'ਸਾਡੀ ਸਰਕਾਰ ਬਣੀ ਤਾਂ ਮਹਿਲਾਵਾਂ ਨੂੰ ਦਿਆਂਗੇ 2500 ਰੁਪਏ ਪ੍ਰਤੀ ਮਹੀਨਾ'
'ਸਾਡੀ ਸਰਕਾਰ ਬਣੀ ਤਾਂ ਮਹਿਲਾਵਾਂ ਨੂੰ ਦਿਆਂਗੇ 2500 ਰੁਪਏ ਪ੍ਰਤੀ ਮਹੀਨਾ'
ਮੁਫ਼ਤ ਬਿਜਲੀ ਅਤੇ ਪਾਣੀ ਦੇਣ ਦਾ ਵੀ ਕੀਤਾ ਵਾਅਦਾ
ਪਣਜੀ, 5 ਦਸੰਬਰ : ਗੋਆ ਵਿਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਿਆਸੀ ਪਾਰਟੀਆਂ ਨੇ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ | 40 ਸੀਟਾਂ ਲਈ ਫ਼ਰਵਰੀ ਵਿਚ ਵਿਧਾਨ ਸਭਾ ਚੋਣਾਂ ਹੋ ਸਕਦੀਆਂ ਹਨ |
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਗੋਆ ਵਿਚ ਮਹਿਲਾਵਾਂ ਲਈ ਵੱਡਾ ਐਲਾਨ ਕੀਤਾ ਹੈ | ਉਨ੍ਹਾਂ ਐਲਾਨ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਗੋਆ ਵਿਚ ਸਰਕਾਰ ਬਣਾਉਂਦੀ ਹੈ ਤਾਂ ਔਰਤਾਂ ਨੂੰ ਘਰ ਆਧਾਰ ਸਕੀਮ ਤਹਿਤ ਹਰ ਮਹੀਨੇ ਢਾਈ ਹਜ਼ਾਰ ਰੁਪਏ ਦਿਤੇ ਜਾਣਗੇ | ਇਸ ਤੋਂ ਇਲਾਵਾ ਉਨ੍ਹਾਂ ਨੇ ਮੁਫ਼ਤ ਬਿਜਲੀ ਅਤੇ ਪਾਣੀ ਦੇਣ ਦਾ ਵਾਅਦਾ ਵੀ ਕੀਤਾ | ਕੇਜਰੀਵਾਲ ਨੇ ਇਹ ਵੀ ਕਿਹਾ ਕਿ ਜੇਕਰ ਗੋਆ ਦੀ ਰਾਜਨੀਤੀ ਨੂੰ ਬਚਾਉਣਾ ਹੈ ਤਾਂ ਗੋਆ ਨੂੰ ਬੁਰੇ ਨੇਤਾਵਾਂ ਤੋਂ ਬਚਾਉਣਾ ਹੋਵੇਗਾ |
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇਕਰ ਗੋਆ ਵਿਚ ਸਾਡੀ ਸਰਕਾਰ ਬਣਦੀ ਹੈ ਤਾਂ ਅਸੀਂ ਘਰ ਆਧਾਰ ਯੋਜਨਾ ਦੇ ਤਹਿਤ ਔਰਤਾਂ ਨੂੰ ਹਰ ਮਹੀਨੇ 2500 ਰੁਪਏ ਦਿਤੇ ਜਾਣਗੇ | ਜਿਨ੍ਹਾਂ ਔਰਤਾਂ ਨੂੰ ਇਹ ਸਕੀਮ ਨਹੀਂ ਮਿਲਦੀ ਅਤੇ ਉਹ 18 ਸਾਲ ਤੋਂ ਵੱਧ ਹਨ, ਉਨ੍ਹਾਂ ਦੇ ਖਾਤੇ ਵਿਚ ਹਰ ਮਹੀਨੇ 1000 ਰੁਪਏ ਟਰਾਂਸਫ਼ਰ ਕੀਤੇ ਜਾਣਗੇ |
ਕੇਜਰੀਵਾਲ ਨੇ ਅਪਣੇ ਭਾਸ਼ਣ ਵਿਚ ਦੋਸ਼ ਲਾਇਆ ਕਿ ਲੋਕ ਸਿਰਫ਼ ਮਹਿਲਾ ਸਸ਼ਕਤੀਕਰਨ ਦੀ ਗੰਲ ਕਰਦੇ ਹਨ, ਪਰ ਕੰਮ ਕੋਈ ਨਹੀਂ ਕਰਦਾ | ਉਨ੍ਹਾਂ ਕਿਹਾ ਕਿ ਸੱਭ ਤੋਂ ਵੱਡੀ ਤਾਕਤ ਪੈਸੇ ਵਿਚ ਹੈ | ਜੇ ਤੁਹਾਡੀ ਜੇਬ ਵਿਚ ਪੈਸਾ ਹੈ, ਤਾਂ ਤੁਸੀਂ ਅੰਦਰੋਂ ਮਜਬੂਤ ਮਹਿਸੂਸ ਕਰਦੇ ਹੋ | ਜੇਕਰ ਸਾਡੀ ਹਰ ਔਰਤ ਦੀ ਜੇਬ ਵਿਚ ਹਜ਼ਾਰ ਰੁਪਏ ਹਨ ਤਾਂ ਉਹ ਕੀ ਨਹੀਂ ਕਰ ਸਕਦੀ? ਉਹ ਬਹੁਤ ਆਜ਼ਾਦ ਮਹਿਸੂਸ ਕਰੇਗੀ | ਅਸੀਂ ਔਰਤਾਂ ਦੇ ਖਾਤੇ ਵਿਚ ਪੈਸਾ ਪਾਉਣ ਜਾ ਰਹੇ ਹਾਂ, ਇਹ ਦੁਨੀਆ ਦਾ ਸੱਭ ਤੋਂ ਵੱਡਾ ਮਹਿਲਾ ਸਸ਼ਕਤੀਕਰਨ ਪ੍ਰੋਗਰਾਮ ਹੋਵੇਗਾ | (ਏਜੰਸੀ)