ਦਿਲਰੋਜ਼ ਕਤਲ ਮਾਮਲੇ 'ਚ ਮਨੀਸ਼ਾ ਗੁਲਾਟੀ ਦੀ ਵੱਡੀ ਕਾਰਵਾਈ
ਕਿਹਾ- ਜਲਦ ਮਿਲੇਗਾ ਇਨਸਾਫ਼ ਤੇ ਦੋਸ਼ੀ ਨੂੰ ਹੋਵੇਗੀ ਸਖ਼ਤ ਤੋਂ ਸਖ਼ਤ ਸਜ਼ਾ
ਲੁਧਿਆਣਾ : ਕੁਝ ਦਿਨ ਪਹਿਲਾਂ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ 'ਚ ਇਕ ਔਰਤ ਨੇ ਪੰਜਾਬ ਪੁਲਿਸ ਦੇ ਕਾਂਸਟੇਬਲ ਹਰਪ੍ਰੀਤ ਸਿੰਘ ਦੀ ਬੇਟੀ ਨੂੰ ਉਸ ਦੇ ਘਰ ਦੇ ਬਾਹਰੋਂ ਅਗਵਾ ਕਰਕੇ ਜ਼ਮੀਨ 'ਚ ਜ਼ਿੰਦਾ ਦੱਬ ਦਿਤਾ ਸੀ। ਇਸ ਘਟਨਾ ਨੇ ਅੱਜ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਲਿਆ ਦਿਤੇ।
ਇਸ ਦੇ ਨਾਲ ਹੀ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਇਸ ਮਾਮਲੇ 'ਤੇ ਵੱਡੀ ਕਾਰਵਾਈ ਕਰਨ ਦੀ ਤਿਆਰੀ ਕਰ ਰਹੇ ਹਨ। ਇੱਕ ਵੀਡੀਓ ਜਾਰੀ ਕਰਦੇ ਹੋਏ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਪਿਛਲੇ ਦਿਨੀਂ ਲੁਧਿਆਣਾ ਵਿਚ ਮਾਸੂਮ ਦਿਲਰੋਜ਼ ਨਾਲ ਜੋ ਕਹਿਰ ਵਾਪਰਿਆ ਉਹ ਬੇਹੱਦ ਦਰਦਨਾਕ ਹੈ। ਇੱਕ ਔਰਤ ਵਲੋਂ ਇੱਕ ਬੱਚੀ ਦਾ ਇੰਨਾ ਬੇਰਹਿਮੀ ਨਾਲ ਕਤਲ ਕੀਤੇ ਜਾਣਾ ਬਹੁਤ ਹੀ ਘਿਨੌਣਾ ਜੁਰਮ ਹੈ ਜਿਸਨੇ ਦਰਿੰਦਗੀ ਦੀ ਹੱਦ ਪਾਰ ਕਰ ਦਿਤੀ ਹੈ।
ਇਸ ਮਾਮਲੇ ਵਿੱਚ ਮਾਸੂਮ ਦਿਲਰੋਜ਼ ਨੂੰ ਇਨਸਾਫ਼ ਮਿਲ ਕੇ ਰਹੇਗਾ ਤੇ ਉਸਦੇ ਪਰਿਵਾਰ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ ਤੇ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਵੇਗੀ ਤਾਂ ਜੋ ਉਸਨੂੰ ਤੇ ਉਹਨਾਂ ਸਾਰਿਆਂ ਨੂੰ ਜੋ ਅਜਿਹਾ ਜੁਰਮ ਕਰਨ ਬਾਰੇ ਸੋਚਦੇ ਹਨ ਉਹਨਾਂ ਨੂੰ ਸਬਕ ਮਿਲੇਗਾ। ਮਨੀਸ਼ਾ ਗੁਲਾਟੀ ਨੇ ਅੱਗੇ ਕਿਹਾ ਕਿ ਮੈਨੂੰ ਕਈ ਲੋਕਾਂ ਦੇ ਸੁਨੇਹੇ ਆ ਰਹੇ ਸਨ ਕਿ ਇਸ ਬੇਟੀ ਨੂੰ ਇਨਸਾਫ਼ ਦਿਤਾ ਜਾਵੇ ਅਤੇ ਮੈਂ ਕਹਿੰਦੀ ਹਾਂ ਕਿ ਬੱਚੀ ਨੂੰ ਨਿਆਂ ਜ਼ਰੂਰ ਮਿਲੇਗਾ।
ਇਸ ਦੇ ਲਈ ਸਾਡਾ ਕਮਿਸ਼ਨ ਅੱਜ ਸੈਸ਼ਨ ਜੱਜ ਨੂੰ ਪੱਤਰ ਲਿਖ ਕੇ ਜਲਦੀ ਤੋਂ ਜਲਦੀ ਇਨਸਾਫ਼ ਦੀ ਮੰਗ ਕਰੇਗਾ। ਮਨੀਸ਼ਾ ਗੁਲਾਟੀ ਨੇ ਅੱਗੇ ਕਿਹਾ ਕਿ ਜਲਾਦ ਔਰਤ ਨੂੰ ਜਲਦੀ ਤੋਂ ਜਲਦੀ ਮੌਤ ਦੀ ਸਜ਼ਾ ਦਿਤੀ ਜਾਵੇਗੀ। ਮੈਂ ਜਲਦੀ ਹੀ ਦਿਲਰੋਜ਼ ਦੀ ਮਾਂ ਨੂੰ ਵੀ ਮਿਲਣ ਜਾਂਵਾਂਗੀ।