ਕਿਸਾਨਾਂ ਵਾਂਗ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਵੀ ਦੇਣੀ ਪਵੇਗੀ 'ਕੁਰਬਾਨੀ' : ਫ਼ਾਰੂਕ ਅਬਦੁੱਲਾ
ਕਿਸਾਨਾਂ ਵਾਂਗ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਵੀ ਦੇਣੀ ਪਵੇਗੀ 'ਕੁਰਬਾਨੀ' : ਫ਼ਾਰੂਕ ਅਬਦੁੱਲਾ
ਸ਼੍ਰੀਨਗਰ, 5 ਦਸੰਬਰ : ਨੈਸ਼ਨਲ ਕਾਨਫ਼ਰੰਸ (ਐਨ.ਸੀ) ਦੇ ਪ੍ਰਧਾਨ ਫ਼ਾਰੂਕ ਅਬਦੁੱਲਾ ਨੇ ਐਤਵਾਰ ਨੂੰ ਕਿਹਾ ਕਿ ਜਿਵੇਂ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਨੇ 'ਕੁਰਬਾਨੀ' ਦਿਤੀ ਉਸੇ ਤਰ੍ਹਾਂ ਅਪਣੇ ਰਾਜ ਅਤੇ ਵਿਸ਼ੇਸ਼ ਦਰਜੇ ਦੀ ਬਹਾਲੀ ਲਈ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਵੀ 'ਕੁਰਬਾਨੀ' ਦੇਣੀ ਪੈ ਸਕਦੀ ਹੈ | ਪਾਰਟੀ ਦੇ ਸੰਸਥਾਪਕ ਸ਼ੇਖ ਮੁਹੰਮਦ ਅਬਦੁੱਲਾ ਦੀ 116ਵੀਂ ਜਯੰਤੀ ਦੇ ਮੌਕੇ ਇਥੇ ਨਸੀਮਬਾਗ਼ 'ਚ ਉਨ੍ਹਾਂ ਦੇ ਮਕਬਰੇ 'ਤੇ ਐਨ.ਸੀ ਦੀ ਯੂਥ ਵਿੰਗ ਨੂੰ ਸੰਬੋਧਨ ਕਰਦਿਆਂ ਅਬਦੁੱਲਾ ਨੇ ਹਾਲਾਂਕਿ ਕਿਹਾ ਕਿ ਉਨ੍ਹਾਂ ਦੀ ਪਾਰਟੀ ਹਿੰਸਾ ਦਾ ਸਮਰਥਨ ਨਹੀਂ ਕਰਦੀ |
ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ, ''11 ਮਹੀਨੇ (ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਕੀਤਾ), 'ਚ 700 ਤੋਂ ਵੱਧ ਕਿਸਾਨ ਮਾਰੇ ਗਏ | ਕੇਂਦਰ ਨੂੰ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨੇ ਪਏ ਜਦੋਂ ਕਿਸਾਨਾਂ ਨੇ ਕੁਰਬਾਨੀਆਂ ਦਿਤੀਆਂ | ਸਾਨੂੰ ਅਪਣੇ ਅਧਿਕਾਰ ਵਾਪਸ ਲੈਣ ਲਈ ਉਸੇ ਤਰ੍ਹਾਂ ਦੀ ਕੁਰਬਾਨੀ ਦੇਣੀ ਪੈ ਸਕਦੀ ਹੈ |'' ਅਬਦੁੱਲਾ ਨੇ ਕਿਹਾ, ''ਇਹ ਯਾਦ ਰਖੋ, ਅਸੀਂ ਆਰਟੀਕਲ 370,35ਏ ਅਤੇ ਰਾਜ ਦਾ ਦਰਜਾ ਵਾਪਸ ਹਾਸਲ ਕਰਨ ਦਾ ਵਾਅਦਾ ਕੀਤਾ ਹੈ ਅਤੇ ਅਸੀਂ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਾਂ |'' ਉਨ੍ਹਾਂ ਕਿਹਾ ਕਿ ਐਨ.ਸੀ. ਹਾਲਾਂਕਿ ਭਾਈਚਾਰੇ ਵਿਰੁਧ ਨਹੀਂ ਹੈ ਅਤੇ ਹਿੰਸਾ ਦਾ ਸਮਰਥਨ ਨਹੀਂ ਕਰਦੀ |
ਹਾਲ ਹੀ 'ਚ ਹੈਦਰਪੋਰਾ ਮੁਠਭੇੜ ਅਤੇ ਮੁਹਿੰਮ 'ਚ ਮਾਰੇ ਗਏ ਦੋ ਨਾਗਰਿਕਾਂ ਦੇ ਪ੍ਰਵਾਰਾਂ ਨੇ ਪ੍ਰਸ਼ਾਸਨ ਨੂੰ ਉਨ੍ਹਾਂ ਦੀਆਂ ਲਾਸ਼ਾਂ ਵਾਪਸ ਕਰਨ ਲਈ ਕਿਵੇਂ ਮਜਬੂਰ ਕੀਤਾ, ਇਸ 'ਤੇ ਅਬਦੁੱਲਾ ਨੇ ਕਿਹਾ ਕਿ ਇਹ ਸੰਭਵ ਹੋਇਆ ਕਿਉਂਕਿ ਲੋਕਾਂ ਨੇ ਏਕਤਾ ਦਿਖਾਈ | ਉਨ੍ਹਾਂ ਮੰਗ ਕੀਤੀ ਕਿ ਮੁਠਭੇੜ 'ਚ ਮਾਰੇ ਗਏ ਇਕ ਹੋਰ ਵਿਅਕਤੀ ਆਮਿਰ ਮਾਗਰੇ ਦੀ ਲਾਸ਼ ਵੀ ਉਸ ਦੇ ਪ੍ਰਵਾਰ ਨੂੰ ਵਾਪਸ ਕੀਤੀ ਜਾਵੇ |
ਐਨ.ਸੀ ਪ੍ਰਧਾਨ ਨੇ ਕਿਹਾ, ''ਤਿੰਨ ਨਿਰਦੋਸ਼ ਲੋਕ ਮਾਰੇ ਗਏ | ਜਦ ਲੋਕਾਂ ਨੇ ਆਵਾਜ਼ ਚੁੱਕੀ ਤਾਂ ਪ੍ਰਸ਼ਾਸਨ ਨੇ ਲਾਸ਼ਾਂ ਵਾਪਸ ਦੇ ਦਿਤੀਆਂ ਤਾਕਿ ਉਨ੍ਹਾਂ ਦੇ ਪ੍ਰਵਾਰ ਉਨ੍ਹਾਂ ਨੂੰ ਦਫ਼ਨਾ ਸਕਣ | ਇਹ ਏਕਤਾ ਤੋਂ ਹੀ ਹੋ ਸਕਦਾ ਹੈ |'' ਧਾਰਾ 370 ਦੇ ਰੱਦ ਹੋਣ ਦੇ ਬਾਅਦ ਜੰਮੂ ਕਸ਼ਮੀਰ 'ਚ ਸੈਰ ਸਪਾਟੇ 'ਚ ਵਾਧਾ ਹੋਣ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਟਿਪਣੀ ਦਾ ਜ਼ਿਕਰ ਕਰਦੇ ਹੋਏ ਅਬਦੁੱਲਾ ਨੇ ਕਿਹਾ ਕਿ ਜਦ ਕੇਂਦਰ ਸ਼ਾਸਤ ਪ੍ਰਦੇਸ਼ ਦੀ ਗੱਲ ਆਉਂਦੀ ਹੈ ਤਾਂ ''ਜਿਵੇਂ ਸੈਰ ਸਪਾਟਾ ਹੀ ਸੱਭ ਕੁੱਝ ਹੈ |'' ਉਨ੍ਹਾਂ ਕਿਹਾ ਤੁਸੀਂ 5000 ਨੌਕਰੀਆਂ ਦਾ ਵਾਅਦਾ ਕੀਤਾ ਸੀ, ਉਹ ਕਿਥੇ ਹਨ? ਬਲਕਿ ਤੁਸੀਂ ਸਾਡੇ ਲੋਕਾਂ ਦੀਆਂ ਨੌਕਰੀਆਂ ਖ਼ਤਮ ਕਰ ਰਹੇ ਹੋ |'' (ਏਜੰਸੀ)