ਮੋਗਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਹਥਿਆਰਾਂ ਦੇ ਜ਼ਖ਼ੀਰੇ ਸਮੇਤ 3 ਨੌਜਵਾਨ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

 2 ਹੈਡ ਗ੍ਰਨੇਡ ,2 ਪਿਸਟਲ 9 ਐਮ.ਐਮ, ਮੈਗਜ਼ੀਨ ਅਤੇ 18 ਜ਼ਿੰਦਾ ਕਾਰਤੂਸ ਬਰਾਮਦ 

punjab police crime report

ਮੋਗਾ (ਦਲੀਪ ਕੁਮਾਰ) : ਪੰਜਾਬ ਵਿਚੋਂ ਨਸ਼ੇ ਨੂੰ ਖ਼ਤਮ ਕਰਨ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ। ਇਸ ਦੇ ਚਲਦਿਆਂ ਹੀ ਅੱਜ ਮੋਗਾ ਦੇ ਪਿੰਡ ਚੁਗਾਵਾਂ ਕੋਲ ਲਗਾਏ ਨਾਕੇ ਦੌਰਾਨ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਕੋਲੋਂ ਦੋ ਹੈਂਡ ਗ੍ਰਨੇਡ, 9 ਐਮ.ਐਮ. ਦੇ ਦੋ ਪਿਸਤੌਲ,18 ਜ਼ਿੰਦਾ ਰੌਂਦ  ਅਤੇ ਇੱਕ ਮੈਗਜ਼ੀਨ ਬਰਾਮਦ ਕੀਤਾ ਗਿਆ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ  ਨਾਕ ’ਤੇ ਇਕ ਕਾਲੇ ਰੰਗ ਦੀ ਪਿਕਅਪ ਗੱਡੀ ਨੰਬਰ ਪੀ. ਬੀ. 04 ਏ. ਸੀ. 2831 ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ਵਿਚ ਸਵਾਰ ਤਿੰਨ ਨੌਜਵਾਨਾਂ ਨੇ ਪਹਿਲਾਂ ਤਾਂ ਗੱਡੀ ਪੁਲਿਸ ’ਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲਿਸ ਨੇ ਬੈਰੀਕੇਡ ਲਗਾ ਕੇ ਗੱਡੀ ਰੋਕ ਲਈ ਅਤੇ ਡਰਾਇਵਰ ਅਤੇ ਉਸ ਦੇ ਨਾਲ ਬੈਠੇ ਨੌਜਵਾਨ ਨੇ ਪੁਲਿਸ ਪਾਰਟੀ ’ਤੇ ਪਿਸਤੌਲ ਤਾਣ ਲਈ ਅਤੇ ਪਿੱਛੇ ਬੈਠੇ ਨੌਜਵਾਨ ਨੇ ਆਪਣੇ ਹੱਥ ’ਚ ਹੈਂਡ ਗਰਨੇਡ ਫੜ ਲਿਆ।

ਚੰਗੀ ਗੱਲ ਇਹ ਰਹੀ ਕਿ  ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਤਿੰਨਾਂ ਨੌਜਵਾਨਾਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਸਤ ਕੀਤੀ ਹੈ। ਪੁਲਿਸ ਨੇ ਪ੍ਰੈਸ ਕਾਨਫਰੰਸ ਕਰ ਕੇ ਇਸ ਮਾਮਲੇ ਬਾਰੇ ਜਾਣਕਾਰੀ ਦਿਤੀ ਹੈ। ਐੱਸ. ਐੱਸ. ਪੀ. ਮੋਗਾ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਦੇ ਕੈਨੇਡਾ ਬੈਠੇ ਗੈਂਗਸਟਰ ਅਰਸ਼ਦੀਪ ਸਿੰਘ ਡਾਲਾ ਉਰਫ਼ ਅਰਸ਼ ਡਾਲਾ ਦੇ ਸਬੰਧ ਹਨ।

ਇਸ ਦੌਰਾਨ ਜਦੋਂ ਪੁਲਸ ਨੇ ਉਨ੍ਹਾਂ ਦੀ ਗੱਡੀ ਦੀ ਤਲਾਸ਼ੀ ਲਈ ਤਾਂ ਗੱਡੀ ਵਿਚੋਂ 2 ਗ੍ਰਨੇਡ, 2 ਪਿਸਤੌਲ, 3 ਮੈਗਜ਼ੀਨ ਅਤੇ 18 ਜ਼ਿੰਦਾ ਕਾਰਤੂਸ ਬਰਾਮਦ ਹੋਏ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਤਿੰਨੇ ਮੁਲਜ਼ਮ ਕਿਸੇ ਧਾਰਮਿਕ ਸਥਾਨ ਨੂੰ ਨਿਸ਼ਾਨਾ ਬਨਾਉਣ ਦੀ ਫਿਰਾਕ ਵਿਚ ਸਨ।  ਜਾਣਕਾਰੀ ਅਨੁਸਾਰ ਤਿੰਨਾਂ ਨੌਜਵਾਨਾਂ ਦੀ ਉਮਰ 25 ਤੋਂ 28 ਸਾਲ ਦੀ ਹੈ।  

ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਭਿੱਖੀਵਿੰਡ ਵਿਚ ਮਿਲੇ ਟਿਫਨ ਬੰਬ ਸਮੇਤ ਹੋਰ ਅਸਲ ਬਰਾਮਦ ਹੋਇਆ ਸੀ ਅਤੇ ਇੱਕ ਪਰਚਾ ਵੀ ਦਰਜ ਕੀਤਾ ਗਿਆ ਸੀ ਜਿਸ ਵਿਚ ਇਕ ਮੁਲਜ਼ਮ ਗੁਰਪ੍ਰੀਤ ਸਿੰਘ ਸਿੱਧੂ ਉਰਫ਼ ਗੋਪੀ ਸਿੱਧੂ ਪਹਿਲਾਂ ਤੋਂ ਹੀ ਨਾਮਜ਼ਦ ਹੈ, ਇਸ ਤੋਂ ਇਲਾਵਾ ਵਰਿੰਦਰ ਅਤੇ ਬਲਜੀਤ ਸਿੰਘ ਨੂੰ ਗੋਪੀ ਦੇ ਨਾਲ ਹੀ ਅੱਜ ਕਾਬੂ ਕੀਤਾ ਹੈ ਅਤੇ ਇਨ੍ਹਾਂ ਤਿੰਨਾਂ ’ਤੇ ਮਾਮਲਾ ਦਰਜ ਕਰਕੇ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਜਿੱਥੋਂ ਇਨ੍ਹਾਂ ਦੇ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਨ੍ਹਾਂ ਨੇ ਕਿੱਥੇ ਵਾਰਦਾਤ ਕਰਨੀ ਸੀ ਅਤੇ ਇਨ੍ਹਾਂ ਦੇ ਹੋਰ ਮਨਸੂਬੇ ਕੀ ਸਨ।