ 'ਚ ਨਾ ਵੜਨ ਦਿਓ। ਜੱਸ ਬਾਜਵਾ ਨੇ ਕਿਹਾ ਕਿ ਇਹ ਸਾਰੇ ਭਾਜਪਾ ਦੇ ਸਮਰਥਕ ਹਨ ਤੇ ਭਾਜਪਾ ਤੋਂ ਬਿਨਾਂ ਕੁਝ ਨਹੀਂ ਕਰ ਸਕਦੇ। ਇਹਨਾਂ ਨੂੰ ਪੰਜਾਬ ਵਿਚ ਨਹੀਂ ਵੜਨ ਦੇਣਾ ਚਾਹੀਦਾ।
ਨੌਜਵਾਨਾਂ ਨੂੰ ਸੁਨੇਹਾ ਦਿੰਦਿਆਂ ਜੱਸ ਬਾਜਵਾ ਨੇ ਕਿਹਾ ਕਿ ਸਾਰੇ ਨੌਜਵਾਨ ਸੂਝਵਾਨ ਤਰੀਕੇ ਨਾਲ ਸੰਘਰਸ਼ ਨੂੰ ਚਲਾ ਰਹੇ ਹਨ। ਉਹਨਾਂ ਕਿਹਾ ਜਿਵੇਂ ਪੰਜਾਬ ਵਿਚ ਅਨੁਸ਼ਾਸਨ ਵਿਚ ਰਹਿ ਕੇ ਸੰਘਰਸ਼ ਕੀਤਾ ਗਿਆ, ਉਸੇ ਤਰ੍ਹਾਂ ਇੱਥੇ ਵੀ ਜਾਰੀ ਰੱਖਿਆ ਜਾਵੇ। ਉਹਨਾਂ ਕਿਹਾ ਕਿ ਹੁਣ ਸਾਡੀ ਦੁੱਗਣੀ ਜ਼ਿੰਮੇਵਾਰੀ ਹੈ ਕਿਉਂਕਿ ਅਸੀਂ ਦੂਜੇ ਸੂਬੇ ਵਿਚ ਆਏ ਹਾਂ। ਇਸ ਲਈ ਸ਼ਰਾਰਤੀ ਅਨਸਰਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।