ਕਿਸਾਨੀ ਸੰਘਰਸ਼ ਬਾਰੇ ਬੋਲੇ ਗੁਰਪ੍ਰੀਤ ਘੁੱਗੀ, 'ਇਹ ਲੜਾਈ ਜ਼ਮੀਨ ਦੀ ਨਹੀਂ, ਜ਼ਮੀਰ ਦੀ ਹੈ'

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨੀ ਸੰਘਰਸ਼ ਬਾਰੇ ਬੋਲੇ ਗੁਰਪ੍ਰੀਤ ਘੁੱਗੀ, 'ਇਹ ਲੜਾਈ ਜ਼ਮੀਨ ਦੀ ਨਹੀਂ, ਜ਼ਮੀਰ ਦੀ ਹੈ'

image

ਨਵੀਂ ਦਿੱਲੀ, 5 ਦਸੰਬਰ (ਲੰਕੇਸ਼ ਤ੍ਰਿਖਾ) : ਮਸ਼ਹੂਰ ਪੰਜਾਬੀ ਅਦਾਕਾਰ ਗੁਰਪ੍ਰੀਤ ਸਿੰਘ ਘੁੱਗੀ ਕਿਸਾਨੀ ਸੰਘਰਸ਼ ਦੌਰਾਨ ਕਿਸਾਨਾਂ ਨੂੰ ਸਮਰਥਨ ਦੇਣ ਤੇ ਸੇਵਾ ਕਰਨ ਲਈ ਦਿੱਲੀ ਪਹੁੰਚੇ। ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਉਹਨਾਂ ਨੂੰ ਭਾਜਪਾ ਦੇ ਕਿਸੇ ਵਿਅਕਤੀ ਤੋਂ ਕੋਈ ਸਮੱਸਿਆ ਨਹੀਂ ਹੈ। ਆਰਐਸਐਸ ਦੇ ਕਿਸਾਨ ਵਿੰਗ ਨੇ ਵੀ ਕਿਸਾਨੀ ਸੰਘਰਸ਼ ਨੂੰ ਸਹਿਯੋਗ ਦਿਤਾ ਹੈ। ਘੁੱਗੀ ਨੇ ਕਿਹਾ ਕਿ ਉਹ ਨਾ ਭਾਜਪਾ ਨੂੰ ਨਿੰਦਣ ਦਿੱਲੀ ਆਏ ਹਨ ਤੇ ਨਾ ਹੀ ਆਰਐਸਐਸ ਨੂੰ ਨਿੰਦਣ ਆਏ ਬਲਕਿ ਉਹ ਕਿਸਾਨਾਂ ਦਾ ਸਾਥ ਦੇਣ ਆਏ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਦੇ ਖੇਤੀ ਕਾਨੂੰਨਾਂ ਨੇ ਪੂਰਾ ਪੰਜਾਬ ਇਕੱਠਾ ਕਰ ਦਿੱਤਾ ਹੈ। ਦਿੱਲੀ ਵਿਚ ਅਜਿਹਾ ਮਾਹੌਲ ਬਣਾ ਦਿਤਾ ਕਿ ਹੁਣ ਸ਼ਹਿਰਾਂ ਦੀ ਮਾਵਾਂ ਵੀ ਅਪਣੇ ਪੁੱਤਰਾਂ ਨੂੰ ਕਹਿ ਰਹੀਆਂ ਕਿ ਤੂੰ ਦਿੱਲੀ ਜਾ। ਉਨ੍ਹਾਂ ਕਿਹਾ ਕਿ ਅੱਜ ਸਾਡੇ ਕਿਸਾਨਾਂ ਨੇ ਸਿੰਘੂ ਬਾਰਡਰ ਦਾ ਨਾਂ ਬਦਲ ਕੇ ਸਿੰਘ ਬਾਰਡਰ ਕਰ ਦਿਤਾ ਹੈ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦਿੱਲੀ ਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਕਈ ਲੋਕਾਂ ਦੇ ਸੁਨੇਹੇ ਆਏ ਕਿ ਤੁਸੀਂ ਕਿਉਂ ਜਾ ਰਹੇ ਹੋ? ਤਾਂ ਘੁੱਗੀ ਨੇ ਜਵਾਬ ਦਿਤਾ ਕਿ ਉਹ ਮਾਹੌਲ ਠੀਕ ਕਰਨ ਹੀ ਦਿੱਲੀ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਲੜਾਈ ਜ਼ਮੀਨ ਦੀ ਨਹੀਂ, ਜ਼ਮੀਰ ਦੀ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਜੁੜੇ ਭਾਜਪਾ ਨਾਲ ਹਨ ਪਰ ਅੰਦਰੋਂ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ। ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਕੋਲ ਵੀ ਖੇਤੀ ਕਾਨੂੰਨਾਂ ਨੂੰ ਲੈ ਕੇ ਕੋਈ ਪਾਵਰ ਨਹੀਂ ਹੈ। ਇਸ ਲਈ ਆਖ਼ਰੀ ਫ਼ੈਸਲਾ ਉਦੋਂ ਹੀ ਆਵੇਗਾ ਜਦੋਂ ਮੋਦੀ ਸਾਹਿਬ ਚਾਹੁਣਗੇ।
 ਬੀਤੇ ਦਿਨੀਂ ਮੁਹੰਮਦ ਸਦੀਕ ਦੀ ਵਾਇਰਲ ਹੋਈ ਵੀਡੀਓ ਬਾਰੇ ਪ੍ਰਤੀਕਿਰਿਆ ਦਿੰਦਿਆਂ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਮੁਹੰਮਦ ਸਦੀਕ ਸਾਹਬ ਦਾ ਪੰਜਾਬੀ ਭਾਸ਼ਾ ਵਿਚ ਬਹੁਤ ਅਹਿਮ ਯੋਗਦਾਨ ਹੈ ਤੇ ਉਹ ਕਾਫ਼ੀ ਬੀਮਾਰ ਵੀ ਰਹੇ। ਜਿਸ ਕਾਰਨ ਉਹ ਇਸ ਕਾਨੂੰਨ ਨੂੰ ਸਮਝ ਨਹੀਂ ਪਾਏ ਤੇ ਉਨ੍ਹਾਂ ਬਹੁਤ ਚੰਗੀ ਗੱਲ ਕਹੀ ਕਿ ਉਨ੍ਹਾਂ ਨੂੰ ਇਸ ਕਾਨੂੰਨ ਬਾਰੇ ਕੋਈ ਜਾਣਕਾਰੀ ਨਹੀਂ ਹੈ। ਘੁੱਗੀ ਨੇ ਕਿਹਾ ਕਿ ਇਸ ਮਾਮਲੇ 'ਤੇ ਭਗਵੰਤ ਮਾਨ ਬਹੁਤ ਚੰਗਾ ਬੋਲ ਰਹੇ ਨੇ ਕਿਉਂਕਿ ਇਸ ਬਾਰੇ ਉਨ੍ਹਾਂ ਨੂੰ ਕਾਫ਼ੀ ਜਾਣਕਾਰੀ ਹੈ। ਉਨ੍ਹਾਂ ਕਿਹਾ ਕਿ ਸੰਸਦ ਦੇ ਹਰ ਮੈਂਬਰ ਨੇ ਅਪਣਾ ਬਣਦਾ ਫ਼ਰਜ਼ ਨਿਭਾਇਆ ਹੈ।