ਪੰਜਾਬ ਸਰਕਾਰ ਵੀ ਨਹੀਂ ਸੁਣ ਰਹੀ ਇਸ ਮਜਬੂਰ ਮਾਂ ਦੀ ਅਵਾਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

''ਆਪਣੇ ਲੋਕ ਹੀ ਮਦਦ ਲਈ ਅੱਗੇ ਆ ਰਹੇ ਸਰਕਾਰ ਨੇ ਤਾਂ ਪੁੱਛਿਆ ਵੀ ਨਹੀਂ''

Photo

ਮੁਕਤਸਰ ਸਾਹਿਬ (ਸੋਨੂ ਖੇੜਾ): ਸਾਊਦੀ ਅਰਬ ਵਿਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮੱਲਣ ਦੇ ਨੌਜਵਾਨ ਬਲਵਿੰਦਰ ਸਿੰਘ ਦੀ ਮਦਦ ਲਈ ਸਰਕਾਰ ਨੇ ਤਾਂ ਭਾਵੇਂ ਹਾਲੇ ਤਕ ਕੁੱਝ ਨਹੀਂ ਕੀਤਾ ਪਰ ਕਈ ਪਿੰਡਾਂ ਦੇ ਲੋਕ ਅਤੇ ਕੁੱਝ ਐਨਆਰਆਈ ਜ਼ਰੂਰ ਉਸ ਦੀ ਮਦਦ ਲਈ ਅੱਗੇ ਆ ਰਹੇ ਹਨ। ਤਾਂ ਜੋ 1 ਕਰੋੜ 90 ਲੱਖ ਦੀ ਬਲੱਡ ਮਨੀ ਦੇ ਕੇ ਇਸ ਨੌਜਵਾਨ ਨੂੰ ਮੌਤ ਦੇ ਮੂੰਹ ਵਿਚੋਂ ਵਾਪਸ ਭਾਰਤ ਲਿਆਂਦਾ ਜਾ ਸਕੇ।

ਹੁਣ ਬੈਲਜ਼ੀਅਮ ਤੋਂ ਧਰਮਿੰਦਰ ਸਿੰਘ ਚੱਕ ਬਖਤੂ ਆਪਣੇ ਹੋਰ ਸਾਥੀਆਂ ਨਾਲ ਪਿੰਡ ਮੱਲਣ ਵਿਖੇ ਪਹੁੰਚੇ, ਜਿਨ੍ਹਾਂ ਨੇ ਬਲਵਿੰਦਰ ਸਿੰਘ ਦੀ ਮਾਤਾ ਨੂੰ 9 ਲੱਖ ਰੁਪਏ ਦਾ ਚੈੱਕ ਸੌਂਪਿਆ। ਇਸ ਮੌਕੇ ਬੋਲਦਿਆਂ ਬੈਲਜ਼ੀਅਮ ਤੋਂ ਵਿਸ਼ੇਸ਼ ਤੌਰ 'ਤੇ ਮਦਦ ਲਈ ਪੁੱਜੇ ਧਰਮਿੰਦਰ ਸਿੰਘ ਚੱਕ ਬਖ਼ਤੂ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਬਲਵਿੰਦਰ ਸਿੰਘ ਦੀ ਮਾਤਾ ਦੀ ਸੋਸ਼ਲ ਮੀਡੀਆ 'ਤੇ ਵੀਡੀਓ ਦੇਖੀ।

ਇਸ ਤੋਂ ਬਾਅਦ ਉਨ੍ਹਾਂ ਤੋਂ ਮਾਤਾ ਦਾ ਦੁੱਖ ਸਹਿਣ ਨਹੀਂ ਹੋਇਆ ਅਤੇ ਉਹ ਉਨ੍ਹਾਂ ਦੀ ਮਦਦ ਲਈ ਪਹੁੰਚ ਗਏ। ਜਿਸ ਦੇ ਲਈ ਉਨ੍ਹਾਂ ਸਮੇਤ ਉਨ੍ਹਾਂ ਦੇ ਕੁੱਝ ਸਾਥੀਆਂ ਵੱਲੋਂ ਮਿਲ ਕੇ 9 ਲੱਖ ਰੁਪਏ ਦੀ ਸਹਾਇਤਾ ਦਿੱਤੀ ਹੈ। ਇਸ ਦੌਰਾਨ ਪੀੜਤ ਨੌਜਵਾਨ ਬਲਵਿੰਦਰ ਸਿੰਘ ਦੀ ਮਾਤਾ ਨੇ ਕਿਹਾ ਕਿ ਦੇਸ਼ਾਂ ਵਿਦੇਸ਼ਾਂ ਤੋਂ ਉਸ ਦੀ ਮਦਦ ਲਈ ਲੋਕ ਆ ਰਹੇ ਹਨ ਪਰ ਇੱਥੋਂ ਦੀ ਸਰਕਾਰ ਨੇ ਉਸ ਦਾ ਹਾਲ ਤੱਕ ਨਹੀਂ ਜਾਣਿਆ।

ਦੱਸ ਦਈਏ ਕਿ ਸਾਊਦੀ ਅਰਬ ਵਿਚ ਇਕ ਲੜਾਈ ਦੌਰਾਨ ਬਲਵਿੰਦਰ ਦੇ ਹੱਥੋਂ ਮਿਸ਼ਰ ਦਾ ਇਕ ਨੌਜਵਾਨ ਜ਼ਖ਼ਮੀ ਹੋ ਗਿਆ ਸੀ, ਜਿਸ ਦੀ ਕੁੱਝ ਦਿਨਾਂ ਬਾਅਦ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਸਾਊਦੀ ਅਰਬ ਦੀ ਅਦਾਲਤ ਨੇ ਮ੍ਰਿਤਕ ਦੇ ਪਰਿਵਾਰ ਨਾਲ ਸਮਝੌਤਾ ਕਰਨ ਲਈ ਕਿਹਾ। ਪਰ ਮ੍ਰਿਤਕ ਦੇ ਪਰਿਵਾਰ ਨੇ ਬਲੱਡ ਮਨੀ ਵਜੋਂ 1 ਕਰੋੜ 90 ਲੱਖ ਰੁਪਏ ਦੀ ਮੰਗ ਰੱਖ ਦਿੱਤੀ।

ਹੁਣ ਜੇਕਰ ਇਹ ਬਲੱਡ ਮਨੀ ਨਾ ਦਿੱਤੀ ਗਈ ਤਾਂ ਸਾਊਦੀ ਅਰਬ ਦੇ ਕਾਨੂੰਨ ਮੁਤਾਬਕ ਬਲਵਿੰਦਰ ਸਿੰਘ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਜਾਣਕਾਰੀ ਅਨੁਸਾਰ ਪੀੜਤ ਪਰਿਵਾਰ ਕੋਲ ਹੁਣ ਤਕ ਕਰੀਬ 50 ਲੱਖ ਦੀ ਮਦਦ ਪਹੁੰਚ ਚੁੱਕੀ ਹੈ। ਹੋਰਨਾਂ ਐਨਆਰਆਈ ਵੀਰਾਂ ਨੂੰ ਅਪੀਲ ਹੈ ਕਿ ਉਹ ਇਸ ਬਜ਼ੁਰਗ ਮਾਤਾ ਦੀ ਮਦਦ ਕਰਨ ਤਾਂ ਜੋ ਉਸ ਦਾ ਪੁੱਤਰ ਮੌਤ ਦੇ ਮੂੰਹ ਵਿਚੋਂ ਬਚ ਕੇ ਸਹੀ ਸਲਾਮਤ ਘਰ ਵਾਪਸ ਆ ਸਕੇ।