ਪਰਮਿੰਦਰ ਢੀਂਡਸਾ ਨੇ ਹਰ ਘਰ 'ਚੋਂ ਇਕ ਵਿਅਕਤੀ ਨੂੰ ਟਰੈਕਟਰ ਮਾਰਚ 'ਚ ਸ਼ਾਮਲ ਹੋਣ ਦੀ ਕੀਤੀ ਅਪੀਲ
ਪਰਮਿੰਦਰ ਢੀਂਡਸਾ ਨੇ ਹਰ ਘਰ 'ਚੋਂ ਇਕ ਵਿਅਕਤੀ ਨੂੰ ਟਰੈਕਟਰ ਮਾਰਚ 'ਚ ਸ਼ਾਮਲ ਹੋਣ ਦੀ ਕੀਤੀ ਅਪੀਲ
ਚੰਡੀਗੜ੍ਹ, 6 ਜਨਵਰੀ (ਸੁਰਜੀਤ ਸਿੰਘ ਸੱਤੀ): ਖੇਤੀ ਬਾਰੇ ਕਾਲੇ ਕਾਨੂੰਨਾਂ ਦੇ ਵਿਰੁਧ 7 ਜਨਵਰੀ ਨੂੰ ਕੱਢੇ ਜਾ ਰਹੇ ਟਰੈਕਟਰ ਮਾਰਚ ਵਿਚ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਨੇ ਪੰਜਾਬ ਦੇ ਲੋਕਾਂ ਨੂੰ ਵਧ-ਚੜ੍ਹ ਕੇ ਟਰੈਕਟਰ ਮਾਰਚ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ | ਪਾਰਟੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਹਰ ਘਰ 'ਚੋਂ ਘੱਟੋ-ਘੱਟ ਇਕ ਵਿਅਕਤੀ ਨੂੰ ਟਰੈਕਟਰ ਮਾਰਚ ਵਿਚ ਜ਼ਰੂਰ ਸ਼ਾਮਲ ਹੋਣ ਲਈ ਕਿਹਾ ਹੈ | ਪਾਰਟੀ ਦੇ ਯੂਥ ਵਿੰਗ ਦੇ ਸਰਪ੍ਰਸਤ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਸ.ਪਰਮਿੰਦਰ ਸਿੰਘ ਢੀਂਡਸਾ ਪਹਿਲਾਂ ਹੀ ਅਪਣੇ ਅਨੇਕ ਸਾਥੀਆਂ ਨਾਲ ਦਿੱਲੀ ਮੋਰਚੇ 'ਤੇ ਪਹੁੰਚ ਚੁੱਕੇ ਹਨ ਅਤੇ ਕਿਸਾਨਾਂ ਵਲੋਂ ਕੁੰਡਲੀ-ਮਾਨੇਸਰ ਪਲਵਲ ਤੋਂ ਭਲਕੇ ਕੱਢੇ ਜਾਣ ਵਾਲੇ ਟਰੈਕਟਰ ਮਾਰਚ ਵਿਚ ਸ਼ਾਮਲ ਹੋਣਗੇ |
ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਇਸ ਮਾਰਚ ਵਿਚ ਨੌਜਵਾਨਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ | ਸ. ਢੀਂਡਸਾ ਨੇ ਦਸਿਆ ਕਿ ਉਨ੍ਹਾਂ ਦੀ ਪਾਰਟੀ ਦੇ ਸਾਥੀ ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਦੇ ਪਿੰਡਾਂ ਵਿਚ ਟਰੈਕਟਰ ਮਾਰਚ ਲਈ ਲੋਕਾਂ ਨੂੰ ਲਾਮਬੰਦ ਕਰ ਰਹੇ ਸਨ ਅਤੇ ਵੱਡੀ ਗਿਣਤੀ ਵਿਚ ਪਾਰਟੀ ਦੇ ਵਰਕਰ ਇਥੇ ਟਰੈਕਟਰ ਟਰਾਲੀਆਂ ਲੈ ਕੇ ਪਹੁੰਚ ਵੀ ਚੁੱਕੇ ਹਨ ਅਤੇ ਕੁੱਝ ਵਰਕਰ ਵੀਰਵਾਰ ਤੜਕੇ ਦਿੱਲੀ ਪਹੁੰਚ ਜਾਣਗੇ |
ਉਨ੍ਹਾਂ ਦਸਿਆ ਕਿ ਇਸ ਮਾਰਚ ਲਈ ਪਿੰਡਾਂ ਦੇ ਨੌਜਵਾਨਾਂ ਤੋਂ ਟਰਾਲੀਆਂ ਮੰਗਵਾਈਆਂ ਗਈਆਂ ਹਨ ਅਤੇ ਉਨ੍ਹਾਂ ਦੀ ਦਿੱਲੀ ਕੁਚ ਜਾਰੀ ਹੈ |
ਕੇਂਦਰੀ ਮੰਤਰੀਆਂ ਨਾਲ ਤਿੰਨ ਖੇਤੀ ਕਾਨੂੰਨਾਂ ਸਣੇ ਹੋਰ ਕਿਸਾਨੀ ਮੰਗਾਂ ਨੂੰ ਲੈਕੇ ਸੱਤਵੇਂ ਗੇੜ ਦੀ ਮੀਟਿੰਗ ਵੀ ਬੇਸਿੱਟਾ ਰਹਿਣ 'ਤੇ ਕਿਸਾਨ ਜਥੇਬੰਦੀਆਂ ਦਾ ਅੰਦੋਲਨ ਨੂੰ ਹੋਰ ਤੇਜ਼ ਕਰਨ ਦੇ ਫ਼ੈਸਲੇ ਨੂੰ ਸਹੀ ਦਸਦੇ ਹੋਏ ਢੀਂਡਸਾ ਨੇ ਕਿਹਾ ਕਿ ਕੇਂਦਰ ਦੀ ਹੁਣ ਕਿਸਾਨਾਂ ਨੂੰ ਥਕਾਉਣ ਦੀ ਨੀਤੀ ਜੱਗ ਜਾਹਿਰ ਹੋ ਚੁੱਕੀ ਹੈ ਅਤੇ ਅਜਿਹੇ ਹਾਲਾਤ ਵਿਚ ਕਿਸਾਨਾਂ ਦਾ ਸੰਘਰਸ ਨੂੰ ਤੇਜ ਕਰਨਾ ਬਿਲਕੁਲ ਜਾਇਜ਼ ਹੈ |