ਲੁਧਿਆਣਾ ਬੰਬ ਧਮਾਕਾ: ਰਣਜੀਤ ਚੀਤਾ ਅਤੇ ਸੁਖਜਿੰਦਰ ਸਿੰਘ ਨੂੰ ਫਿਰ 1 ਦਿਨ ਦੇ ਰਿਮਾਂਡ 'ਤੇ ਭੇਜਿਆ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁੱਛਗਿੱਛ ਲਈ ਪੁਲਿਸ 2 ਹੋਰ ਮੁਲਜ਼ਮਾਂ ਬੂਟਾ ਸਿੰਘ ਅਤੇ ਜਗਦੀਸ਼ ਸਿੰਘ ਉਰਫ ਦਿਸ਼ਾ ਨੂੰ ਜੇਲ੍ਹ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਈ ਹੈ

Ludhiana bomb blast

 

ਲੁਧਿਆਣਾ: ਲੁਧਿਆਣਾ ਦੇ ਅਦਾਲਤੀ ਕੰਪਲੈਕਸ ਦੀ ਦੂਜੀ ਮੰਜ਼ਿਲ ਦੇ ਬਾਥਰੂਮ ’ਚ ਹੋਏ ਬੰਬ ਧਮਾਕੇ ਦੇ ਮਾਮਲੇ ’ਚ ਕਮਿਸ਼ਨਰੇਟ ਪੁਲਿਸ ਦੀ ਜਾਂਚ ਚੱਲ ਰਹੀ ਹੈ। ਵੀਰਵਾਰ ਨੂੰ ਸੀ. ਆਈ. ਏ.-1 ਦੀ ਪੁਲਿਸ ਨੇ ਰਣਜੀਤ ਸਿੰਘ ਉਰਫ਼ ਚੀਤਾ ਅਤੇ ਸੁਖਜਿੰਦਰ ਸਿੰਘ ਉਰਫ਼ ਬਾਕਸਰ ਬਾਬਾ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਦੋਵੇਂ ਮੁਲਜ਼ਮਾਂ ਨੂੰ ਫਿਰ ਇਕ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ ਗਿਆ ਹੈ

ਜਦਕਿ ਇਸ ਮਮਲੇ ਵਿਚ ਪੁੱਛਗਿੱਛ ਲਈ ਪੁਲਿਸ 2 ਹੋਰ ਮੁਲਜ਼ਮਾਂ ਬੂਟਾ ਸਿੰਘ ਅਤੇ ਜਗਦੀਸ਼ ਸਿੰਘ ਉਰਫ ਦਿਸ਼ਾ ਨੂੰ ਜੇਲ੍ਹ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਈ ਹੈ। ਸੂਤਰਾਂ ਮੁਤਾਬਿਕ ਰਣਜੀਤ ਅਤੇ ਬਾਕਸਰ ਬਾਬਾ ਤੋਂ ਪੁੱਛਗਿੱਛ ਵਿਚ ਦੋਵਾਂ ਦੇ ਨਾਂ ਸਾਹਮਣੇ ਆਏ ਸਨ। ਇਸ ਤੋਂ ਇਲਾਵਾ ਉਪਰੋਕਤ ਦੋਵੇਂ ਮੁਲਜ਼ਮ ਵੀ ਐੱਨ. ਡੀ. ਪੀ. ਐੱਸ. ਐਕਟ ਤਹਿਤ ਦੀ ਜੇਲ੍ਹ ਵਿਚ ਬੰਦ ਸਨ।

ਡੀ. ਸੀ. ਪੀ. ਇਨਵੈਸਟੀਗੇਸ਼ਨ ਵਰਿੰਦਰ ਸਿੰਘ ਬਰਾੜ ਦਾ ਕਹਿਣਾ ਹੈ ਕਿ ਦੋਵੇਂ ਮੁਲਜ਼ਮਾਂ ਨੂੰ ਸਖ਼ਤ ਸੁਰੱਖਿਆ ਦੇ ਵਿਚਕਾਰ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਵਿਚ ਮੁਲਜ਼ਮਾਂ ਦਾ ਹੋਰ ਰਿਮਾਂਡ ਮੰਗਿਆ ਸੀ ਪਰ ਪੁਲਿਸ ਨੂੰ ਇਕ ਦਿਨ ਦਾ ਹੀ ਰਿਮਾਂਡ ਮਿਲਿਆ ਹੈ। ਇਸ ਤੋਂ ਇਲਾਵਾ 2 ਹੋਰ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਹੋਈ ਪੁੱਛਗਿੱਛ ਵਿਚ ਕੁੱਝ ਖ਼ਾਸ ਨਿਕਲ ਕੇ ਸਾਹਮਣੇ ਨਹੀਂ ਆਇਆ ਹੈ।