ਮੰਡੀ ਕਲਾਂ ਦੇ ਨਿਵਾਸੀ ਕਿਸਾਨ ਦੀ ਦਿੱਲੀ ਤੋਂ ਪਰਤਦਿਆਂ ਦਿਲ ਦਾ ਦੌਰਾ ਪੈਣ ਕਾਰਨ ਮੌਤ
ਮੰਡੀ ਕਲਾਂ ਦੇ ਨਿਵਾਸੀ ਕਿਸਾਨ ਦੀ ਦਿੱਲੀ ਤੋਂ ਪਰਤਦਿਆਂ ਦਿਲ ਦਾ ਦੌਰਾ ਪੈਣ ਕਾਰਨ ਮੌਤ
ਬਠਿੰਡਾ (ਦਿਹਾਤੀ), 6 ਜਨਵਰੀ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : ਪਿੰਡ ਮੰਡੀ ਕਲਾਂ ਦੇ ਨਿਵਾਸੀ ਨੌਜਵਾਨ ਮਨਪ੍ਰੀਤ ਸਿੰਘ (23) ਪੁੱਤਰ ਗੁਰਦੀਪ ਸਿੰਘ ਦੀ ਦਿੱਲੀ ਸੰਘਰਸ਼ 'ਚੋਂ ਪਰਤਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ | ਜਾਣਕਾਰੀ ਅਨੁਸਾਰ ਉਹ ਪਿਛਲੇ ਕਈ ਦਿਨਾਂ ਤੋਂ ਦਿੱਲੀ ਕਿਸਾਨਾਂ ਦੇ ਸੰਘਰਸ਼ 'ਚ ਡਟਿਆ ਹੋਇਆ ਸੀ ਅਤੇ ਹੁਣ ਵਾਪਸ ਅਪਣੇ ਘਰ ਆ ਰਿਹਾ ਸੀ, ਪਰ ਅਚਾਨਕ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ | ਇਸ ਬਾਰੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਰੇਸ਼ਮ ਸਿੰਘ ਯਾਤਰੀ ਨੇ ਦਸਿਆ ਕਿ ਨੌਜਵਾਨ ਕਿਸਾਨ ਪਿਛਲੇ ਕੁੱਝ ਦਿਨਾਂ ਤੋਂ ਦਿੱਲੀ ਸੰਘਰਸ਼ ਵਿਚ ਸ਼ਾਮਲ ਅਤੇ ਜਿਸ ਦੀ ਵਾਪਸ ਪਰਤਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ | ਉਨ੍ਹਾਂ ਦਸਿਆ ਕਿ ਹੁਣ ਤਕ ਕਿਸਾਨ ਇਸ ਸੰਘਰਸ਼ ਦੌਰਾਨ 60 ਕਿਸਾਨ ਸ਼ਹੀਦ ਹੋ ਚੁੱਕੇ ਹਨ, ਪਰ ਕੇਂਦਰ ਸਰਕਾਰ ਕਿਸਾਨਾਂ ਦੀ ਆਵਾਜ਼ ਨਹੀਂ ਸੁਣ ਰਹੀ |
ਉਨ੍ਹਾਂ ਮੰਗ ਕੀਤੀ ਕਿ ਮਿ੍ਤਕ ਨੌਜਵਾਨ ਕਿਸਾਨ ਦੇ ਪ੍ਰਵਾਰ ਨੂੰ ਸਰਕਾਰ ਦਸ ਲੱਖ ਰੁਪਏ ਮੁਆਵਜ਼ਾ, ਪ੍ਰਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਸਾਰਾ ਕਰਜ਼ ਮਾਫ਼ ਕਰੇ | ਇਸ ਸਬੰਧੀ ਥਾਣਾ ਬਾਲਿਆਂਵਾਲੀ ਦੇ ਮੁਖੀ ਜਸਵੀਰ ਸਿੰਘ ਨੇ ਕਿਹਾ ਕਿ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੇ 174 ਦੀ ਕਾਰਵਾਈ ਕੀਤੀ ਗਈ ਹੈ |