ਸਰਕਾਰੀ ਹਸਪਤਾਲ 'ਚ ਚੋਰੀ ਹੋਏ ਬੱਚੇ ਨੂੰ ਪੁਲਿਸ ਨੇ 10 ਘੰਟਿਆਂ ਵਿਚ ਕੀਤਾ ਬਰਾਮਦ

ਏਜੰਸੀ

ਖ਼ਬਰਾਂ, ਪੰਜਾਬ

ਸਰਕਾਰੀ ਹਸਪਤਾਲ 'ਚ ਚੋਰੀ ਹੋਏ ਬੱਚੇ ਨੂੰ ਪੁਲਿਸ ਨੇ 10 ਘੰਟਿਆਂ ਵਿਚ ਕੀਤਾ ਬਰਾਮਦ

IMAGE

 


ਮੋਗਾ, 5 ਦਸੰਬਰ (ਅਰੁਣ ਗੁਲਾਟੀ) : ਮੋਗਾ ਦੇ ਸਰਕਾਰੀ ਹਸਪਤਾਲ ਦੇ ਜ਼ਚਾ-ਬੱਚਾ ਵਾਰਡ ਵਿਚੋਂ ਚੋਰੀ ਹੋਏ 9 ਮਹੀਨੇ ਦੇ ਬੱਚੇ ਨੂੰ  ਪੁਲਿਸ ਨੇ ਮੁਸ਼ਤੈਦੀ ਵਿਖਾਉਂਦਿਆਂ 10 ਘੰਟਿਆਂ ਵਿਚ ਬਰਾਮਦ ਕਰ ਲਿਆ | ਪਰ ਬੱਚੇ ਨੂੰ  ਚੋਰੀ ਕਰਨ ਵਾਲਾ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ ਹੈ |
ਐਸ.ਪੀ.ਆਈ. ਰੁਪਿੰਦਰ ਕੌਰ ਭੱਟੀ ਨੇ ਮਾਮਲੇ ਸਬੰਧੀ ਪੱਤਰਕਾਰਾਂ ਨੂੰ  ਜਾਣਕਾਰੀ ਦਿੰਦਿਆਂ ਦਸਿਆ ਕਿ ਕਲ ਸ਼ਨੀਵਾਰ ਦੀ ਦੁਪਿਹਰੇ ਮੋਗਾ ਦੇ ਸਰਕਾਰੀ ਹਸਪਤਾਲ ਦੇ ਜੱਚਾ-ਬੱਚਾ ਵਾਰਡ ਵਿਚ ਕਰਮਜੀਤ ਸਿੰਘ ਪੁੱਤਰ ਲਾਲ ਸਿੰਘ ਵਾਸੀ ਪਿੰਡ ਰੌਤਾ ਦੀ ਪਤਨੀ ਸਿਮਰਨ ਕੌਰ ਹਸਪਤਾਲ ਵਿਚ ਅਪਣਾ ਅਪ੍ਰੇਸ਼ਨ ਕਰਵਾਉਣ ਲਈ ਆਈ ਸੀ ਤੇ ਇਸ ਦੌਰਾਨ ਉਸ ਦੇ ਦੋ ਛੋਟੇ ਬੱਚੇ ਵੀ ਉਸ ਨਾਲ ਸਨ ਤੇ ਇਸ ਦੋਰਾਨ ਆਰੋਪੀ ਵਿਸ਼ਾਲ ਕੁਮਾਰ ਪੁੱਤਰ ਅਮਰ ਕੁਮਾਰ ਵਾਸੀ ਮੋਗਾ ਕਿਸੇ ਦੇ ਬੱਚੇ ਨੂੰ  ਚੁਕਣ ਦੀ ਨੀਅਤ ਨਾਲ ਉਹ ਵੀ ਸਰਕਾਰੀ ਹਸਪਤਾਲ ਦੇ ਜ਼ਚਾ-ਬੱਚਾ ਵਾਰਡ ਵਿਚ ਘੁਮਣ ਲੱਗਾ ਤੇ ਉੁਸ ਨੇ ਬੱਚੇ ਅਭੀਜੋਤ ਦੇ ਪਿਤਾ ਕਰਮਜੀਤ ਸਿੰਘ ਨਾਲ ਦੋਸਤੀ ਪਾ ਲਈ ਤੇ ਉਸ ਨੇ ਉਸ ਨੂੰ  ਭਰੋਸੇ ਵਿਚ ਲੈ ਕੇ ਉਸ ਦੇ ਬੱਚੇ ਨੂੰ  ਖਿਡਾਉਣ ਲੱਗ ਪਿਆ ਤੇ ਇਸ ਦੌਰਾਨ ਬੱਚੇ ਨੂੰ  ਚੋਰੀ ਕਰ   ਕੇ ਅਪਣੇ ਨਾਲ ਲੈ ਗਿਆ |
ਬੱਚਾ ਚੋਰੀ ਹੋਣ ਬਾਰੇ ਪਤਾ ਲੱਗਣ 'ਤੇ ਪੁਲਿਸ ਨੇ ਤੁਰਤ ਕਾਰਵਾਈ ਕਰਦਿਆਂ ਸੀਸੀਟੀਵੀ ਫੁਟੇਜ ਖੰਗਾਲੀ ਤਾਂ ਪੁਲਿਸ ਹੌਲੀ-ਹੌਲੀ ਆਰੋਪੀ ਦੇ ਟਿਕਾਣੇ 'ਤੇ ਪਹੁੰਚ ਗਈ ਪਰ ਆਰੋਪੀ ਘਰ ਨਹੀਂ ਮਿਲਿਆ | ਪੁਲਿਸ ਨੂੰ  ਸੂਚਨਾ ਮਿਲੀ ਕਿ ਅਰੋਪੀ ਨੇ ਬੱਚੇ ਨੂੰ  ਚੋਰੀ ਕਰ ਕੇ ਜੈਤੋ ਦੇ ਪਿੰਡ ਦਬੜੀਖਾਨੇ ਦੇ ਰਹਿਣ ਵਾਲੇ ਇਕ ਵਿਅਕਤੀ ਜਵੰਦਾ ਸਿੰਘ ਨੂੰ  ਕਰੀਬ ਇਕ ਲੱਖ ਰੁਪਏ ਵਿਚ ਵੇਚਿਆ ਹੈ | ਪੁਲਿਸ ਨੇ ਉਕਤ ਵਿਅਕਤੀ ਨੂੰ  ਕਾਬੂ ਕਰ ਕੇ ਉਸ ਕੋਲੋਂ ਬੱਚਾ ਬਰਾਮਦ ਕਰ ਲਿਆ ਹੈ |
ਉਨ੍ਹਾਂ ਦਸਿਆ ਕਿ ਅਰੋਪੀ ਵਿਸ਼ਾਲ ਕੁਮਾਰ ਦੇ ਨਾਲ ਇਕ ਲੜਕੀ ਮਨਪ੍ਰੀਤ ਕੌਰ ਉਰਫ਼ ਮੰਨੂੰ ਅਤੇ ਇਕ ਅਣਪਛਾਤਾ ਵਿਅਕਤੀ ਵੀ ਬੱਚਾ ਚੋਰੀ ਕਰਨ ਵਿਚ ਸ਼ਾਮਲ ਹੈ | ਉਨ੍ਹਾਂ ਕਿਹਾ ਕਿ ਬੱਚੇ ਨੂੰ  ਖਰੀਦਣ ਵਾਲਾ ਵਿਅਕਤੀ ਜਵੰਦਾ ਸਿੰਘ ਜਿਸ ਦੇ ਘਰ ਕੋਈ ਔਲਾਦ ਨਹੀ ਸੀ ਤੇ ਉਸ ਦੀ ਭੈਣ ਨੇ ਹੀ ਆਰੋਪੀ ਵਿਸ਼ਾਲ ਨਾਲ ਸੰਪਰਕ ਕਰ ਕੇ ਅਪਣੇ ਭਰਾ ਦੇ ਘਰ ਬੱਚਾ ਲੈਣ ਲਈ ਕਿਹਾ ਸੀ | ਉਨ੍ਹਾਂ ਕਿਹਾ ਕਿ ਆਰੋਪੀ ਵਿਸ਼ਾਲ ਕੁਮਾਰ ਅਤੇ ਲੜਕੀ ਮਨਪ੍ਰੀਤ ਕੌਰ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ ਹਨ ਤੇ ਉਨ੍ਹਾਂ ਨੂੰ  ਜਲਦੀ ਹੀ ਕਾਬੂ ਕਰਕੇ ਹੋਰ ਪੁਛਗਿੱਛ ਕੀਤੀ ਜਾਵੇਗੀ, ਤਾਕਿ ਪਤਾ ਲੱਗ ਸਕੇ ਕਿ ਉਸ ਨਾਲ ਹੋਰ ਕਿਹੜੇ-ਕਿਹੜੇ ਲੋਕ ਸ਼ਾਮਲ ਹਨ | ਪੁਲਿਸ ਨੇ ਬਰਾਮਦ ਕੀਤੇ ਬੱਚੇ ਅਭੀਜੋਤ ਸਿੰਘ ਉਸ ਦੇ ਪਰਵਾਰਕ ਮੈਂਬਰਾਂ ਦੇ ਹਵਾਲੇ ਕਰ ਦਿਤਾ ਹੈ |
ਫੋਟੋ ਨੰਬਰ 05 ਮੋਗਾ ਸੱਤਪਾਲ 17 ਪੀ