OP ਸੋਨੀ ਵੱਲੋਂ 100% ਟੀਕਾਕਰਨ ਨੂੰ ਯਕੀਨੀ ਬਣਾਉਣ ਲਈ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਰ ਘਰ ਦਸਤਕ ਮੁਹਿੰਮ

O.P. Soni flags off awareness vans to boost covid vaccination through Har Ghar Dastak Muhim

 

ਚੰਡੀਗੜ੍ਹ -  ਮੌਜੂਦਾ ਸਮੇਂ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਖਤਰੇ ਦੇ ਨਾਲ-ਨਾਲ ਕੋਵਿਡ ਦੀ ਤੀਜੀ ਲਹਿਰ ਦੀ ਕਿਸੇ ਵੀ ਸੰਭਾਵਨਾ ਨੂੰ ਟਾਲਣ ਦੇ ਮੱਦੇਨਜ਼ਰ, ਉਪ ਮੁੱਖ ਮੰਤਰੀ ਓ.ਪੀ. ਸੋਨੀ, ਜੋ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਵੀ ਹਨ, ਨੇ ਪੰਜਾਬ ਵਿੱਚ ਸੌ ਫੀਸਦੀ ਟੀਕਾਕਰਨ ਨੂੰ ਯਕੀਨੀ ਬਣਾਉਣ ਲਈ ਪੰਜਾਬ ਭਵਨ ਚੰਡੀਗੜ੍ਹ ਤੋਂ ਹਰੀ ਝੰਡੀ ਦੇ ਕੇ ਪੰਜ ਜਾਗਰੂਕਤਾ ਵੈਨਾਂ ਨੂੰ ਰਵਾਨਾ ਕੀਤਾ। ਇਹ ਜਾਗਰੂਕਤਾ ਮੁਹਿੰਮ ਹੋਰ ਵੀ ਵਧੇਰੇ ਮਹੱਤਵਪੂਰਣ ਹੋ ਜਾਂਦੀ ਹੈ ਕੋਰੋਨਾ ਦੀ ਸੰਭਾਵਿਤ ਤੀਜੀ ਲਹਿਰ ਦਾ ਖ਼ਤਰਾ ਵੱਡੇ ਪੱਧਰ 'ਤੇ ਮੰਡਰਾ ਰਿਹਾ ਹੈ ਅਤੇ ਲੋਕਾਂ ਨੂੰ ਕੋਵਿਡ ਦੇ ਪ੍ਰਕੋਪ ਤੋਂ ਬਚਾਉਣ ਦਾ ਟੀਕਾਕਰਨ ਹੀ ਸਥਾਈ ਤਰੀਕਾ ਹੈ।

ਸੂਬੇ ਵਿਚ ਚੱਲ ਰਹੀ ਟੀਕਾਕਰਨ ਮੁਹਿੰਮ ਦਾ ਹਵਾਲਾ ਦਿੰਦਿਆਂ ਸ੍ਰੀ ਓ.ਪੀ.ਸੋਨੀ ਨੇ ਦੱਸਿਆ ਕਿ ਲਗਭਗ 1.66 ਕਰੋੜ (80 46%) ਵਿਅਕਤੀਆਂ ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕਰ ਲਈ ਹੈ ਅਤੇ 79 ਲੱਖ ਲੋਕਾਂ ਨੂੰ ਦੋਵੇਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਇਸ ਮੁਹਿੰਮ ਨੂੰ ਹੋਰ ਹੁਲਾਰਾ ਦੇਣ ਅਤੇ ਹਰ ਘਰ ਤੱਕ ਪਹੁੰਚਣ ਦੇ ਮੰਤਵ ਨਾਲ ਨਵੰਬਰ ਦੇ ਪਹਿਲੇ ਹਫ਼ਤੇ ਸੂਬੇ ਵਿੱਚ "ਹਰ ਘਰ ਦਸਤਕ" ਕੋਵਿਡ-19 ਟੀਕਾਕਰਨ ਮੁਹਿੰਮ ਚਲਾਈ ਗਈ। ਇਸ ਮੁਹਿੰਮ ਤਹਿਤ ਪਹਿਲੀ ਅਤੇ ਦੂਜੀ ਖੁਰਾਕ ਲਈ ਕ੍ਰਮਵਾਰ 312570 ਅਤੇ 412912 ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਗਿਆ ਹੈ। 4788 ਪਿੰਡਾਂ ਵਿੱਚ ਕ੍ਰਮਵਾਰ ਪਹਿਲੀ ਡੋਜ਼ ਅਤੇ 1145 ਪਿੰਡਾਂ ਵਿੱਚ ਦੂਜੀ ਖੁਰਾਕ ਲਈ 100% ਟੀਕਾਕਰਨ ਹੋ ਚੁੱਕਾ ਹੈ।

ਕੋਰੋਨਾ ਟੀਕਾਕਰਨ ਵਿਚ ਹੋਰ ਤੇਜ਼ੀ ਲਿਆਉਣ ਦੇ ਮੰਤਵ ਨਾਲ਼ , ਇਹਨਾਂ ਆਈ.ਈ.ਸੀ. (ਸੂਚਨਾ ਸਿੱਖਿਆ ਸੰਚਾਰ) ਵੈਨਾਂ ਦੀ ਵਰਤੋਂ ਪਹਿਲੇ 15 ਦਿਨਾਂ ਤੱਕ ਘੱਟ ਕਾਰਗੁਜ਼ਾਰੀ ਵਾਲੇ ਜ਼ਿਲ੍ਹਿਆਂ (ਫਿਰੋਜ਼ਪੁਰ, ਮਾਨਸਾ, ਬਰਨਾਲਾ, ਬਠਿੰਡਾ, ਸੰਗਰੂਰ) ਵਿੱਚ ਜਾਗਰੂਕਤਾ ਪੈਦਾ ਕਰਨ ਲਈ ਕੀਤੀ ਜਾਵੇਗੀ। ਜਿੱਥੇ ਟੀਕਾਕਰਨ ਪ੍ਰਤੀ ਵਿਰੋਧ ਅਤੇ ਸ਼ੰਕਿਆਂ ਨੂੰ ਇਨ੍ਹਾਂ ਵੈਨਾਂ ਰਾਹੀਂ ਜਾਗਰੂਕਤਾ ਪੈਦਾ ਕਰਕੇ ਵੈਕਸੀਨ ਲਗਵਾਉਣ ਬਾਰੇ ਹਿਚਕਚਾਹਟ ਨੂੰ ਦੂਰ ਕੀਤਾ ਜਾਵੇਗਾ। ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਇਸ ਜਾਗਰੂਕਤਾ ਮੁਹਿੰਮ ਨੂੰ ਚਲਾਉਣ ਲਈ ਸਿਹਤ ਵਿਭਾਗ ਦੇ ਮਾਸ ਐਜੂਕੇਸ਼ਨ ਅਤੇ ਮੀਡੀਆ ਵਿੰਗ ਦੇ ਬਲਾਕ ਐਕਸਟੈਂਸ਼ਨ ਐਜੂਕੇਟਰ ਤਾਇਨਾਤ ਕੀਤੇ ਜਾਣਗੇ।

ਜਿਕਰਯੋਗ ਹੈ ਕਿ ਅੱਜ ਹਰੀ ਝੰਡੀ ਦੇ ਕੇ ਰਵਾਨਾ ਕੀਤੀਆਂ ਗਈਆਂ ਇਹ ਜਾਗਰੂਕਤਾ ਵੈਨਾਂ ਅਗਲੇ ਇੱਕ ਮਹੀਨੇ ਤੱਕ ਪਿੰਡ-ਪਿੰਡ ਜਾ ਕੇ ਇਸ ਮੁਹਿੰਮ ਸਬੰਧੀ ਜਾਗਰੂਕਤਾ ਪੈਦਾ ਕਰਨਗੀਆਂ, ਤਾਂ ਜੋ ਸੌ ਫੀਸਦੀ ਟੀਕਾਕਰਨ ਕਵਰੇਜ ਹਾਸਲ ਕੀਤੀ ਜਾ ਸਕੇ।ਇਸ ਤੋਂ ਬਾਅਦ ਸੂਬੇ ਭਰ ਦੇ ਹੋਰ ਜ਼ਿਲ੍ਹਿਆਂ ਨੂੰ ਵੀ ਕਵਰ ਕੀਤਾ ਜਾਵੇਗਾ। ਵਿਭਾਗ ਦਾ ਟੀਚਾ ਦਸੰਬਰ 2021 ਦੇ ਅੰਤ ਤੱਕ 100% ਪਹਿਲੀ ਖੁਰਾਕ ਅਤੇ ਦੂਜੀ ਖੁਰਾਕਦੀ ਰਹਿੰਦੀ ਕਵਰੇਜ ਨੂੰ ਪ੍ਰਾਪਤ ਕਰਨਾ ਹੈ। ਇਸ ਮੌਕੇ ਸਿਹਤ ਸਕੱਤਰ ਵਿਕਾਸ ਗਰਗ,ਮਿਸ਼ਨ ਡਾਇਰੈਕਟਰ ਐਨ.ਐਚ.ਐਮ. ਕੁਮਾਰ ਰਾਹੁਲ ਹਾਜਰ ਸਨ।