PM ਮੋਦੀ ਦੀ ਸੁਰੱਖਿਆ 'ਚ ਕਮੀ ਦੀ ਜਾਂਚ ਸ਼ੁਰੂ, ਪੰਜਾਬ ਦੇ ਡੀਜੀਪੀ ਨੂੰ ਕੀਤਾ ਤਲਬ 

ਏਜੰਸੀ

ਖ਼ਬਰਾਂ, ਪੰਜਾਬ

ਫ਼ਿਰੋਜ਼ਪੁਰ ਰੇਂਜ ਦੇ ਡੀਆਈਜੀ ਇੰਦਰਬੀਰ ਸਿੰਘ ਅਤੇ ਐਸਐਸਪੀ ਹਰਮਨਦੀਪ ਸਿੰਘ ਹਾਂਸ ਨੂੰ ਇੱਥੇ ਬੁਲਾ ਕੇ ਪੁੱਛਗਿੱਛ ਕੀਤੀ ਗਈ।

Inquiry into PM Modi's lack of security begins, summons Punjab DGP

ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ 'ਚ ਖਾਮੀ ਹੋਣ ਦੀ ਜਾਂਚ ਸ਼ੁਰੂ ਹੋ ਗਈ ਹੈ। ਇਸ  ਲਈ ਤਿੰਨ ਮੈਂਬਰਾਂ ਦੀ ਕੇਂਦਰੀ ਕਮੇਟੀ ਪੰਜਾਬ ਪਹੁੰਚ ਚੁੱਕੀ ਹੈ। ਟੀਮ ਪਹਿਲਾਂ ਉਸੇ ਥਾਂ ਪਹੁੰਚੀ ਜਿੱਥੇ ਪੀਐਮ ਮੋਦੀ ਦਾ ਕਾਫ਼ਲਾ ਰੁਕਿਆ ਸੀ। ਇਸ ਤੋਂ ਬਾਅਦ ਟੀਮ ਬੀਐਸਐਫ ਦੇ ਫਿਰੋਜ਼ਪੁਰ ਕੈਂਪ ਲਈ ਗਈ ਹੈ। ਫ਼ਿਰੋਜ਼ਪੁਰ ਰੇਂਜ ਦੇ ਡੀਆਈਜੀ ਇੰਦਰਬੀਰ ਸਿੰਘ ਅਤੇ ਐਸਐਸਪੀ ਹਰਮਨਦੀਪ ਸਿੰਘ ਹਾਂਸ ਨੂੰ ਇੱਥੇ ਬੁਲਾ ਕੇ ਪੁੱਛਗਿੱਛ ਕੀਤੀ ਗਈ।

ਇਸ ਤੋਂ ਇਲਾਵਾ ਟੀਮ ਉਸ ਦਿਨ ਕਾਫ਼ਲੇ ਦੇ ਸਾਹਮਣੇ ਜਾਮ ਵਾਲੀ ਜਗ੍ਹਾ 'ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਇਸ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਦੇਖ ਰਹੇ ਏਡੀਜੀਪੀ ਜੀ. ਨਾਗੇਸ਼ਵਰ ਰਾਓ ਅਤੇ ਪੰਜਾਬ ਦੇ ਕਾਰਜਕਾਰੀ ਡੀਜੀਪੀ ਸਿਧਾਰਥ ਚਟੋਪਾਧਿਆਏ ਨੂੰ ਵੀ ਪੁੱਛਗਿੱਛ ਲਈ ਤਲਬ ਕੀਤਾ ਗਿਆ ਹੈ।

ਕੇਂਦਰੀ ਟੀਮ ਦੀ ਜਾਂਚ 'ਚ ਇਹ ਗੱਲਾਂ ਸ਼ਾਮਲ ਸਨ, ਜਿੱਥੇ ਪੀਐੱਮ ਮੋਦੀ ਦਾ ਕਾਫਲਾ ਰੁਕਿਆ ਸੀ, ਉੱਥੇ ਜਾ ਕੇ ਟੀਮ ਨੇ ਦੇਖਿਆ ਕਿ ਉਸ ਫਲਾਈਓਵਰ ਦੇ ਆਲੇ-ਦੁਆਲੇ ਕਿਹੋ ਜਿਹੇ ਹਾਲਾਤ ਸਨ? ਪ੍ਰਦਰਸ਼ਨਕਾਰੀ ਪ੍ਰਧਾਨ ਮੰਤਰੀ ਦੀ ਕਾਰ ਤੋਂ ਕਿੰਨੀ ਦੂਰ ਸਨ? ਇਸ ਸਮੇਂ ਦੌਰਾਨ ਉੱਥੇ ਕਿੰਨੀ ਪੁਲਿਸ ਤਾਇਨਾਤ ਸੀ? ਆਲੇ-ਦੁਆਲੇ ਦੇ ਪਿੰਡ ਕਿਹੜੇ-ਕਿਹੜੇ ਹਨ? ਉਥੋਂ ਸਰਹੱਦ ਕਿੰਨੀ ਦੂਰ ਹੈ? ਇਸ ਤੋਂ ਬਾਅਦ ਟੀਮ ਫਿਰੋਜ਼ਪੁਰ ਦੇ ਐਸਐਸਪੀ ਦਫ਼ਤਰ ਵੱਲ ਜਾ ਰਹੀ ਸੀ ਪਰ ਅਚਾਨਕ ਬੀਐਸਐਫ ਕੈਂਪ ਵਿੱਚ ਪਹੁੰਚ ਗਈ। ਜਿੱਥੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਗਈ।

ਪ੍ਰਧਾਨ ਮੰਤਰੀ ਦੇ ਕਾਫ਼ਲੇ ਨੂੰ ਰੋਕਣ 'ਤੇ 150 ਲੋਕਾਂ ਖ਼ਿਲਾਫ਼ FIR 

ਇੱਥੇ ਪੰਜਾਬ ਸਰਕਾਰ ਨੇ PM ਦੇ ਕਾਫਲੇ ਨੂੰ ਰੋਕਣ ਦੇ ਮਾਮਲੇ 'ਚ 150 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਹਾਲਾਂਕਿ, ਇਸ ਵਿੱਚ ਕਿਸੇ ਦਾ ਵੀ ਨਾਮ ਸ਼ਾਮਲ ਨਹੀਂ ਹੈ ਸਗੋਂ ਇਹ ਮਾਮਲਾ ਅਣਪਛਾਤੇ ਵਿਅਕਤੀਆਂ 'ਤੇ ਕੀਤਾ ਗਿਆ ਹੈ। ਥਾਣਾ ਕੁਲਗੜ੍ਹੀ ਵਿੱਚ ਦਰਜ ਹੋਏ ਇਸ ਮਾਮਲੇ ਵਿੱਚ ਮੋਗਾ-ਫ਼ਿਰੋਜ਼ਪੁਰ ਰੋਡ ’ਤੇ ਪੈਂਦੇ ਪਿਆਰੇਆਣਾ ਫਲਾਈਓਵਰ ’ਤੇ ਜਾਮ ਲਾਉਣ ਵਾਲਿਆਂ ਨੂੰ ਮੁਲਜ਼ਮ ਬਣਾਇਆ ਗਿਆ ਹੈ। PM ਦੀ ਸੁਰੱਖਿਆ ਦਾ ਵੱਡਾ ਮੁੱਦਾ ਬਣਨ ਤੋਂ ਬਾਅਦ ਪੰਜਾਬ ਸਰਕਾਰ ਉਨ੍ਹਾਂ ਨੂੰ ਜਲਦ ਗ੍ਰਿਫਤਾਰ ਕਰ ਸਕਦੀ ਹੈ। ਹਾਲਾਂਕਿ ਇਸ ਸਬੰਧੀ ਕਿਸਾਨ ਜਥੇਬੰਦੀਆਂ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਦਿੱਲੀ ਤੋਂ ਆਈ ਟੀਮ ਵਿੱਚ ਆਈਬੀ ਅਤੇ ਐਸਪੀਜੀ ਦੇ ਸੀਨੀਅਰ ਅਧਿਕਾਰੀ, ਇੰਟੈਲੀਜੈਂਸ ਬਿਊਰੋ (ਆਈਬੀ) ਦੇ ਸੰਯੁਕਤ ਡਾਇਰੈਕਟਰ ਬਲਬੀਰ ਸਿੰਘ, ਸੁਰੱਖਿਆ ਸਕੱਤਰ ਸੁਧੀਰ ਕੁਮਾਰ ਸਕਸੈਨਾ ਅਤੇ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐਸਪੀਜੀ) ਦੇ ਆਈਜੀ ਐਸ. ਸੁਰੇਸ਼ ਸ਼ਾਮਲ ਹਨ। ਹਾਲ ਹੀ ਵਿੱਚ ਪੰਜਾਬ ਵਿੱਚ ਬੀਐਸਐਫ ਦੀ ਰੇਂਜ 15 ਤੋਂ ਵਧਾ ਕੇ 50 ਕਿਲੋਮੀਟਰ ਕਰ ਦਿੱਤੀ ਗਈ ਹੈ। ਇਸ ਦੇ ਸਬੰਧ ਵਿਚ ਵੀ ਦੇਖਿਆ ਜਾ ਰਿਹਾ ਹੈ।

ਪੰਜਾਬ ਸਰਕਾਰ ਦੀ ਕਮੇਟੀ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕੁਤਾਹੀ ਦੇ ਮਾਮਲੇ ਵਿੱਚ ਕੇਂਦਰ ਨੂੰ ਰਿਪੋਰਟ ਭੇਜੀ ਸੀ, ਕੇਂਦਰ ਤੋਂ ਇਲਾਵਾ ਪੰਜਾਬ ਸਰਕਾਰ ਨੇ ਵੀ ਦੋ ਮੈਂਬਰਾਂ ਦੀ ਜਾਂਚ ਟੀਮ ਬਣਾਈ ਹੈ। ਜਿਸ ਵਿੱਚ ਸੇਵਾਮੁਕਤ ਜਸਟਿਸ ਮਹਿਤਾਬ ਸਿੰਘ ਗਿੱਲ ਅਤੇ ਸੂਬੇ ਦੇ ਗ੍ਰਹਿ ਸਕੱਤਰ ਅਨੁਰਾਗ ਵਰਮਾ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਜਾਂਚ ਦੀ ਪਹਿਲੀ ਰਿਪੋਰਟ ਕੇਂਦਰ ਨੂੰ ਭੇਜੀ ਗਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਕੇਂਦਰੀ ਸੁਰੱਖਿਆ ਏਜੰਸੀਆਂ ਨੂੰ ਪੰਜਾਬ ਦੇ ਹਾਲਾਤ ਬਾਰੇ ਜਾਣੂ ਕਰਵਾਇਆ ਗਿਆ ਸੀ।