ਫੇਜ਼-10 ਚੋਰੀ ਮਾਮਲੇ ਦੇ 2 ਮੁਲਜ਼ਮ ਗ੍ਰਿਫ਼ਤਾਰ, ਸੋਨਾ-ਚਾਂਦੀ ਤੇ ਨਕਦੀ ਬਰਾਮਦ
ਮੋਹਾਲੀ ਪੁਲਿਸ ਦੀ ਵੱਡੀ ਕਾਰਵਾਈ
ਸਾਹਿਬਜ਼ਾਦਾ ਅਜੀਤ ਸਿੰਘ ਨਗਰ: ਮੋਹਾਲੀ ਪੁਲਿਸ ਨੇ ਬੀਤੀ 31-10-2025 ਦੀ ਦਰਮਿਆਨੀ ਰਾਤ ਨੂੰ ਕੋਠੀ ਨੰ: 1626, ਫੇਸ-10, ਸੈਕਟਰ-64 ਮੋਹਾਲੀ ਵਿੱਚੋਂ ਚੋਰੀ ਕਰਨ ਵਾਲੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ, ਚੋਰੀ ਕੀਤੇ ਗਹਿਣੇ ਅਤੇ 50 ਹਜ਼ਾਰ ਰੁਪਏ ਕੈਸ਼ ਬਰਾਮਦ ਕਰਵਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।
ਜਾਣਕਾਰੀ ਦਿੰਦਿਆਂ ਐੱਸ ਐੱਸ ਪੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਐੱਸ ਪੀ ਸੌਰਵ ਜਿੰਦਲ ਤੇ ਤਲਵਿੰਦਰ ਸਿੰਘ ਅਤੇ ਡੀ ਐੱਸ ਪੀ ਰਾਜਨ ਪਰਮਿੰਦਰ ਸਿੰਘ ਦੀ ਨਿਗਰਾਨੀ ਹੇਠ ਇੰਸ: ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ., ਇੰਸ: ਅਮਨਦੀਪ ਸਿੰਘ ਮੁੱਖ ਅਫਸਰ ਥਾਣਾ ਫੇਸ-11 ਮੋਹਾਲ਼ੀ ਅਤੇ ਉਨ੍ਹਾਂ ਦੀਆਂ ਟੀਮਾਂ ਵੱਲੋਂ ਕਾਰਵਾਈ ਕਰਦੇ ਹੋਏ, ਤਕਨੀਕੀ ਅਤੇ ਮਾਨਵੀ ਸਾਧਨਾਂ ਦੀ ਮਦਦ ਨਾਲ਼ ਮੁਕੱਦਮੇ ਦੇ ਦੋਸ਼ੀਆਂ ਨੂੰ ਲੱਭ ਕੇ ਗ੍ਰਿਫਤਾਰ ਕੀਤਾ ਗਿਆ।
ਗ੍ਰਿਫਤਾਰ ਦੋਸ਼ੀਆਂ ਵਿੱਚ ਇੱਕ ਬਿਜੇਂਦਰ ਵਰਮਾ ਪੁੱਤਰ ਹਵਾ ਸਿੰਘ ਵਾਸੀ ਗਲ਼ੀ ਨੰ: 2 ਵਿਕਾਸ ਨਗਰ ਥਾਣਾ ਸਿਟੀ ਸੋਨੀਪਤ, ਜ਼ਿਲ੍ਹਾ ਸੋਨੀਪਤ, ਹਰਿਆਣਾ ਜਿਸਦੀ ਉਮਰ ਕਰੀਬ 36 ਸਾਲ ਹੈ, ਜੋ ਬਾਰਾਂ ਕਲਾਸਾਂ ਪਾਸ ਹੈ ਅਤੇ ਸ਼ਾਦੀਸ਼ੁਦਾ ਹੈ। ਮੁਲਜ਼ਮ ਪੇਸ਼ੇ ਤੋਂ ਸੁਨਿਆਰ ਦਾ ਕੰਮ ਕਰਦਾ ਹੈ। (ਮੁਲਜ਼ਮ ਨੂੰ ਵਿਕਾਸ ਨਗਰ ਸੋਨੀਪਤ ਹਰਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ) ਮੁਲਜ਼ਮ ਦੇ ਖਿਲਾਫ ਪਹਿਲਾਂ ਵੀ ਜਿਲਾ ਸੋਨੀਪਤ ਹਰਿਆਣਾ ਦੇ ਵੱਖ-ਵੱਖ ਥਾਣਿਆਂ ਵਿੱਚ ਚੋਰੀ ਦੇ 4 ਮੁਕੱਦਮੇ ਦਰਜ ਹਨ। ਦੂਸਰਾ ਮੁਲਜ਼ਮ ਸੰਜੇ ਕਟਾਰੀਆ ਪੁੱਤਰ ਦਿਆਨੰਦ ਵਾਸੀ ਪਿੰਡ ਆਟਾ ਥਾਣਾ ਸੰਭਾਲਕਾ, ਜਿਲਾ ਪਾਣੀਪਤ ਹਰਿਆਣਾ ਜਿਸਦੀ ਉਮਰ ਕਰੀਬ 43 ਸਾਲ ਸਾਲ ਹੈ, ਜੋ ਬਾਰਾਂ ਕਲਾਸਾਂ ਪਾਸ ਹੈ ਅਤੇ ਸ਼ਾਦੀਸ਼ੁਦਾ ਹੈ। (ਮੁਲਜ਼ਮ ਨੂੰ ਉਸਦੇ ਪਿੰਡ ਆਟਾ, ਜਿਲਾ ਪਾਣੀਪਤ ਹਰਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ) ਮੁਲਜ਼ਮ ਦੇ ਖਿਲਾਫ ਪਹਿਲਾਂ ਵੀ ਜਿਲਾ ਸੋਨੀਪਤ ਹਰਿਆਣਾ ਦੇ ਵੱਖ-ਵੱਖ ਥਾਣਿਆਂ ਵਿੱਚ ਚੋਰੀ ਦੇ 4 ਮੁਕੱਦਮੇ ਦਰਜ ਹਨ।
ਘਟਨਾ ਦਾ ਵੇਰਵਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਮਿਤੀ 01-11-2025 ਨੂੰ ਚਰਨਜੀਤ ਕੁਮਾਰ ਪੁੱਤਰ ਸ਼੍ਰੀ ਰਮੇਸ਼ ਕੁਮਾਰ ਵਾਸੀ ਮਕਾਨ ਨੰ: 1626 ਫੇਸ-10 ਸੈਕਟਰ-64 ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਬਿਆਨਾਂ ਦੇ ਅਧਾਰ ਤੇ ਨਾ-ਮਾਲੂਮ ਦੋਸ਼ੀਆਂ ਵਿਰੁੱਧ ਮੁਕੱਦਮਾ ਨੰ: 138 ਮਿਤੀ 01-11-2025 ਅ/ਧ 331, 305 ਬੀ ਐਨ ਐਸ, ਥਾਣਾ ਫੇਸ-11, ਜ਼ਿਲ੍ਹਾ, ਐਸ.ਏ.ਐਸ. ਨਗਰ ਦਰਜ ਰਜਿਸਟਰ ਹੋਇਆ ਸੀ ਕਿ ਉਹ ਮਿਤੀ 31-10-2025 ਨੂੰ ਆਪਣੇ ਘਰ ਨੂੰ ਤਾਲ਼ਾ ਲਗਾਕੇ ਆਪਣੇ ਭਤੀਜੇ ਦੇ ਵਿਆਹ ਤੇ ਐਰੋਸਿਟੀ ਮੋਹਾਲ਼ੀ ਵਿਖੇ ਚਲਾ ਗਿਆ ਸੀ। ਜਦੋਂ ਵਕਤ ਕਰੀਬ 02:50 ਤੜਕਸਾਰ, ਉਹ ਆਪਣੇ ਪਰਿਵਾਰ ਸਮੇਤ ਘਰ ਆਇਆ ਤਾਂ ਉਸਨੇ ਦੇਖਿਆ ਕਿ ਘਰ ਦੇ ਦਰਵਾਜੇ ਦਾ ਤਾਲਾ ਟੁੱਟਿਆ ਹੋਇਆ ਸੀ, ਲੱਕੜ ਦੀ ਅਲਮਾਰੀ ਦੇ 02 ਲੌਕਰ ਤੋੜੇ ਹੋਏ ਸਨ ਅਤੇ ਸਾਰੇ ਕਮਰਿਆਂ ਦਾ ਸਮਾਨ ਖਿਲਰਿਆ ਪਿਆ ਸੀ। ਲੌਕਰਾਂ ਵਿੱਚੋਂ ਸੋਨੇ ਚਾਂਦੀ ਦੇ ਗਹਿਣੇ ਅਤੇ ਨਕਦੀ ਚੋਰੀ ਹੋ ਚੁੱਕੀ ਸੀ।
ਗ੍ਰਿਫਤਾਰ ਦੋਸ਼ੀਆਂ ਪਾਸੋਂ ਸੋਨੇ ਦੇ ਗਹਿਣੇ (ਕਰੀਬ 10 ਤੋਲ਼ੇ), ਚਾਂਦੀ ਦੇ ਗਹਿਣੇ (860 ਗ੍ਰਾਮ) ਅਤੇ 50 ਹਜ਼ਾਰ ਰੁਪਏ ਨਕਦੀ, ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਮਾਰਕਾ ਪਲਸਰ ਅਤੇ ਇੱਕ ਹੁੰਡਈ ਆਈ 10 ਕਾਰ ਬਰਾਮਦ ਕੀਤੀ ਗਈ ਹੈ। ਦੋਸ਼ੀ ਪੁਲਿਸ ਰਿਮਾਂਡ ਅਧੀਨ ਹਨ, ਜਿਨਾਂ ਪਾਸੋਂ ਹੋਰ ਵੀ ਬਰਾਮਦਗੀ ਹੋਣ ਦੀ ਸੰਭਾਵਨਾ ਹੈ।